IMG-LOGO
Home News index.html
ਅਮਰੀਕਾ

ਅਮਰੀਕੀ ਸੈਨੇਟ ਵੱਲੋਂ ਸ਼ੱਟਡਾਊਨ ਖ਼ਾਤਮੇ ਲਈ ਬਿੱਲ ਮਨਜ਼ੂਰ

by Admin - 2025-11-11 22:58:51 0 Views 0 Comment
IMG
ਕੁਝ ਡੈਮੋਕਰੈਟਾਂ ਵੱਲੋਂ ਰਿਪਬਲਿਕਨਾਂ ਨਾਲ ਸਮਝੌਤਾ ਵਾਸ਼ਿੰਗਟਨ, ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਨੇ ਸਰਕਾਰੀ ਸ਼ੱਟਡਾਊਨ ਖਤਮ ਕਰਨ ਲਈ ਸੋਮਵਾਰ ਨੂੰ ਬਿੱਲ ਪਾਸ ਕਰ ਦਿੱਤਾ ਤੇ ਇਸ ਦੇ ਨਾਲ ਹੀ ਇਤਿਹਾਸ ਦਾ ਸਭ ਤੋਂ ਲੰਮਾ ਸ਼ੱਟਡਾਊਨ ਖ਼ਤਮ ਹੋਣ ਦੇ ਨੇੜੇ ਪਹੁੰਚ ਗਿਆ। ਡੈਮੋਕਰੈਟਾਂ ਦੇ ਛੋਟੇ ਗਰੁੱਪ ਨੇ ਆਪਣੀ ਪਾਰਟੀ ਵਿੱਚ ਤਿੱਖੀ ਆਲੋਚਨਾ ਦੇ ਬਾਵਜੂਦ ਰਿਪਬਲਿਕਨਾਂ ਨਾਲ ਸਮਝੌਤੇ ਦੀ ਪੁਸ਼ਟੀ ਕੀਤੀ ਜਿਸ ਦੀ ਮਦਦ ਨਾਲ ਬਿੱਲ ਪਾਸ ਹੋਇਆ। ਲੰਘੇ 41 ਦਿਨਾਂ ਤੋਂ ਜਾਰੀ ਸ਼ੱਟਡਾਊਨ ਕੁਝ ਹੋਰ ਦਿਨ ਜਾਰੀ ਰਹਿ ਸਕਦਾ ਹੈ ਕਿਉਂਕਿ ਸੰਸਦ ਦੇ ਹੇਠਲੇ ਸਦਨ (ਪ੍ਰਤੀਨਿਧ ਸਭਾ) ਦੇ ਮੈਂਬਰ ਸਤੰਬਰ ਦੇ ਅੱਧ ਤੋਂ ਛੁੱਟੀ ’ਤੇ ਹਨ। ਉਹ ਬਿੱਲ ’ਤੇ ਮਤਦਾਨ ਲਈ ਵਾਸ਼ਿੰਗਟਨ ਮੁੜਨਗੇ। ਰਾਸ਼ਟਰਪਤੀ ਡੋਨਲਡ ਟਰੰਪ ਨੇ ਬਿੱਲ ਦੀ ਹਮਾਇਤ ’ਚ ਸੰਕੇਤ ਦਿੰਦਿਆਂ ਸੋਮਵਾਰ ਨੂੰ ਕਿਹਾ ਸੀ, ‘‘ਅਸੀਂ ਜਲਦੀ ਹੀ ਸ਼ੱਟਡਾਊਨ ਖਤਮ ਕਰਾਂਗੇ।’’ ਦਰਅਸਲ ਡੈਮੋਕ੍ਰੈਟਿਕ ਆਗੂਆਂ ਦੇ ਇੱਕ ਗਰੁੱਪ ਨੇ ਸਿਹਤ ਦੇਖਭਾਲ ਸਬਸਿਡੀ ਦੇ ਵਿਸਥਾਰ ਦੀ ਗਾਰੰਟੀ ਤੋਂ ਬਿਨਾਂ ਚਰਚਾ ਕਰਨ ’ਤੇ ਸਹਿਮਤੀ ਜਤਾਈ, ਜਿਸ ’ਤੇ ਪਾਰਟੀ ਦੇ ਕਈ ਮੈਂਬਰ ਨਾਰਾਜ਼ ਹੋ ਗਏ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਅਮਰੀਕੀ ਲੋਕ ਚਾਹੁੰਦੇ ਹਨ ਕਿ ਸਬਸਿਡੀ ਨੂੰ ਲੈ ਕੇ ਲੜਾਈ ਜਾਰੀ ਰੱਖੀ ਜਾਵੇ। ਸੈਨੇਟ ਵਿੱਚ ਸਰਕਾਰ ਦੇ ਕੰਮਕਾਜ ਨੂੰ ਵਿੱਤੀ ਫੰਡਿੰਗ ਕਰਨ ਦੇ ਮਕਸਦ ਨਾਲ ਸਮਝੌਤਾ ਬਿੱਲ 40 ਦੇ ਮੁਕਾਬਲੇ 60 ਵੋਟਾਂ ਨਾਲ ਪਾਸ ਹੋ ਗਿਆ। ਡੈਮੋਕਰੈਟ ਆਗੂ ਮੰਗ ਕਰ ਰਹੇ ਸਨ ਕਿ ਰਿਪਬਲਿਕਨ ਆਗੂ ਪਹਿਲੀ ਜਨਵਰੀ ਨੂੰ ਖਤਮ ਹੋ ਰਹੇ ਸਿਹਤ ਦੇਖਭਾਲ ਟੈਕਸ ਕਰੈਡਿਟ ਦੀ ਮਿਆਦ ਵਧਾਉਣ ਲਈ ਉਨ੍ਹਾਂ ਨਾਲ ਗੱਲਬਾਤ ਕਰਨ ਪਰ ਰਿਪਬਲਿਕਨ ਆਗੂਆਂ ਨੇ ਅਜਿਹਾ ਨਹੀਂ ਕੀਤਾ। ਇਸੇ ਦੌਰਾਨ ਪ੍ਰਤੀਨਿਧ ਸਭਾ ਦੇ ਸਪੀਕਰ ਮਾਈਕ ਜੌਹਨਸਨ ਨੇ ਸੰਸਦ ਮੈਂਬਰਾਂ ਨੂੰ ਤਰੁੰਤ ਵਾਸ਼ਿੰਗਟਨ ਮੁੜਨ ਦੀ ਅਪੀਲ ਕੀਤੀ ਹੈ।

Leave a Comment

Your email address will not be published. Required fields are marked *