IMG-LOGO
Home News blog-detail-01.html
ਪੰਜਾਬ

ਸੈਨੇਟ ਚੋਣਾਂ ਲਈ ਪੰਜਾਬ ਯੂਨੀਵਰਸਿਟੀ ’ਚ ਸੰਘਰਸ਼

by Admin - 2025-11-11 22:51:26 0 Views 0 Comment
IMG
ਹਜ਼ਾਰਾਂ ਲੋਕਾਂ ਦੇ ਹਡ਼੍ਹ ਅੱਗੇ ਪੁਲੀਸ ਦੀਆਂ ਰੋਕਾਂ ਉੱਡੀਆਂ; ਧਰਨੇ ਵਾਲੀ ਥਾਂ ’ਤੇ ਪੁੱਜੇ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਸਿਆਸੀ ਆਗੂ ਚੰਡੀਗਡ਼੍ਹ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੱਦੇ ਉੱਤੇ ਸੈਨੇਟ ਬਚਾਉਣ ਲਈ ਰੱਖੇ ਗਏ ਧਰਨੇ ਵਿੱਚ ਅੱਜ ਰੋਕਾਂ ਦੇ ਬਾਵਜੂਦ ਵੱਡਾ ਇਕੱਠ ਹੋਇਆ। ਪਹਿਲਾਂ ਰਸਤਿਆਂ ਵਿੱਚ ਪੰਜਾਬ ਪੁਲੀਸ ਅਤੇ ਫਿਰ ਚੰਡੀਗੜ੍ਹ ਪੁਲੀਸ ਦੇ ਅੜਿੱਕਿਆਂ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ, ਕਿਸਾਨ-ਮਜ਼ਦੂਰ, ਮੁਲਾਜ਼ਮ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਪੰਜਾਬ ਯੂਨੀਵਰਸਿਟੀ ਕੈਂਪਸ ਅੰਦਰ ਦਾਖ਼ਲ ਹੋ ਗਏ; ਹਾਲਾਂਕਿ ਗੇਟ ਉਤੇ ਪੁਲੀਸ ਨੇ ਲਾਠੀਚਾਰਜ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲੋਕਾਂ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ। ਲੋਕ ਟਰੈਕਟਰਾਂ, ਕਾਰਾਂ ਅਤੇ ਜੀਪਾਂ ਉਤੇ ਸਵਾਰ ਹੋ ਕੇ ਲੰਗਰ ਸਮੇਤ ਧਰਨੇ ਵਿੱਚ ਪਹੁੰਚੇ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸੈਨੇਟ ਚੋਣਾਂ ਦੇ ਮੁੱਦੇ ਨੂੰ ਲੈ ਕੇ ਅੱਜ ਦਾ ਇਕੱਠ ਸੰਕੇਤਕ ਇਕੱਤਰਤਾ ਹੈ, ਮੰਗਾਂ ਪੂਰੀਆਂ ਹੋਣ ਤੱਕ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ ਲਗਾਤਾਰ ਜਾਰੀ ਰਹੇਗਾ। ਇਹ ਧਰਨਾ ਪੁਰਾਣੀ 91 ਮੈਂਬਰੀ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਹੋਣ ਤੱਕ ਜਾਰੀ ਰੱਖਿਆ ਜਾਵੇਗਾ। ਵਾਈਸ ਚਾਂਸਲਰ ਦਫ਼ਤਰ ਅੱਗੇ ਚੱਲ ਰਹੇ ਵਿਦਿਆਰਥੀਆਂ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਲੋਕਾਂ ਵਿੱਚ ਇੰਨਾ ਉਤਸ਼ਾਹ ਸੀ ਕਿ ਉਹ ਪੀ ਜੀ ਆਈ ਵਾਲੇ ਪਾਸਿਉਂ ਸੜਕ ਵਿਚਾਲੇ ਰੇਲਿੰਗ ਟੱਪ ਕੇ ਪਹਿਲਾਂ ਤਾਂ ਗੇਟ ਨੰਬਰ 1 ’ਤੇ ਪਹੁੰਚੇ ਜਿੱਥੇ ਉਨ੍ਹਾਂ ਜ਼ਬਰਦਸਤੀ ਗੇਟ ਖੋਲ੍ਹ ਲਿਆ ਅਤੇ ਬੈਰੀਕੇਡਾਂ ਨੂੰ ਤੋੜ ਕੇ ਅੱਗੇ ਵਧ ਗਏ। ਉਹ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡ ਰਹੇ ਸਨ। ਵੱਡੇ ਹਜੂਮ ਦੇ ਅੰਦਰ ਜਾਣ ਤੋਂ ਬਾਅਦ ਬੇਵੱਸ ਹੋਈ ਚੰਡੀਗੜ੍ਹ ਪੁਲੀਸ ਨੇ ਰੋਕਾਂ ਹਟਾ ਦਿੱਤੀਆਂ ਅਤੇ ਸ਼ਾਮ ਤੱਕ ਧਰਨੇ ਵਿੱਚ ਸ਼ਾਮਲ ਹੋਣ ਲਈ ਲੋਕ ਆਉਂਦੇ ਰਹੇ। ਅੱਜ ਦੇ ਇਕੱਠ ਨੇ ਸਿੰਘੂ-ਟਿਕਰੀ ਬਾਰਡਰਾਂ ਉਤੇ ਚੱਲੇ ਕਿਸਾਨ ਅੰਦੋਲਨ ਦੀ ਯਾਦ ਦਿਵਾ ਦਿੱਤੀ। ਮੋਰਚੇ ਨੂੰ ਸੰਬੋਧਨ ਕਰਦਿਆਂ ਅਸ਼ਮੀਤ ਸਿੰਘ, ਸੰਦੀਪ, ਕਰਨਵੀਰ, ਰਵਿੰਦਰ ਸਿੰਘ ਬਿੱਲਾ ਧਾਲੀਵਾਲ, ਸੰਦੀਪ ਸੀਕਰੀ, ਸੰਨੀ ਮਹਿਤਾ, ਸਿਮਰਨ ਢਿੱਲੋਂ, ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਅਮਿਤੋਜ ਮਾਨ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਬਰਿੰਦਰ ਸਿੰਘ ਢਿੱਲੋਂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਿਸਾਨ ਆਗੂਆਂ ਬਲਵੀਰ ਸਿੰਘ ਰਾਜੇਵਾਲ ਤੇ ਸਰਵਣ ਸਿੰਘ ਪੰਧੇਰ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ, ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ, ਵਿਧਾਇਕ ਪਰਗਟ ਸਿੰਘ, ਭਾਨਾ ਸਿੱਧੂ, ਦਲ ਖਾਲਸਾ ਤੋਂ ਪਰਮਜੀਤ ਸਿੰਘ ਮੰਡ, ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਲੱਖਾ ਸਿਧਾਣਾ, ਹੈਰੀ ਬਰਾੜ ਗਿੱਦੜਬਾਹਾ, ਡਾ. ਪਿਆਰਾ ਲਾਲ ਗਰਗ, ਡਾ. ਕੰਵਲਜੀਤ ਕੌਰ ਢਿੱਲੋਂ ਆਦਿ ਸਮੇਤ ਹੋਰ ਸਿਆਸੀ, ਸਮਾਜਿਕ, ਧਾਰਮਿਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਇੱਕੋ-ਇੱਕ ਮੰਗ ਰੱਖੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੁਰਾਣੀ 91 ਮੈਂਬਰੀ ਸੈਨੇਟ ਦੀਆਂ ਚੋਣਾਂ ਦਾ ਸ਼ਡਿਊਲ ਤੁਰੰਤ ਜਾਰੀ ਕਰ ਕੇ ਲੋਕਤੰਤਰੀ ਢਾਂਚਾ ਬਹਾਲ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਵੱਲੋਂ ਸਿੱਖਿਆ ਦਾ ਕੇਂਦਰੀਕਰਨ, ਨਿੱਜੀਕਰਨ ਅਤੇ ਭਗਵਾਂਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ’ਚ ਸ਼ਰੇਆਮ ਆਰ ਐੱਸ ਐੱਸ ਦਾ ਏਜੰਡਾ ਲਾਗੂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।

Leave a Comment

Your email address will not be published. Required fields are marked *