ਪੰਜਾਬ
ਪੜ੍ਹਨਾ ਤਾਂ ਏਹਨੇ ਆ
ਜਗਤਾਰ ਸਿੰਘ ਹਿਸੋਵਾਲ
ਬੀਬੀ ਦੱਸਦੀ ਸੀ ਕਿ ਜਦੋਂ ਮੇਰਾ ਜਨਮ ਹੋਇਆ ਸੀ ਤਾਂ ਮੇਰਾ ਨਾਮ ਅਵਤਾਰ ਸਿੰਘ ਰੱਖਿਆ। ਉਸ ਵੇਲੇ ਨਾ ਤਾਂ ਗੁਰਦੁਆਰਾ ਸਾਹਿਬ ਦੇ ਮੁੱਖਵਾਕ ਤੋਂ ਪਹਿਲਾ ਅੱਖਰ ਲੈ ਕੇ ਨਾਮ ਰੱਖਣ ਦਾ ਰਿਵਾਜ ਸੀ ਤੇ ਨਾ ਹੀ ਕਿਸੇ ਵਿਸ਼ੇਸ਼ ਉਚੇਚ ਦੀ ਪਾਲਣਾ ਕੀਤੀ ਜਾਂਦੀ ਸੀ। ਸੱਚ ਪੁੱਛੋ ਤਾਂ ਮੇਰੇ ਅਨਪੜ੍ਹ ਕਿਰਤੀ ਮਾਪਿਆਂ ਨੂੰ ਇਸ ਸਬੰਧੀ ਕੋਈ ਵੱਖਰੀ ਸੂਝ-ਬੂਝ ਵੀ ਨਹੀਂ ਸੀ। ਸੋ, ਸਾਦਗੀ ਨਾਲ ਨਾਮ ਰੱਖ ਦਿੱਤਾ ਗਿਆ। ਹੋ ਸਕਦਾ ਹੈ ਚੌਕੀਦਾਰ ਵਾਲੀ ਪੱਤਰੀ ਵਿੱਚ ਵੀ ਇਹੀ ਨਾਮ ਦਰਜ ਹੋਇਆ ਹੋਵੇ।
ਇੱਕ ਦਿਨ ਜਦੋਂ ਮੈਂ ਆਪਣੀ ਬੀਬੀ ਨਾਲ ਕੱਖ ਖੋਤਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਖੱਟੀ ਪੱਗ ਵਾਲੇ ਮਾਸਟਰ ਜੀ ਮਿਲ ਪਏ। ਬੀਬੀ ਨੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਬੁਲਾਈ ਤੇ ਕਿਹਾ “ਮਾਹਟਰ ਜੀ, ਮੇਰੇ ਮੁੰਡੇ ਨੂੰ ਹੁਣ ਸਕੂਲ ਦਾਖਲ ਕਰਾ ਦਿਓ... ਆਹ ਵਿਸਾਖੀ ਤੱਕ ਏਹ ਸੱਤ ਸਾਲਾਂ ਦਾ ਹੋਜੂ।”
ਮਾਸਟਰ ਜੀ ਨੇ ਸਹਿਜਤਾ ਨਾਲ ਕਿਹਾ, “ਕੋਈ ਗੱਲ ਨਹੀਂ, ਕੱਲ੍ਹ ਕਾਕੇ ਨੂੰ ਲੈ ਕੇ ਸਕੂਲ ਆ ਜਾਵੀਂ।”
