IMG-LOGO
Home News index.html
ਪੰਜਾਬ

ਅੰਮਿ੍ਤਪਾਲ ਸਿੰਘ ਮਹਿਰੋਂ ਨੂੰ ਗਿ੍ਫ਼ਤਾਰ ਕਰਕੇ ਯੂ.ਏ.ਈ. ਤੋਂ ਬਠਿੰਡਾ ਲਿਆਂਦਾ

by Admin - 2026-04-10 22:52:17 0 Views 0 Comment
IMG
ਬਠਿੰਡਾ - ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਵਾਸੀ ਲੁਧਿਆਣਾ ਦੀ ਹੱਤਿਆ ਮਾਮਲੇ 'ਚ ਬਠਿੰਡਾ ਪੁਲਿਸ ਨੇ ਮੁੱਖ ਸਾਜਿਸ਼ਘਾੜੇ ਅੰਮਿ੍ਤਪਾਲ ਸਿੰਘ ਮਹਿਰੋਂ ਨੂੰ ਕਰੀਬ 10 ਮਹੀਨਿਆਂ ਤੋਂ ਬਾਅਦ ਗਿ੍ਫ਼ਤਾਰ ਕੀਤਾ ਹੈ | ਉਹ ਹੱਤਿਆ ਕਰਨ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਭੱਜ ਗਿਆ ਸੀ, ਜਿਥੇ ਵੀਜ਼ੇ ਦੇ ਮਾਮਲੇ 'ਚ ਦੁਬਈ ਪੁਲਿਸ ਨੇ ਜਨਵਰੀ ਮਹੀਨੇ ਵਿਚ ਉਸ ਨੂੰ ਹਿਰਾਸਤ ਵਿਚ ਲੈ ਲਿਆ ਸੀ ਤੇ ਹੁਣ ਉਸ ਨੂੰ ਪੰਜਾਬ ਪੁਲਿਸ ਵਲੋਂ ਪੰਜਾਬ (ਭਾਰਤ) ਲਿਆਂਦਾ ਗਿਆ ਹੈ | ਬਠਿੰਡਾ ਪੁਲਿਸ ਨੇ ਉਸ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਆਪਣੀ ਹਿਰਾਸਤ 'ਚ ਲੈਂਦਿਆਂ ਉਸ ਦੀ ਉਕਤ ਮੁਕੱਦਮੇ 'ਚ ਗਿ੍ਫ਼ਤਾਰੀ ਪਾ ਦਿੱਤੀ ਹੈ | ਮਹਿਰੋਂ ਨੂੰ ਗਿ੍ਫ਼ਤਾਰ ਕਰਨ ਵਾਲੀ ਟੀਮ ਦੀ ਅਗਵਾਈ ਕਰ ਰਹੇ ਬਠਿੰਡਾ ਦੇ ਡੀ.ਐੱਸ.ਪੀ. ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਕੰਚਨ ਕੁਮਾਰੀ ਦੀ ਹੱਤਿਆ ਕਰਨ ਬਾਅਦ ਮਹਿਰੋਂ ਦੇ ਵਿਦੇਸ਼ ਭੱਜਣ ਦੇ ਤੁਰੰਤ ਬਾਅਦ ਤੋਂ ਹੀ ਉਸ ਦੀ ਗਿ੍ਫ਼ਤਾਰੀ ਦੇ ਯਤਨ ਜਾਰੀ ਸਨ, ਜਿਸ ਦੇ ਚੱਲਦਿਆਂ ਉਸ ਨੂੰ ਪੰਜਾਬ ਪੁਲਿਸ ਦੇ ਕਾਉਂਟਰ ਇੰਟੈਲੀਜੈਂਸ ਵਿੰਗ ਦੇ ਵਿਦੇਸ਼ੀ ਭਗੌੜਾ ਟਰੈਕਿੰਗ ਅਤੇ ਹਵਾਲਗੀ ਸੈੱਲ (ਆਫਟੈੱਕ) ਰਾਹੀਂ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮਹਿਰੋਂ ਨੂੰ ਜਨਵਰੀ 'ਚ ਸ਼ਾਰਜਾਹ ਪੁਲਿਸ ਨੇ ਵੀਜ਼ਾ ਨਾਲ ਸੰਬੰਧਿਤ ਮਾਮਲੇ ਵਿਚ ਪੁੱਛਗਿੱਛ ਦੌਰਾਨ ਹਿਰਾਸਤ ਵਿਚ ਲੈ ਲਿਆ ਸੀ, ਜਿਸ ਨੂੰ ਭਾਰਤ ਭੇਜਣ ਲਈ ਦੋ-ਢਾਈ ਮਹੀਨੇ ਦਾ ਸਮਾਂ ਲੱਗਿਆ ਹੈ | ਉਨ੍ਹਾਂ ਕਿਹਾ ਕਿ ਮਹਿਰੋਂ ਨੂੰ ਬਠਿੰਡਾ ਅਦਾਲਤ 'ਚ ਪੇਸ਼ ਕਰਕੇ ਉਸ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਭਾਸ਼ਾ ਵਰਤਣ ਵਾਲੀ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦਾ 10-11 ਜੂਨ 2025 ਨੂੰ ਕਤਲ ਕਰਨ ਬਾਅਦ ਉਸ ਦੀ ਲਾਸ਼ ਨੂੰ ਉਸੇ ਦੀ ਗੱਡੀ 'ਚ ਪਾ ਕੇ ਬਠਿੰਡਾ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਕਾਰ ਪਾਰਕਿੰਗ ਵਿਚ ਛੱਡ ਦਿੱਤਾ ਗਿਆ ਸੀ, ਜਿੱਥੋਂ ਬਠਿੰਡਾ ਪੁਲਿਸ ਨੇ ਇਹ ਲਾਸ਼ ਬਰਾਮਦ ਕੀਤੀ ਸੀ | ਇਸ ਮਾਮਲੇ ਸੰਬੰਧੀ ਅੰਮਿ੍ਤਪਾਲ ਸਿੰਘ ਮਹਿਰੋਂ ਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ, ਨਿਮਰਤਜੀਤ ਸਿੰਘ ਤੇ ਰਣਜੀਤ ਸਿੰਘ ਸਮੇਤ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਕੈਂਟ 'ਚ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਜਸਪ੍ਰੀਤ ਸਿੰਘ, ਨਿਮਰਤਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਸੀ |

Leave a Comment

Your email address will not be published. Required fields are marked *