IMG-LOGO
Home News index.html
ਪੰਜਾਬ

ਸਵਾ ਲਾਖ ਸੇ ਏਕ ਲੜਾਊਂ: ਸਾਕਾ ਚਮਕੌਰ ਸਾਹਿਬ

by Admin - 2025-12-24 09:54:37 0 Views 0 Comment
IMG
ਸ੍ਰੀ ਆਨੰਦਪੁਰ ਸਾਹਿਬ ’ਤੇ 1704 ਈ. ਤੱਕ ਜ਼ਾਲਮ ਸਰਕਾਰ ਨੇ ਕਈ ਹਮਲੇ ਕੀਤੇ। ਸ੍ਰੀ ਆਨੰਦਪੁਰ ਸਾਹਿਬ ਦੀ ਆਖਰੀ ਜੰਗ 1704 ਈ. ਵਿੱਚ ਹੋਈ, ਜਦੋਂ ਗੁਰੂ ਜੀ ਨੂੰ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਛੱਡਣਾ ਪਿਆ। ਗੁਰੂ ਜੀ ਦਾ ਪਰਿਵਾਰ ਨਾਲੋਂ ਤੇ ਸਿੱਖਾਂ ਨਾਲੋਂ ਸਰਸਾ ਕੰਢੇ ਵਿਛੋੜਾ ਪਿਆ। ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਘਰੋਂ ਬੇਘਰ ਹੋਏ ਗੁਰੂ ਤੇ ਸਿੱਖਾਂ ’ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ। ਗੁਰੂ ਜੀ ਨੇ ਸਰਸਾ ਕੰਢੇ ਤੋਂ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਨੂੰ ਭਾਈ ਮਨੀ ਸਿੰਘ ਨਾਲ ਦਿੱਲੀ ਵੱਲ ਭੇਜ ਦਿੱਤਾ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ, ਜੋ ਗੁਰੂ ਘਰ ਦਾ ਰਸੋਈਆ ਸੀ, ਆਪਣੇ ਨਾਲ ਆਪਣੇ ਪਿੰਡ ਖੇੜੀ (ਸਹੇੜੀ) ਲੈ ਗਿਆ। ਗੁਰੂ ਗੋਬਿੰਦ ਸਿੰਘ ਦੋ ਵੱਡੇ ਸਾਹਿਬਜ਼ਾਦਿਆਂ ਤੇ ਚਾਲੀ ਕੁ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਪੁੱਜ ਗਏ। ਇਹ ਚਮਕੌਰ ਦੀ ਗੜ੍ਹੀ ਇੱਕ ਚੌਧਰੀ ਦੀ ਸੀ। ਮੁਗਲ ਫੌਜਾਂ ਪਿੱਛੇ ਚੜ੍ਹੀਆਂ ਆ ਰਹੀਆਂ ਸਨ। ਇਸ ਲਈ ਗੁਰੂ ਜੀ ਨੂੰ ਵੱਡੇ ਸਾਹਿਬਜ਼ਾਦਿਆਂ ਤੇ ਚਾਲੀ ਸਿੰਘਾਂ ਸਮੇਤ ਇਸ ਕੱਚੀ ਗੜ੍ਹੀ ਵਿੱਚ ਟਿਕਾਣਾ ਕਰਨਾ ਪਿਆ। ਮੁਗਲ ਫੌਜਾਂ ਨੇ ਘੇਰਾ ਪਾ ਲਿਆ। ਨਵਾਬ ਸ਼ੇਰ ਮੁਹੰਮਦ ਖਾਨ ਨੇ ਇਹ ਐਲਾਨ ਕਰਵਾ ਦਿੱਤਾ ਕਿ ਸਾਰੇ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਓ ਨਹੀਂ ਤਾਂ ਮਾਰ ਦਿੱਤੇ ਜਾਓਗੇ। ਇਸ ਦਾ ਮੋੜਵਾਂ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ ਤੀਰਾਂ ਦੀ ਵਾਛੜ ਕਰ ਕੇ ਦਿੱਤਾ। ਇਤਿਹਾਸ ਦੱਸਦਾ ਹੈ ਕਿ ਗੁਰੂ ਜੀ ਅਤੇ ਚਾਲੀ ਸਿੰਘਾਂ ਨੂੰ ਦਸ ਲੱਖ ਦੀ ਫੌਜ ਨੇ ਘੇਰਾ ਪਾ ਰੱਖਿਆ ਸੀ। ਯੁੱਧ ਸ਼ੁਰੂ ਹੋ ਗਿਆ। ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਉਹ ਸਾਹਿਬਜ਼ਾਦਿਆਂ ਨੂੰ ਲੈ ਕੇ ਚਲੇ ਜਾਣ। ਉਹ ਇਸ ਫੌਜ ਦਾ ਮੁਕਾਬਲਾ ਕਰਨਗੇ। ਸਿੰਘਾਂ ਦੀ ਬੇਨਤੀ ਦੇ ਜਵਾਬ ਵਿੱਚ ਗੁਰੂ ਗੋਬਿੰਦ ਸਿੰਘ ਨੇ ਸਪੱਸ਼ਟ ਕੀਤਾ ਕਿ ਸਿਰਫ ਇਹ ਦੋਵੇਂ ਹੀ ਨਹੀਂ, ਸਗੋਂ ਸਮੁੱਚਾ ਖਾਲਸਾ ਪੰਥ ਹੀ ਉਨ੍ਹਾਂ ਦੇ ਸਾਹਿਬਜ਼ਾਦਿਆਂ ਵਾਂਗ ਹੈ। ਗੁਰੂ ਪਾਤਸ਼ਾਹ ਦੇ ਇਹ ਬਚਨ ਸੁਣ ਕੇ ਸਿੰਘ ਚੁੱਪ ਹੋ ਗਏ। ਬਾਬਾ ਅਜੀਤ ਸਿੰਘ ਨੇ ਗੁਰੂ ਪਿਤਾ ਕੋਲੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ। ਸਾਹਿਬਜ਼ਾਦਾ ਅਜੀਤ ਸਿੰਘ ਨਾਲ ਗੁਰੂ ਜੀ ਨੇ ਅੱਠ ਸਿੰਘ, ਜਿਨ੍ਹਾਂ ਵਿੱਚ ਭਾਈ ਮੋਹਕਮ ਸਿੰਘ, ਭਾਈ ਈਸ਼ਰ ਸਿੰਘ, ਭਾਈ ਲਾਲ ਸਿੰਘ, ਭਾਈ ਨੰਦ ਸਿੰਘ, ਭਾਈ ਕੇਸਰ ਸਿੰਘ, ਭਾਈ ਦੇਵਾ ਸਿੰਘ, ਭਾਈ ਕੀਰਤੀ ਸਿੰਘ ਤੇ ਭਾਈ ਮੋਹਰ ਸਿੰਘ ਸ਼ਾਮਲ ਸਨ, ਜੰਗ ਕਰਨ ਲਈ ਨਾਲ ਭੇਜੇ। ਅਜੀਤ ਸਿੰਘ ਦੀ ਉਮਰ ਉਸ ਵੇਲੇ 17 ਸਾਲ 