ਅਗਲੇ ਦਿਨ ਬੀਬੀ ਮੈਨੂੰ ਨਾਲ ਲੈ ਕੇ ਸਕੂਲ ਪਹੁੰਚ ਗਈ। ਮਾਸਟਰ ਜੀ ਨੇ ਬੀਬੀ ਨੂੰ ਪੁੱਛਿਆ, “ਭਾਈ, ਇਸ ਦਾ ਕੀ ਨਾਂਅ ਹੈ?” ਬੀਬੀ ਨੇ ਜਵਾਬ ਦਿੱਤਾ, “ਅਵਤਾਰ ਸਿੰਘ ਰੱਖਿਆ ਜੀ।” ਮਾਸਟਰ ਜੀ ਨੇ ਪਹਿਲੀ ਕਲਾਸ ਦਾ ਰਜਿਸਟਰ ਵੇਖਿਆ ਤੇ ਕਹਿਣ ਲੱਗੇ, “ਭਾਈ, ਪਹਿਲਾਂ ਹੀ ਦੋ ਹੋਰ ਅਵਤਾਰ ਹਨ। ਐਵੇਂ ਭੁਲੇਖਾ ਪੈਂਦਾ ਰਹੂ...ਕੋਈ ਹੋਰ ਮਿਲਦਾ-ਜੁਲਦਾ ਨਾਮ ਰੱਖ ਲਵੋ।”
ਅੱਜ ਦੇ ਸਮੇਂ ਵਿੱਚ ਹੁੰਦਾ ਤਾਂ ਸ਼ਾਇਦ ਮਾਸਟਰ ਜੀ ਇਹ ਗੱਲ ਕਹਿਣ ਦੀ ਹਿੰਮਤ ਨਾ ਕਰਦੇ ਤੇ ਜੇ ਕਹਿ ਵੀ ਦਿੰਦੇ ਤਾਂ ਮਾਪੇ ਮੰਨਣ ਵਾਲੇ ਨਹੀਂ ਸੀ। ਪਰ ਉਹ ਜ਼ਮਾਨਾ ਹੀ ਹੋਰ ਸੀ। ਬੀਬੀ ਕੁਝ ਸਮਾਂ ਚੁੱਪ ਰਹੀ। ਬੀਬੀ ਨੂੰ ਕੱਖ ਖੋਤਣ ਜਾਣ ਦੀ ਕਾਹਲੀ ਸੀ। ਘਰ ਖੁਰਲੀ ਖੜ੍ਹੀਆਂ ਅਧਿਆਰੇ ’ਤੇ ਲਈਆਂ ਤਿੰਨ ਮੱਝਾਂ ਦਾ ਢਿੱਡ ਜੋ ਭਰਨਾ ਸੀ। ਏਧਰ ਮਾਸਟਰ ਜੀ ਨੇ ਬੀਬੀ ਨੂੰ ਹੋਰ ਚੱਕਰਾਂ ਵਿੱਚ ਪਾ ਦਿੱਤਾ ਸੀ। ਰੰਬਾ ਤੇ ਦਾਤੀ ਬਾਹਰ ਸਕੂਲ ਦੇ ਗੇਟ ’ਤੇ ਪਿਆ ਬੀਬੀ ਦੀ ਉਡੀਕ ਕਰ ਰਹੇ ਸਨ। ਮਾਸਟਰ ਚੰਗਾ ਸੀ, ਵਿਹੜਿਓਂ ਹੀ ਰੱਤੇ ਕੇ ਲਾਣੇ ਦਾ ਰਿਸ਼ਤੇਦਾਰ ਸੀ। ਉਹ ਪੀਲੇ ਰੰਗ ਦੀ ਪੱਗ ਬੰਨ੍ਹਦਾ ਸੀ। ਪਰ ਸਾਰੇ ਪਿੰਡ ਵਾਲੇ ਉਸ ਨੂੰ ਖੱਟੀ ਪੱਗ ਵਾਲਾ ਮਾਸਟਰ ਹੀ ਕਹਿੰਦੇ ਸਨ। ਬੀਬੀ ਨੂੰ ਸ਼ਸ਼ੋਪੰਜ ਵਿੱਚ ਪਈ ਦੇਖ ਕੇ ਮਾਸਟਰ ਜੀ ਨੇ ਆਪ ਹੀ ਕਿਹਾ, “ਅਵਤਾਰ ਨਹੀਂ ਤਾਂ ਜਗਤਾਰ ਰੱਖ ਲਵੋ।”
