ਸੰਸਾਰ
ਹਵਾਈ ਫ਼ੌਜ ਮੁਖੀ ਵਲੋਂ ਅਮਰੀਕੀ ਹਮਰੁਤਬਾ ਨਾਲ ਰੱਖਿਆ ਸੰਬੰਧਾਂ 'ਤੇ ਚਰਚਾ
ਵਾਸ਼ਿੰਗਟਨ -ਭਾਰਤੀ ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਨੇ ਕਿਹਾ ਕਿ ਇਥੇ ਅਮਰੀਕੀ ਹਵਾਈ ਫ਼ੌਜ ਦੇ ਚੀਫ਼ ਆਫ਼ ਸਟਾਫ਼ ਜਨਰਲ ਕੇਨੇਥ ਵਿਲਸਬੈਕ ਨਾਲ ਗੱਲਬਾਤ ਕੀਤੀ, ਤਾਂ ਕਿ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਤੇ ਵਧਦੀ ਭਾਈਵਾਲੀ ਨੂੰ ਬੜਾਵਾ ਦੇਣ ਵਾਲੀਆਂ ਸਾਂਝੀਆਂ ਪਹਿਲਕਦਮੀਆਂ ਨੂੰ ਅੱਗੇ ਵਧਾਇਆ ਜਾ ਸਕੇ | ਹਵਾਈ ਫ਼ੌਜ ਮੁਖੀ ਦਾ 8 ਅਪ੍ਰੈਲ ਨੂੰ ਇਥੇ ਜਾਇੰਟ ਬੇਸ ਐਨਾਕੋਸਟੀਆ-ਬੋਲਿੰਗ 'ਚ ਪੂਰੇ ਸਨਮਾਨ ਨਾਲ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੇ ਪੈਂਟਾਗਨ 'ਚ ਹਵਾਈ ਸੈਨਾ ਦੇ ਸਕੱਤਰ ਟਰਾਏ ਮਿੰਕ ਤੇ ਵਿਲਸਬੈਕ ਨਾਲ ਮੁਲਾਕਾਤ ਕੀਤੀ | ਅਧਿਕਾਰੀਆਂ ਨੇ ਦੱਸਿਆ ਕਿ ਏ.ਪੀ. ਸਿੰਘ ਕੋਲੋਰਾਡੋ 'ਚ ਪੀਟਰਸਨ ਸਪੇਸ ਫੋਰਸ ਬੇਸ 'ਤੇ ਵੀ ਗਏ | ਉਥੇ ਉਨ੍ਹਾਂ ਨੂੰ ਉਤਰੀ ਅਮਰੀਕਾ ਲਈ ਏਅਰੋਸਪੇਸ ਚਿਤਾਵਨੀ, ਏਅਰੋਸਪੇਸ ਕੰਟਰੋਲ ਤੇ ਸਮੁੰਦਰੀ ਚਿਤਾਵਨੀ ਨਾਲ ਜੁੜੇ, ਦੋਵਾਂ ਦੇਸ਼ਾਂ ਦੇ ਸਾਂਝੇ 'ਉਤਰੀ ਅਮਰੀਕੀ ਏਅਰੋਸਪੇਸ ਰੱਖਿਆ ਕਮਾਨ' ਮਿਸ਼ਨ ਬਾਰੇ ਜਾਣਕਾਰੀ ਦਿੱਤੀ ਗਈ | ਅਮਰੀਕੀ ਹਵਾਈ ਫ਼ੌਜ ਅਨੁਸਾਰ ਉਨ੍ਹਾਂ ਨੇਵਾਦਾ 'ਚ ਨੇਲਿਸ ਏਅਰ ਫੋਰਸ ਬੇਸ ਦਾ ਦੌਰਾ ਵੀ ਕੀਤਾ | ਬਿਆਨ 'ਚ ਏ.ਪੀ. ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਮੌਕੇ ਸਾਡੀ ਸਾਂਝੀ ਕਾਰਜਸਮਰੱਥਾ ਨੂੰ ਵਧਾਉਣ ਤੇ ਸਾਡੀਆਂ ਹਵਾਈ ਫ਼ੌਜਾਂ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹਨ | ਸੀਨੀਅਰ ਅਧਿਕਾਰੀਆਂ ਨੇ ਇਕ ਆਜ਼ਾਦ, ਖੁੱਲੇ, ਸ਼ਾਂਤੀਪੂਰਨ ਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਯਕੀਨੀ ਕਰਨ 'ਚ ਇਸ ਸਾਂਝੇਦਾਰੀ ਦੀ ਕੇਂਦਰੀ ਭੂਮਿਕਾ ਦੀ ਅਗਵਾਈ ਕੀਤੀ | ਵਿਲਸਬੈਕ ਨੇ ਭਾਰਤ ਦੀ ਅਗਵਾਈ ਤੇ ਸਮਾਨ ਵਿਚਾਰਧਾਰਾ ਵਾਲੇ ਸਾਂਝੇਦਾਰਾਂ ਨਾਲ ਬਹੁ-ਪੱਖੀ ਅਭਿਆਸਾਂ 'ਚ ਉਨ੍ਹਾਂ ਦੀ ਸਾਂਝੇਦਾਰੀ ਦੀ ਸ਼ਲਾਘਾ ਕੀਤੀ |