11 ਮਹੀਨੇ ਤੇ 15 ਦਿਨ ਦੀ ਸੀ। ਤਾਹਿ ਸਮੈ ਕਾਰਨ ਕਰਨ ਲੀਨੋ ਸਿੰਘ ਬੁਲਾਇ। ਕਹੀ ਸਿੰਘ ਰਣਜੀਤ ਮੋ ਦੂਤਨ ਦੇਹੁ ਸਜਾਇ। ਬਿਨਉ ਕਰੀ ਕਰ ਜੋਰਿ ਕੈ ਖੁਸ਼ੀ ਕਰਉ ਕਰਤਾਰ। ਕਰਉ ਬੀਰ ਸੰਗ੍ਰਾਮ ਮੈ ਦੇਖਉ ਆਪਿ ਨਿਹਾਰ। (ਸ੍ਰੀ ਗੁਰੂ ਸੋਭਾ) ਬਾਬਾ ਅਜੀਤ ਸਿੰਘ, ਸਿੰਘਾਂ ਸਮੇਤ ਹਵੇਲੀ ਦਾ ਦਰਵਾਜ਼ਾ ਖੁੱਲ੍ਹਣ ’ਤੇ ਜੈਕਾਰੇ ਲਾਉਂਦੇ ਹੋਏ ਬਾਹਰ ਨਿਕਲੇ। ਉਨ੍ਹਾਂ ਨੇ ਵੈਰੀਆਂ ’ਤੇ ਹਮਲਾ ਕਰਕੇ ਵੈਰੀ ਨੂੰ ਚਨੇ ਚਬਾ ਛੱਡੇ। ਵੈਰੀ ਕੰਬ ਉੱਠੇ। ਗੁਰੂ ਪਾਤਸ਼ਾਹ ਮੰਮਟੀ ’ਤੇ ਬੈਠ ਕੇ ਯੁੱਧ ਦਾ ਨਜ਼ਾਰਾ ਦੇਖ ਰਹੇ ਸਨ। ਉਸ ਵੇਲੇ ਦਾ ਨਜ਼ਾਰਾ ਕਵੀ ਸੈਨਾਪਤਿ ਲਿਖਦਾ ਹੈ: ਕਰੀ ਅਵਾਜ਼, ਅਬ ਆਉ ਅਰਮਾਨ ਜਿਹ, ਸਕਲ ਦਲ ਦੇਖਿ ਦਉਰੇ ਅਪਾਰੋ। ਘੇਰ ਚਹੂੰ ਦਿਸ ਲਿਯੋ ਆਨਿ ਤੁਰਕਾਨ ਨੇ, ਕਰਤ ਸੰਗ੍ਰਾਮ ਰਣਜੀਤ ਭਾਰੋ। ਭਾਵ ਕਿ ਕਈ ਵੈਰੀ ਭੱਜ-ਭੱਜ ਕੇ ਸਾਹਮਣੇ ਆਏ। ਕਾਫੀ ਦੇਰ ਟਾਕਰਾ ਹੁੰਦਾ ਰਿਹਾ। ਬਾਬਾ ਅਜੀਤ ਸਿੰਘ ਦੇ ਤੀਰ ਮੁੱਕ ਗਏ। ਫਿਰ ਨੇਜ਼ਾ ਸੰਭਾਲ ਲਿਆ। ਨੇਜ਼ਾ ਸੰਜੋਅ ਵਿੱਚ ਅੜ ਗਿਆ। ਜਦ ਜ਼ੋਰ ਨਾਲ ਖਿੱਚਿਆ ਤਾਂ ਨੇਜ਼ਾ ਟੁੱਟ ਗਿਆ। ਅਜੀਤ ਸਿੰਘ ਨੇ ਤਲਵਾਰ ਸੰਭਾਲ ਲਈ ਤੇ ਘੋੜਾ ਦੁੜਾ ਕੇ ਦੁਸ਼ਮਣ ਦੇ ਝੁੰਡ ਵਿੱਚ ਵੜ ਗਏ। ਉਸ ਵੇਲੇ ਦਾ ਦ੍ਰਿਸ਼ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ: ਗੁਰ ਬਾਲਕ ਰੂਪ ਅਨੂਪਮ ਅੰਗਨ ਪੇਖ ਅਨੰਦ ਸੁ ਲਾਜੈ। ਅਤਿ ਛੈਲ ਛਬੀਲੇ ਛਟੋ ਛਪ ਛੁੰਗਨ ਛੋਭ ਛਕੈ ਛਿ ਛਤ੍ਰੀ ਛਿਤ ਛਾਜੈ। ਰਖ ਤਾਲਕ ਖਾਲਕ ਮਾਲਕ ਸੋ, ਅਰਿ ਗਾਲਕ ਪਾਲਕ ਹਿੰਦਨ ਲਾਜੈ। ਜਨ ਕੰਦਰ ਅੰਦਰ ਤੇ ਨਿਕਸੇ, ਮਰਗਿੰਦ ਨਿਹਾਰ ਗਜਿੰਦ ਸਮਾਜੈ। ਇਸ ਯੁੱਧ ਵਿੱਚ ਸਾਰੇ ਅੱਠ ਸਿੰਘ ਸ਼ਹੀਦ ਹੋ ਗਏ। ਅਜੀਤ ਸਿੰਘ ਨੂੰ ਵੈਰੀਆਂ ਦੇ ਟਿੱਡੀ ਦਲ ਨੇ ਘੇਰ ਲਿਆ। ਬਾਬਾ ਜੀ ਦਾ ਘੋੜਾ ਵੀ ਜ਼ਖਮੀ ਹੋ ਗਿਆ। ਉਹ ਪੈਦਲ ਹੀ ਤਲਵਾਰ ਸੂਤ ਕੇ ਵੈਰੀਆਂ ’ਤੇ ਭੁੱਖੇ ਸ਼ੇਰ ਵਾਂਗ ਟੁੱਟ ਪਏ। ਬਾਬਾ ਜੀ ਨੂੰ ਇਕੱਲਾ ਦੇਖ ਕੇ ਵੈਰੀ ਇਕੱਠੇ ਹੋ ਕੇ ਪੈ ਗਏ। ਚਾਰ ਚੁਫੇਰੇ ਤੋਂ ਘੇਰ ਕੇ ਹਮਲਾ ਕਰ ਦਿੱਤਾ। ਬਾਬਾ ਅਜੀਤ ਸਿੰਘ 22 ਦਸੰਬਰ 1704 ਈ: ਨੂੰ ਸ਼ਹੀਦ ਹੋ ਗਏ। ਗੁਰੂ ਜੀ ਨੇ ਇਹ ਸਾਰਾ ਯੁੱਧ ਅੱਖੀਂ ਡਿੱਠਾ ਤੇ ਸਾਹਿਬਜ਼ਾਦੇ ਦੀ ਸ਼ਹਾਦਤ ’ਤੇ ਜੈਕਾਰਾ ਛੱਡਿਆ। ਮਿਰਜ਼ਾ ਅਬਦੁੱਲ ਗਨੀ ਨੇ ਬੜਾ ਸੁੰਦਰ ਲਿਖਿਆ ਹੈ: ਸ਼ੁਕਰ ਅਕਾਲ ਪੁਰਖ ਕਾ ਕੀਆ ਤਬ ਉਠਾ ਕੇ ਸਰ। ਔਰ ਅਰਜ਼ ਕੀ ਕਿ ਬੰਦਾ ਪੈ ਕ੍ਰਿਪਾ ਕੀ ਕਰ ਨਜ਼ਰ। ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ। ਬੇਟੇ ਕੀ ਜਾਂ ਧਰਮ ਕੀ ਖਾਤਰ ਫਿਦਾ ਹੂਈ। ਬਾਬਾ ਅਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਵੀ ਪਿਤਾ ਕੋਲੋਂ ਜੰਗ ਵਿੱਚ ਜਾ ਕੇ ਭਰਾ ਵਾਂਗ ਵੈਰੀਆਂ ਦੇ ਟੋਟੇ ਕਰਨ ਦੀ ਇਜਾਜ਼ਤ ਮੰਗੀ। ਗੁਰੂ ਗੋਬਿੰਦ ਸਿੰਘ ਨੇ ਛੋਟੇ ਪੁੱਤਰ ਨੂੰ ਆਪਣੇ ਹੱਥੀਂ ਸ਼ਸਤਰ ਸਜਾ ਕੇ ਤਿਆਰ ਕੀਤਾ। ਜੰਗ ਵਿੱਚ ਕੰਮ ਆਉਣ ਵਾਲੇ ਕੁੱਝ ਜ਼ਰੂਰੀ ਨੁਕਤੇ ਸਮਝਾਏ। ਭਾਈ ਹਿੰਮਤ ਸਿੰਘ, ਭਾਈ ਨੰਦ ਸਿੰਘ, ਭਾਈ ਆਲਮ ਸਿੰਘ ਤੇ ਹੋਰ ਸਿੰਘ ਯੁੱਧ ਲਈ ਨਾਲ ਭੇਜੇ। ਗੜ੍ਹੀ ਤੋਂ ਬਾਹਰ ਨਿਕਲਦਿਆਂ ਹੀ ਜੁਝਾਰ ਸਿੰਘ ਨੇ ਬਹਾਦਰ ਖਾਂ, ਨਾਹਰ ਖਾਂ, ਅਸਮਤ ਖਾਂ ਤੇ ਕਈ ਹੋਰਾਂ ਨੂੰ ਪਾਰ ਬੁਲਾ ਦਿੱਤਾ। ਬਾਬਾ ਜੁਝਾਰ ਸਿੰਘ ਵੀ ਬਾਬਾ ਅਜੀਤ ਸਿੰਘ ਵਾਂਗ ਯੁੱਧ ਵਿੱਦਿਆ ਵਿੱਚ ਬਹੁਤ ਨਿਪੁੰਨ ਸਨ। ਅੱਲ੍ਹਾ ਯਾਰ ਖਾਂ ਜੋਗੀ ਜੁਝਾਰ ਸਿੰਘ ਬਾਰੇ ਇਸ ਤਰ੍ਹਾਂ ਲਿਖਦੇ ਹਨ: ਰੋਕੇ ਸੇ ਕਬੀ ਸ਼ੇਰ ਕਾ ਬੱਚਾ ਭੀ ਰੁਕਾ ਹੈ? ਝੂਠੇ ਤੋ ਰੁਕੇਂ ਕੋਈ ਸੱਚਾ ਭੀ ਰੁਕਾ ਹੈ? ਪਤਝੜ ਮੇਂ ਸਮਰ ਸ਼ਾਖ ਪਿ ਬੱਚਾ ਭੀ ਰੁਕਾ ਹੈ? ਸਰ ਦੇਨੇ ਸੇ ਰਬ ਕੋ, ਕੋਈ ਅੱਛਾ ਭੀ ਰੁਕਾ ਹੈ? ਬਾਬਾ ਜੁਝਾਰ ਸਿੰਘ ਦੀ ਉਮਰ ਉਸ ਵੇਲੇ 14 ਸਾਲ ਦੀ ਸੀ। ਉਹ ਦੁਸ਼ਮਣ ਦੇ ਆਹੂ ਲਾਹੁੰਦੇ ਹੋਏ ਅੱਗੇ ਵਧ ਰਹੇ ਸਨ। ਪਹਿਲਾਂ ਤੀਰਾਂ ਨਾਲ ਤੇ ਫਿਰ ਤਲਵਾਰ ਦੇ ਜੌਹਰ ਦਿਖਾਏ। ਅੰਤ ਉਹ ਦੁਸ਼ਮਣ ਦੇ ਘੇਰੇ ਵਿੱਚ ਆ ਗਏ। ਉਨ੍ਹਾਂ ਦੀ ਸ਼ਹੀਦੀ ਲੌਢੇ ਵੇਲੇ 22 ਦਸੰਬਰ 1704 ਈ: ਨੂੰ ਹੋਈ। ਕਵੀ ਸ਼ਰਨ ਗੁਪਤ ਨੇ ਆਪਣੇ ਮਹਾ ਕਾਵਿ ਵਿੱਚ ਲਿਖਿਆ ਹੈ: ਜਿਸ ਕੁਲ ਕੌਮ ਜਾਤ ਕੇ ਬੱਚੇ, ਦੇ ਸਕਤੇ ਯੂੰ ਬਲੀਦਾਨ। ਉਸ ਕਾ ਵਰਤਮਾਨ ਕੁਛ ਭੀ ਹੋ, ਭਵਿਸ਼ ਹੈ ਮਹਾਂ ਮਹਾਨ। ਸਾਹਿਬਜ਼ਾਦਿਆਂ ਤੇ ਚਮਕੌਰ ਸਾਹਿਬ ਦੇ ਹੋਰ ਸ਼ਹੀਦਾਂ ਦੀ ਸ਼ਹੀਦੀ ਨੂੰ ਕੋਟਿਨ-ਕੋਟਿ ਪ੍ਰਣਾਮ। ਜਿਸ ਗੁਰੂ ਨੇ ਸਾਡੇ ਲਈ ਆਪਣੇ ਸਾਹਿਬਜ਼ਾਦੇ ਸ਼ਹੀਦ ਕਰਵਾਏ, ਜਾਨ ਤੋਂ ਪਿਆਰੇ ਸਿੱਖ ਸ਼ਹੀਦ ਕਰਵਾਏ, ਆਓ ਅਸੀਂ ਉਸ ਗੁਰੂ ਜੀ ਦੇ ਚਰਨਾਂ ਨਾਲ ਜੁੜੀਏ। Dharminder Singh Chabba

Leave a Comment

Your email address will not be published. Required fields are marked *