ਬੀਬੀ ਨੇ ਬਿਨਾਂ ਕਿਸੇ ਸੋਚ-ਵਿਚਾਰ ਦੇ ਤੁਰੰਤ ਸਹਿਮਤੀ ਦਿੰਦਿਆਂ ਕਿਹਾ, “ਮਾਹਟਰ ਜੀ, ਜਗਤਾਰ ਲਿਖ ਲਵੋ...ਪੜ੍ਹਨਾ ਤਾਂ ਏਹਨੇ ਆ, ਨਾਂਅ ਨੇ ਤਾਂ ਨੀਂ।” ਇਸ ਤਰ੍ਹਾਂ ਮੇਰਾ ਨਾਮ ਅਵਤਾਰ ਤੋਂ ਜਗਤਾਰ ਹੋ ਗਿਆ। ਜਾਣੀ ਕਿ ਅਵਤਾਰ ਧਾਰਨ ਤੋਂ ਜਗ ਤਾਰਨ ਤੱਕ ਦਾ ਸਫ਼ਰ ਸਹਿਜ ਹੀ ਹੋ ਗਿਆ। ਬੀਬੀ ਨੂੰ ਚੱਕਰਵਿਊਹ ਤੋਂ ਛੁਟਕਾਰਾ ਮਿਲ ਗਿਆ ਸੀ। ਮੇਰਾ ਜਗਤਾਰ ਸਿੰਘ ਦੇ ਨਾਮ ’ਤੇ ਦਾਖਲਾ ਹੋ ਗਿਆ ਸੀ। ਘਰ ਵਿੱਚ ਅਵਤਾਰ ਦੀ ਬਜਾਏ ਜਗਤਾਰ-ਜਗਤਾਰ ਹੋਣੀ ਸ਼ੁਰੂ ਹੋ ਗਈ।
ਅੱਜ ਜਦੋਂ ਸੋਚਦਾ ਹਾਂ ਤਾਂ ਹੈਰਾਨੀ ਹੁੰਦੀ ਹੈ। ਹੁਣ ਕਿਸੇ ਬੱਚੇ ਦਾ ਨਾਮ ਰੱਖਣਾ ਹੋਵੇ ਤਾਂ ਸਾਰਾ ਪਰਿਵਾਰ ਸਲਾਹੀਂ ਪਿਆ ਰਹਿੰਦਾ ਹੈ। ਨਾਵਾਂ ਦੀਆਂ ਡਿਕਸ਼ਨਰੀਆਂ ਫਰੋਲੀਆਂ ਜਾਂਦੀਆਂ ਨੇ, ਪੰਡਤਾਂ ਕੋਲ ਜਾ ਕੇ ਅੱਖਰ ਲਏ ਜਾਂਦੇ ਹਨ। ਰਿਸ਼ਤੇਦਾਰਾਂ ਤੋਂ ਵੀ ਨਾਵਾਂ ਦੇ ਮਸ਼ਵਰੇ ਲਏ ਜਾਂਦੇ ਹਨ। ਇੱਕ ਵਾਰ ਨਾਮ ਰੱਖ ਦਿੱਤਾ ਜਾਵੇ, ਫਿਰ ਉਸ ਨੂੰ ਬਦਲਣਾ ਤਾਂ ਲਗਭਗ ਅਸੰਭਵ ਹੋ ਜਾਂਦਾ ਹੈ। ਜੇ ਨਾਮ ਵਿੱਚ ਕਿਸੇ ਅੱਖਰ ਦੀ ਵੀ ਸੋਧ ਕਰਨੀ ਪੈ ਜਾਵੇ ਤਾਂ ਜੁੱਤੀਆਂ ਘਸ ਜਾਂਦੀਆਂ ਨੇ। ਸੱਚ ਪੁੱਛੋ ਤਾਂ ਉਹ ਜ਼ਮਾਨੇ ਵਾਕਈ ਭਲੇ ਸੀ, ਜਿੱਥੇ ਸਾਦਗੀ ਸੀ, ਭਰੋਸਾ ਸੀ ਤੇ ਸਭ ਤੋਂ ਵੱਡੀ ਗੱਲ, ਨਾਂ ਤੋਂ ਵੱਧ ਪੜ੍ਹਾਈ ਦੀ ਕਦਰ ਸੀ।