ਅਮਰੀਕਾ
ਭਾਰਤ ਤੇ ਚੀਨ ਸਣੇ 23 ਮੁਲਕ ਗ਼ੈਰਕਾਨੂੰਨੀ ਨਸ਼ਿਆਂ ਦੇ ਉਤਪਾਦਕ: ਟਰੰਪ
ਨਿੳੂਯਾਰਕ/ਵਾਸ਼ਿੰਗਟਨ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ, ਚੀਨ, ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਸਮੇਤ 23 ਮੁਲਕ ਨਸ਼ੀਲੇ ਪਦਾਰਥਾਂ ਦੀ ਗ਼ੈਰਕਾਨੂੰਨੀ ਤਸਕਰੀ ਅਤੇ ਉਤਪਾਦਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੁਲਕ ਗ਼ੈਰਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਰਸਾਇਣਾਂ ਦਾ ਨਿਰਮਾਣ ਅਤੇ ਤਸਕਰੀ ਕਰਕੇ ਅਮਰੀਕਾ ਅਤੇ ਉਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਰਹੇ ਹਨ। ਕਾਂਗਰਸ ਨੂੰ ਸੌਂਪੇ ਗਏ ‘ਰਾਸ਼ਟਰਪਤੀ ਦੇ ਅਹਿਦ’ ਵਿੱਚ ਟਰੰਪ ਨੇ ਕਿਹਾ ਕਿ ਉਨ੍ਹਾਂ 23 ਦੇਸ਼ਾਂ ਦੀ ‘ਪ੍ਰਮੁੱਖ ਨਸ਼ੀਲੇ ਪਦਾਰਥਾਂ ਦੀ ਆਵਾਜਾਈ ਜਾਂ ਪ੍ਰਮੁੱਖ ਗ਼ੈਰਕਾਨੂੰਨੀ ਨਸ਼ੀਲੇ ਪਦਾਰਥ ਉਤਪਾਦਕ’ ਦੇਸ਼ਾਂ ਵਜੋਂ ਪਛਾਣ ਕੀਤੀ ਹੈ। ਵਿਦੇਸ਼ ਵਿਭਾਗ ਨੇ ਪੰਜ ਦੇਸ਼ਾਂ ਅਫ਼ਗਾਨਿਸਤਾਨ, ਬੋਲਿਵੀਆ, ਬਰਮਾ, ਕੋਲੰਬੀਆ ਅਤੇ ਵੈਨਜ਼ੁਏਲਾ ਨੂੰ ‘ਲੋੜੀਂਦੀਆਂ ਕੋਸ਼ਿਸ਼ਾਂ ਵਿੱਚ ਨਾਕਾਮ’ ਰਹਿਣ ਵਜੋਂ ਸੂਚੀਬੱਧ ਕੀਤਾ ਹੈ। ਇਨ੍ਹਾਂ ਮੁਲਕਾਂ ਨੂੰ ਨਸ਼ੀਲੇ ਪਦਾਰਥ ਵਿਰੋਧੀ ਯਤਨਾਂ ਨੂੰ ਬਿਹਤਰ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ।