ਸੰਸਾਰ
ਦੋ ਘੰਟੇ ਚੱਲਿਆ ਈਰਾਨ ਤੇ ਅਮਰੀਕਾ ਵਿਚਾਲੇ ਜੰਗਬੰਦੀ ਗੱਲਬਾਤ ਦਾ ਪਹਿਲਾ ਦੌਰ
1979 ਤੋਂ ਬਾਅਦ ਪਹਿਲੀ ਵਾਰ ਅਮਰੀਕਾ ਤੇ ਈਰਾਨ ਵਿਚਾਲੇ ਸਿੱਧੀ ਗੱਲਬਾਤ
ਇਸਲਾਮਾਬਾਦ 'ਚ ਅੱਜ ਵੀ ਜਾਰੀ ਰਹੇਗੀ ਗੱਲਬਾਤ
ਅੰਮਿ੍ਤਸਰ - ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਸੇਰੇਨਾ ਹੋਟਲ 'ਚ ਈਰਾਨੀ ਤੇ ਅਮਰੀਕੀ ਵਫ਼ਦ ਵਿਚਕਾਰ ਜੰਗਬੰਦੀ ਗੱਲਬਾਤ ਦਾ ਪਹਿਲਾ ਦੌਰ ਅੱਜ ਦੋ ਘੰਟੇ ਚੱਲਿਆ ਅਤੇ ਦੂਜੇ ਦੌਰ ਦੀ ਗੱਲਬਾਤ 12 ਅਪ੍ਰੈਲ ਦਿਨ ਐਤਵਾਰ ਨੂੰ ਹੋਵੇਗੀ | ਮੀਡੀਆ ਰਿਪੋਰਟਾਂ ਅਨੁਸਾਰ ਗੱਲਬਾਤ ਦੇ ਪਹਿਲੇ ਦੌਰ 'ਚ ਈਰਾਨ ਨੇ ਲਿਬਨਾਨ 'ਤੇ ਹਮਲੇ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ | ਗੱਲਬਾਤ ਦੌਰਾਨ ਸੁਰੱਖਿਆ, ਰਾਜਨੀਤੀ, ਫ਼ੌਜ, ਆਰਥਿਕਤਾ ਅਤੇ ਕਾਨੂੰਨੀ ਮਾਮਲਿਆਂ 'ਤੇ ਵੀ ਚਰਚਾ ਕੀਤੀ ਗਈ | ਦੱਸਣਯੋਗ ਹੈ ਕਿ ਲਗਭਗ 47 ਸਾਲ ਪਹਿਲਾਂ ਸਾਲ 1979 'ਚ ਈਰਾਨ ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਈਰਾਨ ਅਤੇ ਅਮਰੀਕਾ ਦੋਵੇਂ ਦੇਸ਼ ਪਹਿਲੀ ਵਾਰ ਇੰਨੇ ਵੱਡੇ ਪੱਧਰ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਸੱਦੇ 'ਤੇ ਰਾਜਧਾਨੀ ਇਸਲਾਮਾਬਾਦ 'ਚ ਜੰਗਬੰਦੀ ਬਾਰੇ ਚਰਚਾ ਕਰਨ ਲਈ ਆਹਮੋ-ਸਾਹਮਣੇ ਪਹੁੰਚੇ | ਈਰਾਨੀ ਅਤੇ ਅਮਰੀਕੀ ਵਫ਼ਦਾਂ ਵਿਚਾਲੇ ਇਸਲਾਮਾਬਾਦ 'ਚ ਸ਼ਾਮ 4 ਵਜੇ ਗੱਲਬਾਤ ਸ਼ੁਰੂ ਹੋਈ | ਈਰਾਨੀ ਵਫ਼ਦ ਗੱਲਬਾਤ ਲਈ ਸ਼ੁੱਕਰਵਾਰ ਰਾਤ ਨੂੰ ਇਸਲਾਮਾਬਾਦ ਪਹੁੰਚਿਆ, ਜਦੋਂਕਿ ਅਮਰੀਕੀ ਵਫ਼ਦ ਅੱਜ ਸਵੇਰੇ ਪਹੁੰਚਿਆ | ਗੱਲਬਾਤ ਤੋਂ ਪਹਿਲਾਂ ਈਰਾਨ ਨੇ ਕਿਹਾ ਕਿ ਜੇਕਰ ਇਸਲਾਮਾਬਾਦ 'ਚ ਚੱਲ ਰਹੀ ਗੱਲਬਾਤ ਕਿਸੇ ਨਤੀਜੇ 'ਤੇ ਪਹੁੰਚਣ ਵਿਚ ਅਸਫ਼ਲ ਰਹਿੰਦੀ ਹੈ ਤਾਂ ਸਿਰਫ਼ ਇਜ਼ਰਾਈਲ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ | ਇਜ਼ਰਾਈਲ ਅਤੇ ਅਮਰੀਕਾ ਦੇ ਫ਼ੈਸਲੇ ਜੁੜੇ ਹੋਏ ਹਨ, ਇਸ ਲਈ ਜੇਕਰ ਗੱਲਬਾਤ ਅਸਫ਼ਲ ਹੁੰਦੀ ਹੈ ਤਾਂ ਅਮਰੀਕਾ ਨੂੰ ਵੀ ਜਵਾਬਦੇਹ ਠਹਿਰਾਇਆ ਜਾਵੇਗਾ | ਦੱਸਿਆ ਜਾ ਰਿਹਾ ਹੈ ਕਿ ਕਿ ਗੱਲਬਾਤ ਦਾ ਪਹਿਲਾ ਦੌਰ ਵਿਚੋਲਿਆਂ ਰਾਹੀਂ ਸ਼ੁਰੂ ਕੀਤਾ ਗਿਆ, ਭਾਵ ਪਾਕਿਸਤਾਨੀ ਅਧਿਕਾਰੀਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕੀਤਾ | ਹਾਲਾਂਕਿ, ਬਾਅਦ 'ਚ ਦੋਵੇਂ ਦੇਸ਼ਾਂ ਵਲੋਂ ਸਿੱਧੀ ਗੱਲਬਾਤ ਸ਼ੁਰੂ ਕੀਤੀ ਗਈ | 'ਸ਼ਾਂਤੀ ਗੱਲਬਾਤ' ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਆਨ ਜਾਰੀ ਕਰਕੇੇ ਕਿਹਾ ਕਿ ਈਰਾਨ ਇਸ ਟਕਰਾਅ 'ਚ ਬੁਰੀ ਤਰ੍ਹਾਂ ਹਾਰ ਰਿਹਾ ਹੈ | ਉਨ੍ਹਾਂ ਸੰਘਰਸ਼ ਦੌਰਾਨ ਆਪਣੇ ਪ੍ਰਸ਼ਾਸਨ ਵਲੋਂ ਕੀਤੇ ਗਏ ਦਾਅਵਿਆਂ ਨੂੰ ਦੁਹਰਾਉਂਦਿਆਂ ਕਿਹਾ ਕਿ ਈਰਾਨੀ ਜਲ ਸੈਨਾ ਅਤੇ ਹਵਾਈ ਸੈਨਾ ਖ਼ਤਮ ਹੋ ਗਈ ਹੈ, ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ, ਰਡਾਰ, ਮਿਜ਼ਾਈਲ ਅਤੇ ਡਰੋਨ ਫ਼ੈਕਟਰੀਆਂ ਵੱਡੇ ਪੱਧਰ 'ਤੇ ਤਬਾਹ ਹੋ ਗਈਆਂ ਹਨ | ਇਥੇ ਹੀ ਬੱਸ ਨਹੀਂ ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਹੁਣ ਦੁਨੀਆ ਭਰ ਦੇ ਦੇਸ਼ਾਂ 'ਤੇ ਇਕ ਅਹਿਸਾਨ ਵਜੋਂ 'ਸਟ੍ਰੇਟ ਆਫ਼ ਹੋਰਮੁਜ਼' ਵਿਚੋਂ ਬਾਰੂਦੀ ਸੁਰੰਗਾਂ ਨੂੰ ਹਟਾਉਣਾ ਸ਼ੁਰੂ ਕਰਨ ਜਾ ਰਿਹਾ ਹੈ | ਇਸ ਦੌਰਾਨ ਵਾਈਟ ਹਾਊਸ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਅਮਰੀਕਾ ਈਰਾਨ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਨੂੰ ਜਾਰੀ ਕਰਨ ਲਈ ਤਿਆਰ ਹੈ, ਜਦਕਿ ਪਿਛਲੀਆਂ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਕਤਰ ਅਤੇ ਹੋਰ ਦੇਸ਼ਾਂ ਦੇ ਬੈਂਕਾਂ 'ਚ ਰੱਖੇ ਈਰਾਨ ਦੇ ਪੈਸੇ ਨੂੰ ਜਾਰੀ ਕਰਨ ਵਾਲਾ ਹੈ | ਜਾਣਕਾਰੀ ਅਨੁਸਾਰ ਅਮਰੀਕਾ ਅਤੇ ਇਜ਼ਰਾਈਲ ਦੇ ਈਰਾਨ ਨਾਲ ਚੱਲ ਰਹੇ ਟਕਰਾਅ ਨੂੰ ਹੱਲ ਕਰਨ ਦੇ ਉਦੇਸ਼ ਨਾਲ ਇਸਲਾਮਾਬਾਦ ਪਹੁੰਚੇ 70 ਤੋਂ ਵੱਧ ਮੈਂਬਰਾਂ ਵਾਲੇ ਈਰਾਨੀ ਅਤੇ ਅਮਰੀਕੀ ਵਫ਼ਦ ਦਾ ਸਵਾਗਤ ਕਰਨ ਵਾਲੀ ਉੱਚ-ਪੱਧਰੀ ਟੀਮ 'ਚ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਵੀ ਸ਼ਾਮਿਲ ਸਨ | ਦੱਸਣਯੋਗ ਹੈ ਕਿ ਮੁਨੀਰ ਨੇ ਹਵਾਈ ਅੱਡੇ 'ਤੇ ਅਮਰੀਕੀ ਉਪ-ਰਾਸ਼ਟਰਪਤੀ ਜੇ. ਡੀ. ਵੈਂਸ ਦੇ ਸਵਾਗਤ ਵੇਲੇ ਸੂਟ ਪਹਿਨਿਆ ਹੋਇਆ ਸੀ, ਜਦਕਿ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ਼, ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਦੇ ਸਵਾਗਤ ਵੇਲੇ ਆਪਣੀ ਫ਼ੌਜੀ ਵਰਦੀ ਪਹਿਨੀ ਹੋਈ ਸੀ | ਅਮਰੀਕੀ ਵਫ਼ਦ ਦੀ ਅਗਵਾਈ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਨੇ ਕੀਤੀ ਅਤੇ ਵਫ਼ਦ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ, ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਪਾਕਿ 'ਚ ਕਾਰਜਕਾਰੀ ਅਮਰੀਕੀ ਰਾਜਦੂਤ ਨੈਟਲੀ ਏ. ਬੇਕਰ ਵੀ ਸ਼ਾਮਿਲ ਹਨ, ਜਦੋਂਕਿ ਈਰਾਨੀ ਵਫ਼ਦ ਦੀ ਅਗਵਾਈ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ ਨੇ ਕੀਤੀ ਅਤੇ ਉਨ੍ਹਾਂ ਨਾਲ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਵੀ ਮੌਜੂਦ ਸਨ | ਅਮਰੀਕੀ ਵਫ਼ਦ ਨੇ ਈਰਾਨੀ ਵਫ਼ਦ ਨਾਲ ਗੱਲਬਾਤ ਤੋਂ ਪਹਿਲਾਂ ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾਲ ਮੁਲਾਕਾਤ ਕੀਤੀ | ਈਰਾਨੀ ਵਫ਼ਦ ਨੇ ਵੀ ਗੱਲਬਾਤ ਤੋਂ ਪਹਿਲਾਂ ਪਾਕਿ ਦੇ ਫ਼ੌਜ ਮੁਖੀ ਆਸਿਮ ਮੁਨੀਰ ਨਾਲ ਮੁਲਾਕਾਤ ਕਰਕੇ ਖੇਤਰੀ ਸਥਿਤੀ 'ਤੇ ਚਰਚਾ ਕੀਤੀ | ਇਸ ਤੋਂ ਬਾਅਦ ਉਨ੍ਹਾਂ ਪ੍ਰਧਾਨ ਮੰਤਰੀ ਸ਼ਰੀਫ਼ ਨਾਲ ਵੀ ਮੁਲਾਕਾਤ ਕੀਤੀ | ਇਸ ਮੌਕੇ ਪਾਕਿ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਅਤੇ ਗ੍ਰਹਿ ਮੰਤਰੀ ਸਈਦ ਮੋਹਸਿਨ ਰਜ਼ਾ ਨਕਵੀ ਵੀ ਹਾਜ਼ਰ ਸਨ | ਗੱਲਬਾਤ ਦੌਰਾਨ ਅਮਰੀਕਾ ਅਤੇ ਈਰਾਨ ਦੀ ਰਚਨਾਤਮਿਕ ਸ਼ਮੂਲੀਅਤ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹੋਏ ਸ਼ਰੀਫ਼ ਨੇ ਉਮੀਦ ਪ੍ਰਗਟਾਈ ਕਿ ਇਹ ਗੱਲਬਾਤ ਖੇਤਰ 'ਚ ਟਿਕਾਊ ਸ਼ਾਂਤੀ ਵੱਲ ਇਕ ਵਿਸ਼ੇਸ਼ ਕਦਮ ਵਜੋਂ ਕੰਮ ਕਰੇਗੀ | ਈਰਾਨੀ ਸੰਸਦ ਦੇ ਸਪੀਕਰ ਗਾਲਿਬਾਫ ਨੇ ਇਸਲਾਮਾਬਾਦ ਪਹੁੰਚਣ ਤੋਂ ਬਾਅਦ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ | ਇਸ 'ਚ ਜਹਾਜ਼ ਦੀਆਂ ਸੀਟਾਂ 'ਤੇ ਰੱਖੀਆਂ ਬੱਚਿਆਂ ਦੀਆਂ ਤਸਵੀਰਾਂ, ਉਨ੍ਹਾਂ ਦੇ ਖ਼ੂਨ ਨਾਲ ਰੰਗੇ ਸਕੂਲ ਬੈਗ, ਜੁੱਤੇ ਅਤੇ ਫੁੱਲ ਵਿਖਾਈ ਦੇ ਰਹੇ ਹਨ | ਦੱਸਣਯੋਗ ਹੈ ਕਿ 28 ਫਰਵਰੀ ਨੂੰ ਯੁੱਧ ਦੇ ਪਹਿਲੇ ਦਿਨ ਈਰਾਨੀ ਸ਼ਹਿਰ ਮਿਨਾਬ 'ਚ ਇਕ ਪ੍ਰਾਇਮਰੀ ਸਕੂਲ 'ਤੇ ਹਮਲਾ ਕੀਤਾ ਗਿਆ ਸੀ, ਜਿਸ 'ਚ ਬੱਚੇ ਅਤੇ ਸਕੂਲ ਸਟਾਫ਼ ਸਮੇਤ 168 ਲੋਕ ਮਾਰੇ ਗਏ ਸਨ | ਇਸ ਹਮਲੇ ਲਈ ਈਰਾਨ ਵਲੋਂ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ | ਹਾਲਾਂਕਿ, ਅਮਰੀਕਾ ਦਾ ਕਹਿਣਾ ਹੈ ਕਿ ਉਹ ਹਮਲੇ ਦੀ ਜਾਂਚ ਕਰਵਾ ਰਿਹਾ ਹੈ |