IMG-LOGO
Home News Viral-video-row:-ਸ਼੍ਰੋਮਣੀ-ਕਮੇਟੀ-ਵੱਲੋਂ-5-ਜੁਲਾਈ-ਨੂੰ-ਵੱਡੇ-ਪੰਥਕ-ਇਕੱਠ-ਦੀ-ਤਿਆਰੀ
ਪੰਜਾਬ

Viral video row: ਸ਼੍ਰੋਮਣੀ ਕਮੇਟੀ ਵੱਲੋਂ 5 ਜੁਲਾਈ ਨੂੰ ਵੱਡੇ ਪੰਥਕ ਇਕੱਠ ਦੀ ਤਿਆਰੀ

by Admin - 2026-06-30 21:53:20 0 Views 0 Comment
IMG
Viral video row: ਸ਼੍ਰੋਮਣੀ ਕਮੇਟੀ ਨੇ ਪੰਜ ਜੁਲਾਈ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇੱਕ ਵੱਡਾ ਪੰਥਕ ਇਕੱਠ ਸੱਦਿਆ ਅੰਮ੍ਰਿਤਸਰ, ਸਤਿਕਾਰ ਸੋਧ ਐਕਟ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਵਿਖੇ ਸਿੱਖ ਵਿਧਾਇਕਾਂ ਤੇ ਮੰਤਰੀਆਂ ਦੀ ਪੇਸ਼ੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਦੀ ਵਿਵਾਦਤ ਵੀਡੀਓ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਵੱਲੋਂ ਜਾਰੀ ਆਦੇਸ਼ ਦੇ ਮਾਮਲੇ ਵਿੱਚ ਸਿੱਖ ਸੰਗਤ ਨੂੰ ਲਾਮਬੰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿੱਚ ਪੰਜ ਜੁਲਾਈ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੱਡਾ ਪੰਥਕ ਇਕੱਠ ਸੱਦਿਆ ਗਿਆ ਹੈ। ਦੱਸਣ ਯੋਗ ਹੈ ਕਿ ਵਿਵਾਦਤ ਵੀਡੀਓ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਸੰਗਤ ਨੂੰ ਉਸ ਦਾ ਵਿਰੋਧ ਕਰਨ ਦਾ ਵੀ ਆਦੇਸ਼ ਕੀਤਾ ਗਿਆ। ਇਸੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਮੁੱਖ ਮੰਤਰੀ ਦੇ ਬਾਈਕਾਟ ਦੇ ਵੱਡੇ ਫਲੈਕਸ ਬੋਰਡ ਵੀ ਲਾਏ ਗਏ ਹਨ। ਦੂਜੇ ਪਾਸੇ ਮੁੱਖ ਮੰਤਰੀ ਵੱਲੋਂ ਇਨ੍ਹਾਂ ਦਿਨਾਂ ਵਿੱਚ ਵੱਖ ਵੱਖ ਥਾਵਾਂ ਤੇ ਵੱਡੇ ਇਕੱਠ ਕੀਤੇ ਜਾ ਰਹੇ ਹਨ। ਜਿਸ ਤੋਂ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਕੀਤੇ ਗਏ ਫੈਸਲੇ ਨੂੰ ਸੰਗਤ ਨੇ ਪ੍ਰਵਾਨ ਨਹੀਂ ਕੀਤਾ ਹੈ। ਇਸੇ ਸੰਦਰਭ ਵਿੱਚ ਸ਼੍ਰੋਮਣੀ ਕਮੇਟੀ ਨੇ ਪੰਜ ਜੁਲਾਈ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇੱਕ ਵੱਡਾ ਪੰਥਕ ਇਕੱਠ ਸੱਦਿਆ ਹੈ। ਇਸ ਇਕੱਠ ਵਿੱਚ ਵੱਡੀ ਸ਼ਮੂਲੀਅਤ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਵੱਲੋਂ ਸਿੱਖ ਜਥੇਬੰਦੀਆਂ ਤੇ ਵੱਖ ਵੱਖ ਸੰਪ੍ਰਦਾਵਾਂ ਦੇ ਮੁੱਖੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਕੱਤਰਤਾ ਸਬੰਧੀ ਸੱਦਾ ਪੱਤਰ ਸੌਂਪੇ ਗਏ। ਸਿੱਖ ਆਗੂਆਂ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜੱਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ, ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ, ਬਾਬਾ ਹਾਕਮ ਸਿੰਘ, ਰੇਸ਼ਮ ਸਿੰਘ ਬਰਨਾਲਾ ਤੇ ਬਾਬਾ ਜਗਜੀਤ ਸਿੰਘ ਲੋਪੋ ਵਾਲਿਆਂ ਸਮੇਤ ਹੋਰ ਮਹਾਂਪੁਰਖਾਂ ਨੂੰ ਮਿਲ ਕੇ ਸੱਦਾ ਪੱਤਰ ਸੌਂਪੇ। ਇਸ ਦੌਰਾਨ ਜਿੱਥੇ ਮੌਜੂਦਾ ਸਮੇਂ ਪੰਥਕ ਸੰਸਥਾਵਾਂ ਨੂੰ ਦਰਪੇਸ਼ ਚਨੌਤੀਆਂ ਤੇ ਸਿੱਖ ਮਸਲਿਆਂ ਸਬੰਧੀ ਡੂੰਘੀ ਅਤੇ ਸਾਰਥਕ ਵਿਚਾਰ-ਚਰਚਾ ਕੀਤੀ ਗਈ, ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 'ਗੁਰੂ ਦੋਖੀ' ਅਤੇ 'ਖਾਲਸਾ ਪੰਥ ਵਿਰੋਧੀ' ਐਲਾਨੇ ਜਾਣ ਦੇ ਸੰਬੰਧ ਵਿੱਚ ਪੈਦਾ ਹੋਈ ਮੌਜੂਦਾ ਸਥਿਤੀ ਬਾਰੇ 5 ਜੁਲਾਈ ਨੂੰ ਬੁਲਾਏ ਵਿਸਾਲ ਪੰਥਕ ਇਕੱਠ ਵਿੱਚ ਭਰਵੀਂ ਸ਼ਮੂਲੀਅਤ ਦੀ ਅਪੀਲ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਅਤੇ ਹੁਕਮਨਾਮੇ ਦੇ ਸੰਦੇਸ਼ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਹਰ ਪਿੰਡ ਅਤੇ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਸੰਗਤ ਨੂੰ ਮੌਜੂਦਾ ਸਰਕਾਰ ਦੇ ਪੰਥ ਵਿਰੋਧੀ ਚਿਹਰੇ ਤੋਂ ਜਾਣੂ ਕਰਵਾਇਆ ਜਾ ਸਕੇ। ਇਸੇ ਕੜੀ ਦੇ ਤਹਿਤ ਹੁਣ ਸਮੁੱਚੇ ਪੰਥ ਦੀ ਰਾਇ ਅਤੇ ਅਗਲੀ ਰਣਨੀਤੀ ਤੈਅ ਕਰਨ ਲਈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਸ੍ਰੀ ਅੰਮ੍ਰਿਤਸਰ ਵਿਖੇ ਇੱਕ ਵਿਸ਼ਾਲ ਪੰਥਕ ਇਕੱਤਰਤਾ ਸੱਦੀ ਗਈ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹਰ ਸਿੱਖ ਲਈ ਸਿਰਮੌਰ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਅਤੇ ਪੰਥ ਵਿਰੋਧੀ ਤਾਕਤਾਂ ਦੀ ਪਹਿਚਾਣ ਕਰਨੀ ਅਤੇ ਇਕਜੁੱਟਤਾ ਨਾਲ ਟਾਕਰਾ ਕਰਨਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ 5 ਜੁਲਾਈ ਦਾ ਪੰਥਕ ਇਕੱਠ ਕੌਮ ਦੀ ਇੱਕਜੁੱਟਤਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇਗਾ। ਇਸੇ ਦੌਰਾਨ ਜਥੇਦਾਰ ਗਿਆਨੀ ਟੇਕ ਸਿੰਘ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪੋ-ਆਪਣੇ ਖੇਤਰਾਂ ਵਿੱਚੋਂ ਵੱਧ ਤੋਂ ਵੱਧ ਸੰਗਤ ਨੂੰ ਨਾਲ ਲੈ ਕੇ 5 ਜੁਲਾਈ ਨੂੰ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਹੁੰਚਣ, ਤਾਂ ਜੋ ਕੌਮ ਵਿਰੋਧੀ ਅਨਸਰਾਂ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ। ਇਸ ਦੌਰਾਨ ਮੌਜੂਦ ਸੰਤ ਸਮਾਜ ਦੇ ਮਹਾਂਪੁਰਸ਼ਾਂ ਨੇ ਸ਼੍ਰੋਮਣੀ ਕਮੇਟੀ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਆਦੇਸ਼ 'ਤੇ ਪਹਿਰਾ ਦੇਣਾ ਉਨ੍ਹਾਂ ਦਾ ਮੁਢਲਾ ਫਰਜ਼ ਹੈ। ਉਨ੍ਹਾਂ ਨੇ 5 ਜੁਲਾਈ ਦੀ ਪੰਥਕ ਇਕੱਤਰਤਾ ਵਿੱਚ ਵੱਡੀ ਗਿਣਤੀ ਵਿੱਚ ਸਾਧੂ-ਸੰਤਾਂ ਵੱਲੋਂ ਸੰਗਤ ਸਮੇਤ ਸ਼ਮੂਲੀਅਤ ਕਰਨ ਦਾ ਪੂਰਨ ਵਿਸ਼ਵਾਸ ਦਿਵਾਇਆ।

Leave a Comment

Your email address will not be published. Required fields are marked *