ਸੰਸਾਰ
ਬਰਮਿੰਘਮ ਤੇ ਸੈਂਡਵਿੱਲ ਦੇ ਗੁਰਦੁਆਰਿਆਂ ਵੱਲੋਂ ਖਾਲਸਾ ਸਾਜਨਾ ਦਿਵਸ ਸਬੰਧੀ ਸਾਂਝੇ ਨਗਰ ਕੀਰਤਨ ਸਜਾਏ ਗਏ
ਲੰਡਨ -ਬਰਮਿੰਘਮ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਨਗਰ ਕੀਤਰਨ ਸਜਾਏ ਗਏ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਗੁਰਬਾਣੀ ਜਾਪ ਕਰਦਿਆਂ ਹਾਜ਼ਰੀ ਭਰੀ | ਗੁਰਦੁਆਰਾ ਬਾਬੇ ਕੇ ਹੌਕਲੀ ਬ੍ਰਮਿੰਘਮ ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਨਿਸ਼ਕਾਮ ਜੱਥਾ, ਸੋਹੋ ਰੋਡ, ਹੈਂਡਜ਼ਵਰਥ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ, ਗੁਰੂ ਨਾਨਕ ਗੁਰਦੁਆਰਾ ਸਮੈਦਿਕ ਆਦਿ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਸੰਗ ਜੀ ਵਿਖੇ ਸੰਪਨ ਹੋਇਆ | ਗੁਰਦੁਆਰਾ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਪ੍ਰਧਾਨ ਭਾਈ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਸੰਗਤਾਂ ਵੱਲੋਂ ਥਾਂ-ਥਾਂ ਲੰਗਰ ਲਗਾਏ ਹੋਏ ਸਨ | ਸੰਗਤਾਂ ਵਿਚ ਭਰਪੂਰ ਉਤਸ਼ਾਹ ਸੀ | ਇੰਗਲੈਂਡ ਤੋਂ 40 ਹਜ਼ਾਰ ਤੋਂ ਵੱਧ ਸਿੱਖ ਸੰਗਤਾਂ ਨੇ ਨਗਰ ਕੀਰਤਨ 'ਚ ਹਾਜ਼ਰੀ ਭਰੀ | ਉਹਨਾਂ ਦੱਸਿਆ ਕਿ ਇਹ ਨਗਰ ਕੀਰਤਨ ਸਥਾਨਿਕ ਸਮੂਹ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਸੇਵਾਦਾਰਾਂ ਤੇ ਸੰਗਤਾਂ ਵੱਲੋਂ ਸਾਂਝੇ ਤੌਰ 'ਤੇ ਸਜਾਇਆ ਜਾਂਦਾ ਹੈ | ਇਸ ਨਗਰ ਕੀਰਤਨ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ, ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਆਦਿ ਸਮੇਤ ਸਥਾਨਿਕ ਧਾਰਮਿਕ, ਸਮਾਜਿਕ ਤੇ ਕਾਰੋਬਾਰੀਆਂ ਨੇ ਉਤਸ਼ਾਹ ਨਾਲ ਹਾਜ਼ਰੀ ਭਰੀ |