IMG-LOGO
Home News index.html
ਦੇਸ਼

ਇਸਲਾਮਾਬਾਦ 'ਚ ਸ਼ਾਂਤੀ ਗੱਲਬਾਤ ਨੂੰ ਲੈ ਕੇ ਬਣੀ ਅਨਿਸਚਿਤਤਾ

by Admin - 2026-04-10 22:46:58 0 Views 0 Comment
IMG
ਅਮਰੀਕੀ ਉਪ ਰਾਸ਼ਟਰਪਤੀ ਵੈਂਸ ਪਾਕਿ ਲਈ ਰਵਾਨਾ, ਈਰਾਨੀ ਵਿਦੇਸ਼ ਮੰਤਰੀ ਤੇ ਸੰਸਦ ਸਪੀਕਰ ਦੋਵੇਂ ਤਹਿਰਾਨ 'ਚ ਮੌਜੂਦ ਅੰਮਿ੍ਤਸਰ - ਈਰਾਨ ਅਤੇ ਅਮਰੀਕਾ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਗੱਲਬਾਤ ਲਈ ਇਕ ਮਹੱਤਵਪੂਰਨ ਮੀਟਿੰਗ ਇਸਲਾਮਾਬਾਦ 'ਚ ਹੋਣ ਵਾਲੀ ਹੈ | ਹਾਲਾਂਕਿ, ਮੀਟਿੰਗ ਤੋਂ ਪਹਿਲਾਂ ਅਨਿਸ਼ਚਿਤਤਾ ਬਣੀ ਹੋਈ ਹੈ, ਕਿਉਂਕਿ ਈਰਾਨੀ ਵਫ਼ਦ ਅਜੇ ਤੱਕ ਪਾਕਿਸਤਾਨ ਨਹੀਂ ਪਹੁੰਚਿਆ ਹੈ ਅਤੇ ਪਾਕਿ ਵਲੋਂ ਈਰਾਨੀ ਵਫ਼ਦ ਦੇ ਦੇਰ ਸ਼ਾਮ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਰਿਪੋਰਟਾਂ ਅਨੁਸਾਰ ਈਰਾਨ ਲਿਬਨਾਨ 'ਚ ਜਾਰੀ ਇਜ਼ਰਾਈਲੀ ਹਮਲਿਆਂ ਤੋਂ ਨਾਰਾਜ਼ ਹੈ ਅਤੇ ਉਸ ਨੇ ਗੱਲਬਾਤ 'ਤੇ ਸਖ਼ਤ ਰੁਖ਼ ਅਪਣਾਇਆ ਹੈ | ਦੱਸਿਆ ਜਾ ਰਿਹਾ ਹੈ ਕਿ ਈਰਾਨ ਨੇ ਉਨ੍ਹਾਂ ਕੌਮਾਂਤਰੀ ਮੀਡੀਆ ਰਿਪੋਰਟਾਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ, ਜਿਨ੍ਹਾਂ 'ਚ ਇਹ ਦਾਅਵਾ ਕੀਤਾ ਗਿਆ ਸੀ ਕਿ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਅਤੇ ਸੰਸਦ ਸਪੀਕਰ ਗਾਲਿਬਾਫ ਅਮਰੀਕਾ ਨਾਲ ਗੱਲਬਾਤ ਲਈ ਪਾਕਿ ਪਹੁੰਚੇ ਹਨ | ਈਰਾਨ ਨੇ ਸਪਸ਼ਟ ਕੀਤਾ ਹੈ ਕਿ ਇਹ ਸਾਰੇ ਦਾਅਵੇ ਪੂਰੀ ਤਰ੍ਹਾਂ ਝੂਠੇ ਅਤੇ ਗੁੰਮਰਾਹਕੁੰਨ ਹਨ | ਈਰਾਨੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ ਨਾ ਤਾਂ ਵਿਦੇਸ਼ ਮੰਤਰੀ ਅਤੇ ਨਾ ਹੀ ਸੰਸਦ ਦੇ ਸਪੀਕਰ ਦੇਸ਼ ਛੱਡ ਕੇ ਗਏ ਹਨ | ਦੋਵੇਂ ਨੇਤਾ ਅਜੇ ਵੀ ਤਹਿਰਾਨ 'ਚ ਹਨ ਅਤੇ ਕੌਮੀ ਮਾਮਲਿਆਂ 'ਚ ਸਰਗਰਮੀ ਨਾਲ ਰੁੱਝੇ ਹੋਏ ਹਨ | ਕੁਝ ਰਿਪੋਰਟਾਂ ਅਨੁਸਾਰ ਲਿਬਨਾਨ 'ਚ ਚੱਲ ਰਹੇ ਤਣਾਅ ਕਾਰਨ ਈਰਾਨੀ ਵਫ਼ਦ ਦਾ ਦੌਰਾ ਟਲ ਗਿਆ ਹੈ | ਹਾਲਾਂਕਿ, ਪਾਕਿ ਅਤੇ ਅਮਰੀਕਾ ਦੋਵੇਂ ਮੀਟਿੰਗ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਜ਼ਮੀਨੀ ਸਥਿਤੀ ਗੁੰਝਲਦਾਰ ਬਣੀ ਹੋਈ ਹੈ | ਇਸ ਦੌਰਾਨ ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਪੱਛਮੀ ਏਸ਼ੀਆ 'ਚ ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਇਕ ਮਹੱਤਵਪੂਰਨ ਕੂਟਨੀਤਕ ਯਤਨ 'ਚ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਲਈ ਰਵਾਨਾ ਹੋਏ | ਅਮਰੀਕਾ ਤੋਂ ਰਵਾਨਾ ਹੋਣ ਸਮੇਂ ਉਨ੍ਹਾਂ ਨੇ ਈਰਾਨ ਨੂੰ ਇਮਾਨਦਾਰੀ ਨਾਲ ਗੱਲਬਾਤ ਕਰਨ ਅਤੇ ਕੋਈ ਖੇਡ ਨਾ ਖੇਡਣ ਦੀ ਅਪੀਲ ਕੀਤੀ | ਵੈਂਸ ਨੇ ਕਿਹਾ ਕਿ ਜੇਕਰ ਤਹਿਰਾਨ ਨੇਕਨੀਤੀ ਨਾਲ ਗੱਲਬਾਤ ਕਰਦਾ ਹੈ ਤਾਂ ਅਮਰੀਕਾ ਖੁੱਲ੍ਹੀ ਗੱਲਬਾਤ ਲਈ ਤਿਆਰ ਹੈ | ਹਾਲਾਂਕਿ, ਜੇਕਰ ਤਹਿਰਾਨ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਮਰੀਕੀ ਟੀਮ ਸਖ਼ਤ ਰੁਖ਼ ਅਪਣਾਏਗੀ | ਮੀਡੀਆ ਰਿਪੋਰਟਾਂ ਅਨੁਸਾਰ ਇਹ ਮੀਟਿੰਗ 11 ਅਪ੍ਰੈਲ ਦਿਨ ਸਨਿਚਰਵਾਰ ਨੂੰ ਹੋਣ ਵਾਲੀ ਹੈ | ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਂਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਨ੍ਹਾਂ ਦੇ ਨਾਲ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਤੇ ਰਾਸ਼ਟਰਪਤੀ ਸਲਾਹਕਾਰ ਜੈਰੇਡ ਕੁਸ਼ਨਰ ਵੀ ਹਨ | ਇਹ ਕਦਮ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਯੁੱਧ ਨੂੰ ਲੈ ਕੇ ਰਾਜਨੀਤਿਕ ਅਤੇ ਆਰਥਿਕ ਦਬਾਅ ਲਗਾਤਾਰ ਵਧ ਰਿਹਾ ਹੈ | ਹਾਲ ਹੀ 'ਚ ਐਲਾਨੀ ਗਈ ਅਸਥਾਈ ਜੰਗਬੰਦੀ ਤੋਂ ਬਾਅਦ ਵੀ ਸਥਿਤੀ ਸ਼ਾਂਤ ਨਹੀਂ ਹੋਈ ਹੈ | ਸਮਝੌਤੇ ਦੀਆਂ ਸ਼ਰਤਾਂ ਨੂੰ ਲੈ ਕੇ ਈਰਾਨ ਅਤੇ ਅਮਰੀਕਾ-ਇਜ਼ਰਾਈਲ ਸਮਰਥਿਤ ਧਿਰਾਂ ਵਿਚਕਾਰ ਡੂੰਘੇ ਮਤਭੇਦ ਉੱਭਰ ਕੇ ਸਾਹਮਣੇ ਆਏ ਹਨ | ਈਰਾਨ ਦਾ ਕਹਿਣਾ ਹੈ ਕਿ ਜੰਗਬੰਦੀ 'ਚ ਲਿਬਨਾਨ ਵਿਚ ਚੱਲ ਰਹੇ ਟਕਰਾਅ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ, ਜਦੋਂਕਿ ਅਮਰੀਕਾ ਅਤੇ ਇਜ਼ਰਾਈਲ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ | ਇਸ ਨਾਲ ਖੇਤਰ 'ਚ ਤਣਾਅ ਫਿਰ ਤੋਂ ਵਧ ਗਿਆ ਹੈ | ਇਸ ਤੋਂ ਇਲਾਵਾ ਅਮਰੀਕਾ ਨੇ ਮੰਗ ਕੀਤੀ ਹੈ ਕਿ ਈਰਾਨ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਪੂਰੀ ਤਰ੍ਹਾਂ ਦੁਬਾਰਾ ਖੋਲ੍ਹੇ, ਜਿਸ ਨੂੰ ਵਿਸ਼ਵ-ਵਿਆਪੀ ਤੇਲ ਸਪਲਾਈ ਲਈ ਇਕ ਮਹੱਤਵਪੂਰਨ ਰਸਤਾ ਮੰਨਿਆ ਜਾਂਦਾ ਹੈ | ਈਰਾਨ ਨੇ ਪਹਿਲਾਂ ਇਜ਼ਰਾਈਲੀ ਫ਼ੌਜੀ ਕਾਰਵਾਈ ਦੇ ਜਵਾਬ 'ਚ ਇਸ ਰਸਤੇ ਨੂੰ ਸੀਮਤ ਕਰ ਦਿੱਤਾ ਸੀ | ਅਮਰੀਕਾ ਅਤੇ ਈਰਾਨ ਵਿਚਕਾਰ ਹੋਣ ਵਾਲੀ ਮਹੱਤਵਪੂਰਨ ਸ਼ਾਂਤੀ ਗੱਲਬਾਤ ਤੋਂ ਪਹਿਲਾਂ ਪਾਕਿ ਦੀ ਰਾਜਧਾਨੀ ਇਸਲਾਮਾਬਾਦ 'ਚ ਸੁਰੱਖਿਆ ਨੂੰ ਬੇਮਿਸਾਲ ਪੱਧਰ ਤੱਕ ਮਜ਼ਬੂਤ ਕਰ ਦਿੱਤਾ ਗਿਆ ਹੈ | ਪਾਕਿ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਸੁਰੱਖਿਆ 'ਚ ਕੋਈ ਵੀ ਕਮੀ ਨਾ ਹੋਵੇ | ਅਮਰੀਕਾ ਅਤੇ ਈਰਾਨੀ ਵਫ਼ਦਾਂ ਦੇ ਆਉਣ ਤੋਂ ਪਹਿਲਾਂ ਇਸਲਾਮਾਬਾਦ 'ਚ 10,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ | ਰੈੱਡ ਜ਼ੋਨ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਗ੍ਰਹਿ ਮੰਤਰਾਲੇ 'ਚ ਇਕ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜੋ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਿਹਾ ਹੈ | ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਇਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਦੋਂਕਿ ਪ੍ਰਵੇਸ਼ ਅਤੇ ਨਿਕਾਸ ਸਥਾਨਾਂ 'ਤੇ ਵਿਸ਼ੇਸ਼ ਜਾਂਚ ਵੀ ਸ਼ੁਰੂ ਕੀਤੀ ਗਈ ਹੈ | ਪੁਲਿਸ ਅਤੇ ਸੁਰੱਖਿਆ ਏਜੰਸੀਆਂ ਲਗਾਤਾਰ ਗਸ਼ਤ ਕਰ ਰਹੀਆਂ ਹਨ |

Leave a Comment

Your email address will not be published. Required fields are marked *