IMG-LOGO
Home News ਘਟ-ਰਿਹਾ-ਸਮਾਜਿਕ-ਰਿਸ਼ਤਿਆਂ-ਦਾ-ਮਹੱਤਵ
ਪੰਜਾਬ

ਘਟ ਰਿਹਾ ਸਮਾਜਿਕ ਰਿਸ਼ਤਿਆਂ ਦਾ ਮਹੱਤਵ

by Admin - 2026-02-17 00:13:00 0 Views 0 Comment
IMG
Harpreet Kaur Sandhu ਰਿਸ਼ਤਿਆਂ ਦਾ ਬੜਾ ਮਹੱਤਵ ਹੈ। ਮਨੁੱਖ ਨੂੰ ਇੱਕ ਸਮਾਜਿਕ ਪ੍ਰਾਣੀ ਕਿਹਾ ਜਾਂਦਾ ਹੈ। ਉਹ ਸਮਾਜ ਦੇ ਬਿਨਾਂ ਨਹੀਂ ਜੀ ਸਕਦਾ। ਪਰਿਵਾਰਕ ਰਿਸ਼ਤਿਆਂ ਦੇ ਨਾਲ ਨਾਲ ਸਮਾਜਿਕ ਰਿਸ਼ਤਿਆਂ ਦਾ ਵੀ ਬਹੁਤ ਮਹੱਤਵ ਹੈ। ਇਹ ਸਾਡੀ ਸ਼ਖ਼ਸੀਅਤ ਦਾ ਵਿਕਾਸ ਵੀ ਕਰਦੇ ਹਨ। ਕੋਈ ਸਮਾਂ ਸੀ ਜਦੋਂ ਇੱਕ ਕੌਲੀ ਦੀ ਸਾਂਝ ਪਰਿਵਾਰਾਂ ਨੂੰ ਇੱਕ ਦੂਜੇ ਨਾਲ ਜੋੜਦੀ ਸੀ। ਆਪਣੇ ਘਰ ਬਣਾਈ ਸਬਜ਼ੀ ਇੱਕ ਕੌਲੀ ਵਿੱਚ ਪਾ ਕੇ ਗੁਆਂਢੀ ਨੂੰ ਦੇਣੀ ਇਹ ਇੱਕ ਆਮ ਵਰਤਾਰਾ ਸੀ। ਕਦੀ ਘਰੇ ਲੂਣ ਜਾਂ ਖੰਡ ਖ਼ਤਮ ਹੋ ਗਈ ਤਾਂ ਗੁਆਂਢੀ ਤੋਂ ਮੰਗ ਲੈਣੀ। ਆਲੇ ਦੁਆਲੇ ਵਿੱਚ ਕੋਈ ਚਾਚੀ ਲੱਗਦੀ ਸੀ, ਕੋਈ ਮਾਸੀ। ਹਰ ਕਿਸੇ ਨੂੰ ਰਿਸ਼ਤੇ ਨਾਲ ਜੋੜਿਆ ਹੋਇਆ ਸੀ। ਉਸ ਸਮੇਂ ਸਮਾਜਿਕ ਸਮੱਸਿਆਵਾਂ ਘੱਟ ਸਨ। ਬੱਚਿਆਂ ਵੱਲੋਂ ਖੁਦਕੁਸ਼ੀ ਦੀ ਗੱਲ ਤਾਂ ਕਦੇ ਸੁਣੀ ਹੀ ਨਹੀਂ ਸੀ। ਸੱਚ ਕਹੀਏ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਖੁਦਕੁਸ਼ੀ ਕੀ ਹੁੰਦੀ ਹੈ। ਬੱਚਾ ਸਮਾਜ ਦੀ ਨਿਗਰਾਨੀ ਵਿੱਚ ਪਲਦਾ ਸੀ। ਇਸ ਤਰ੍ਹਾਂ ਉਹ ਬਹੁਤ ਸਾਰੀਆਂ ਬੁਰਾਈਆਂ ਤੋਂ ਦੂਰ ਰਹਿੰਦਾ ਸੀ, ਪਰ ਅੱਜ ਅਸੀਂ ਆਪਣਾ ਇਹ ਸਮਾਜਿਕ ਤਾਣਾ ਖ਼ਤਮ ਕਰ ਦਿੱਤਾ ਹੈ। ਸਾਡੇ ’ਤੇ ਇਕੱਲਤਾ, ਆਜ਼ਾਦੀ ਤੇ ਪ੍ਰਾਈਵੇਸੀ ਭਾਰੂ ਹੈ। ਇਸ ਦਾ ਅਸੀਂ ਨਤੀਜਾ ਵੀ ਭੁਗਤ ਰਹੇ ਹਾਂ। ਬੱਚਿਆਂ ਵਿੱਚ ਮਨੋਵਿਗਿਆਨਕ ਸਮੱਸਿਆਵਾਂ ਇਸ ਆਜ਼ਾਦੀ ਦੀ ਹੀ ਦੇਣ ਹਨ। ਸਮਾਜ ਦਾ ਡਰ ਸਿਰ ’ਤੇ ਨਾ ਹੋਣ ਕਰਕੇ ਮਨੁੱਖ ਨੈਤਿਕ ਤੇ ਅਨੈਤਿਕ ਦਾ ਭੇਦ ਭੁੱਲ ਗਿਆ ਹੈ। ਸਮਾਜ ਇੱਕ ਅਜਿਹਾ ਡੰਡਾ ਹੈ ਜਿਸ ਦਾ ਡਰ ਮਨੁੱਖ ਨੂੰ ਨੈਤਿਕਤਾ ਵੱਲ ਖਿੱਚਦਾ ਹੈ, ਪਰ ਹੁਣ ਅਸੀਂ ਸਿਰ ਤੋਂ ਉਹ ਡੰਡਾ ਚੁੱਕ ਲਿਆ ਹੈ। ‘ਮੇਰੀ ਜ਼ਿੰਦਗੀ ਹੈ ਮੈਂ ਜੋ ਮਰਜ਼ੀ ਕਰਾਂ।’ ਇਸ ਇੱਕ ਵਾਕ ਨੇ ਸਾਨੂੰ ਤਬਾਹ ਕਰ ਦਿੱਤਾ ਹੈ। ਸਾਡਾ ਸਮਾਜਿਕ ਢਾਂਚਾ ਪੂਰੀ ਤਰ੍ਹਾਂ ਚਰਮਰਾ ਗਿਆ ਹੈ। ਸਮਾਜਿਕ ਢਾਂਚੇ ਦੇ ਬਿਖਰਨ ਦਾ ਮੁੱਖ ਕਾਰਨ ਪਰਿਵਾਰਾਂ ਦਾ ਬਿਖਰਨਾ ਹੈ। ਪਰਿਵਾਰ ਵਿੱਚ ਹਰ ਕੋਈ ਆਪਣੇ ਹਿਸਾਬ ਨਾਲ ਜਿਉਣਾ ਚਾਹੁੰਦਾ ਹੈ। ਕਿਸੇ ਨੂੰ ਕਿਸੇ ਕਿਸਮ ਦੀ ਕੋਈ ਦਖਲਅੰਦਾਜ਼ੀ ਪਸੰਦ ਨਹੀਂ। ਜਿੱਥੇ ਹਰ ਕੋਈ ਆਪਣੇ ਹਿਸਾਬ ਨਾਲ ਚੱਲਦਾ ਹੋਵੇ, ਉੱਥੇ ਰਿਸ਼ਤਿਆਂ ਦਾ ਮਹੱਤਵ ਲਗਭਗ ਖ਼ਤਮ ਹੀ ਹੁੰਦਾ ਹੈ। ਆਜ਼ਾਦੀ ਦੀ ਇਸ ਦੌੜ ਵਿੱਚ ਇਜ਼ਾਫਾ ਕਰਨ ਲਈ ਸਾਡੇ ਹੱਥ ਵਿੱਚ ਇੱਕ ਮੋਬਾਈਲ ਆ ਗਿਆ ਹੈ। ਇੱਕ ਅਜਿਹਾ ਹਥਿਆਰ ਜੋ ਸਾਨੂੰ ਕੋਲ ਬੈਠਿਆਂ ਤੋਂ ਦੂਰ ਕਰਦਾ ਹੈ ਤੇ ਦੂਰ ਬੈਠਿਆਂ ਦੇ ਨੇੜੇ ਕਰ ਦਿੰਦਾ ਹੈ। ਇੱਕ ਖੋਜ ਵਿੱਚ ਇਹ ਪਾਇਆ ਗਿਆ ਕਿ ਹੁਣ ਦੀ ਪੀੜ੍ਹੀ ਫੋਨ ਕਰਕੇ ਗੱਲ ਕਰਨ ਦੀ ਬਜਾਇ ਮੈਸੇਜ ਕਰਨਾ ਪਸੰਦ ਕਰਦੀ ਹੈ। ਤੁਸੀਂ ਘਰ ਵਿੱਚ ਬੈਠੇ ਹੋ, ਤੁਹਾਡਾ ਬੱਚਾ ਇਕਦਮ ਜਾ ਕੇ ਦਰਵਾਜ਼ਾ ਖੋਲ੍ਹਦਾ ਹੈ ਤੇ ਉੱਥੇ ਉਸ ਦਾ ਦੋਸਤ ਖੜ੍ਹਾ ਹੈ। ਤੁਸੀਂ ਹੈਰਾਨ ਹੁੰਦੇ ਹੋ ਕਿ ਘੰਟੀ ਤਾਂ ਵੱਜੀ ਹੀ ਨਹੀਂ, ਨਾ ਫੋਨ ਦੀ ਨਾ ਦਰਵਾਜ਼ੇ ਦੀ, ਪਰ ਉਸ ਬੱਚੇ ਨੇ ਆਪਣੇ ਦੋਸਤ ਨੂੰ ਮੈਸੇਜ ਕੀਤਾ ਹੁੰਦਾ ਹੈ। ਅਕਸਰ ਇਹ ਵੀ ਦੇਖਿਆ ਗਿਆ ਹੈ ਕਿ ਲੋਕ ਆਪਸ ਵਿੱਚ ਗੱਲਬਾਤ ਬਹੁਤ ਘੱਟ ਕਰ ਰਹੇ ਹਨ। ਪਰਿਵਾਰ ਵਿੱਚ ਜੇ ਚਾਰ ਜੀ ਹਨ ਤਾਂ ਚਾਰੋਂ ਹੀ ਆਪਣਾ ਆਪਣਾ ਕੋਈ ਨਾ ਕੋਈ ਕੰਮ ਕਰ ਰਹੇ ਹਨ। ਆਪਸੀ ਗੱਲਬਾਤ ਲਗਾਤਾਰ ਘਟਦੀ ਜਾ ਰਹੀ ਹੈ। ਇਸ ਪਿੱਛੇ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਮੋਬਾਈਲ, ਕੰਪਿਊਟਰ ਤੇ ਲੈਪਟਾਪ ਵਿੱਚ ਇੰਨਾ ਗੁੰਮਗਾਰ ਲਿਆ ਹੈ ਕਿ ਸਾਡੀ ਸਾਰੀ ਦੁਨੀਆ ਇਨ੍ਹਾਂ ਵਿੱਚ ਹੀ ਸਿਮਟ ਕੇ ਰਹਿ ਗਈ ਹੈ। ਜੇਕਰ ਪਰਿਵਾਰ ਦਾ ਕੋਈ ਜੀ ਕਿਤੇ ਗਿਆ ਹੋਵੇ ਤਾਂ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ, ਪਰ ਜੇਕਰ ਫੋਨ ਖ਼ਰਾਬ ਹੋ ਜਾਵੇ ਤਾਂ ਇੰਝ ਲੱਗਦਾ ਹੈ ਜਿਵੇਂ ਦੁਨੀਆ ਹੀ ਖ਼ਤਮ ਹੋ ਗਈ ਹੈ। ਸਾਡੇ ਬੱਚੇ ਇੱਕ ਵਰਚੁਅਲ ਸਮਾਜ ਵਿੱਚ ਜੀ ਰਹੇ ਹਨ। ਉਸ ਵਰਚੁਅਲ ਸਮਾਜ ਵਿੱਚ ਜੋ ਉਨ੍ਹਾਂ ਨੂੰ ਪਰੋਸਿਆ ਜਾ ਰਿਹਾ ਹੈ, ਉਨ੍ਹਾਂ ਨੂੰ ਉਹੀ ਜ਼ਿੰਦਗੀ ਦਾ ਸੱਚ ਲੱਗਦਾ ਹੈ। ਕਿਸੇ ਡਰਾਮੇ ਜਾਂ ਕਿਸੇ ਖੇਡ ’ਤੇ ਉਹ ਭਾਵਨਾਤਮਕ ਤੌਰ ’ਤੇ ਇੰਨੇ ਨਿਰਭਰ ਹੋ ਜਾਂਦੇ ਹਨ ਕਿ ਉਸ ਤੋਂ ਬਿਨਾਂ ਉਨ੍ਹਾਂ ਨੂੰ ਆਪਣੀ ਹੋਂਦ ਮਹਿਸੂਸ ਹੀ ਨਹੀਂ ਹੁੰਦੀ। ਉਹ ਜੋ ਦੇਖਦੇ ਹਨ, ਉਹੀ ਸਮਝਦੇ ਹਨ ਤੇ ਉਸੇ ਤਰ੍ਹਾਂ ਜਿਉਣ ਲੱਗਦੇ ਹਨ। ਉਨ੍ਹਾਂ ਲਈ ਜ਼ਿੰਦਗੀ ਸਿਰਫ਼ ਉਹ ਹੈ ਜੋ ਉਸ ਗੇਮ ਦਾ ਨਾਇਕ ਜੀ ਰਿਹਾ ਹੈ ਜਾਂ ਉਸ ਡਰਾਮੇ ਦਾ ਨਾਇਕ ਜਿਸ ਨੂੰ ਉਹ ਵੇਖ ਰਹੇ ਹਨ। ਜਦੋਂ ਕਿ ਅਸੀਂ ਜਾਣਦੇ ਹਾਂ ਕਿ ਜ਼ਿੰਦਗੀ ਇਸ ਤੋਂ ਬਹੁਤ ਅਲੱਗ ਹੈ। ਤੁਸੀਂ ਸੋਚਣ ਦੀ ਕੋਸ਼ਿਸ਼ ਕਰੋ ਕਿ ਤੁਹਾਨੂੰ ਕਿੰਨੇ ਫੋਨ ਨੰਬਰ ਯਾਦ ਹਨ। ਇੱਕ ਸਮਾਂ ਸੀ ਜਦੋਂ ਸਾਨੂੰ ਹਰ ਕਿਸੇ ਦਾ ਨੰਬਰ ਜੁਬਾਨੀ ਯਾਦ ਹੁੰਦਾ ਸੀ। ਇਹ ਤਾਰ ਨਾਲ ਜੁੜੇ ਹੋਏ ਫੋਨ ਦੇ ਸਮੇਂ ਦੀ ਗੱਲ ਹੈ। ਅੱਜ ਸਾਡੀ ਸਾਰੀ ਜਾਣਕਾਰੀ ਫੋਨ ਵਿੱਚ ਹੈ। ਸਾਨੂੰ ਇੱਕ ਜਾਂ ਦੋ ਤੋਂ ਵੱਧ ਨੰਬਰ ਯਾਦ ਨਹੀਂ ਹੋਣਗੇ। ਅਸੀਂ ਤਾਂ ਆਪਣੇ ਪਾਸਵਰਡ ਵੀ ਉਸ ਫੋਨ ਵਿੱਚ ਸੇਵ ਕਰਕੇ ਰੱਖਦੇ ਹਾਂ। ਇਸ ਦਾ ਸਾਡੀ ਯਾਦ ਸ਼ਕਤੀ ’ਤੇ ਬਹੁਤ ਗਹਿਰਾ ਅਸਰ ਪੈ ਰਿਹਾ ਹੈ। ਮਨੁੱਖ ਦੀ ਮਾਨਸਿਕ ਸ਼ਕਤੀ ਘਟ ਰਹੀ ਹੈ। ਅੱਜ ਹਰ ਸਮੱਸਿਆ ਦਾ ਹੱਲ ਮੋਬਾਈਲ ਹੀ ਲੱਗਦਾ ਹੈ। ਵਟਸਐਪ ’ਤੇ ਹੀ ਦੋਸਤੀ ਹੁੰਦੀ ਹੈ, ਵਟਸਐਪ ’ਤੇ ਹੀ ਪਿਆਰ ਹੁੰਦਾ ਹੈ ਤੇ ਵਟਸਐਪ ’ਤੇ ਹੀ ਤੋੜ ਵਿਛੋੜਾ ਵੀ ਹੋ ਜਾਂਦਾ ਹੈ। ਇਸ ਮਸਨੂਈ ਕਿਸਮ ਦੇ ਪਿਆਰ ਵਿੱਚ ਪਾਤਰ ਵੀ ਮਸਨੂਈ ਹਨ। ਇਹ ਤਾਂ ਪਤਾ ਨਹੀਂ ਹੁੰਦਾ ਕਿ ਸਾਹਮਣੇ ਕੌਣ ਹੈ। ਜੋ ਉਹ ਆਪਣੇ ਬਾਰੇ ਦੱਸਦਾ ਹੈ, ਉਸ ਨੂੰ ਹੀ ਸੱਚ ਮੰਨ ਕੇ ਉਸ ਨਾਲ ਗੱਲ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਇਸ ਤਰ੍ਹਾਂ ਧੋਖਾਧੜੀ ਵੀ ਕਰਦੇ ਹਨ। ਨਾਜ਼ੁਕ ਦਿਲ ਵਾਲੇ ਇਸ ਜਾਲ ਵਿੱਚ ਉਲਝ ਜਾਂਦੇ ਹਨ ਤੇ ਕਈ ਵਾਰ ਆਪਣਾ ਮਾਨਸਿਕ ਸੰਤੁਲਨ ਜਾਂ ਜ਼ਿੰਦਗੀ ਗੁਆ ਬੈਠਦੇ ਹਨ। ਨੈੱਟਫਲਿਕਸ ਜਾਂ ਵੈੱਬ ਸੀਰੀਜ਼ ਦਾ ਜਾਲ ਤੁਹਾਨੂੰ ਇੱਕ ਵੱਖਰੀ ਦੁਨੀਆ ਵਿੱਚ ਲੈ ਜਾਂਦਾ ਹੈ। ਬੱਚੇ ਜੋ ਦੇਖਦੇ ਹਨ, ਉਸੇ ਨੂੰ ਹੀ ਸੱਚ ਮੰਨਦੇ ਹਨ। ਜਦੋਂ ਉਹ ਅਸਲ ਸਮਾਜ ਵਿੱਚ ਨਹੀਂ ਵਿਚਰਦੇ ਤਾਂ ਉਨ੍ਹਾਂ ਨੂੰ ਸਮਝ ਹੀ ਨਹੀਂ ਹੁੰਦੀ ਕਿ ਸਮਾਜ ਅਸਲ ਵਿੱਚ ਹੈ ਕੀ। ਉਨ੍ਹਾਂ ਨੂੰ ਸਿਰਫ਼ ਉਹੀ ਸੱਚ ਲੱਗਦਾ ਹੈ ਜੋ ਉਹ ਵੇਖਦੇ ਹਨ। ਇਸੇ ਲਈ ਬੱਚਿਆਂ ਦੇ ਦੂਜਿਆਂ ਨਾਲ ਆਪਸੀ ਸਬੰਧ ਬਹੁਤੇ ਗੂੜ੍ਹੇ ਨਹੀਂ ਹੁੰਦੇ। ਅਜਿਹੇ ਇਕੱਲੇਪਣ ਦਾ ਸ਼ਿਕਾਰ ਜਦੋਂ ਕਿਸੇ ਨਾਲ ਸਬੰਧ ਵਿੱਚ ਪੈਂਦੇ ਹਨ ਤਾਂ ਉਸ ਨੂੰ ਸੰਭਾਲ ਨਹੀਂ ਪਾਉਂਦੇ। ਅਸਲ ਵਿੱਚ ਉਨ੍ਹਾਂ ਨੂੰ ਭਾਵਨਾਤਮਕ ਤਰੀਕੇ ਨਾਲ ਚੱਲਣਾ ਹੀ ਨਹੀਂ ਆਉਂਦਾ। ਜਦੋਂ ਬੱਚੇ ਵੀਡੀਓ ਗੇਮ ਖੇਡਦੇ ਹਨ ਤਾਂ ਸਭ ਕੁਝ ਉਨ੍ਹਾਂ ਦੇ ਮੁਤਾਬਕ ਹੁੰਦਾ ਹੈ। ਨਿੱਕੇ ਬੱਚੇ ਹੀ ਵੀਡੀਓ ਗੇਮ ਖੇਡਣ ਲੱਗਦੇ ਹਨ। ਗੇਮ ਹਾਰਨ ਤੋਂ ਬਾਅਦ ਨਵੇਂ ਸਿਰ ਤੋਂ ਸ਼ੁਰੂ ਕਰਕੇ ਜਿੱਤਿਆ ਜਾ ਸਕਦਾ ਹੈ। ਇਸ ਤਰ੍ਹਾਂ ਬੱਚਾ ਆਪਣੇ ਹਿਸਾਬ ਨਾਲ ਸਭ ਕੁਝ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਜ਼ਿੰਦਗੀ ਇੱਕ ਵੀਡੀਓ ਗੇਮ ਦੀ ਤਰ੍ਹਾਂ ਹੈ, ਪਰ ਸੱਚਾਈ ਇਸ ਤੋਂ ਬਿਲਕੁਲ ਵੱਖਰੀ ਹੈ ਤੇ ਜਦੋਂ ਬੱਚੇ ਨੂੰ ਸੱਚ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਨੂੰ ਬਹੁਤ ਔਖਾ ਲੱਗਦਾ ਹੈ। ਮਾਂ-ਬਾਪ ਆਪਣੇ ਬੱਚਿਆਂ ਨੂੰ ਰਿਸ਼ਤੇਦਾਰਾਂ ਤੋਂ ਦੂਰ ਰੱਖਦੇ ਹਨ। ਉਹ ਬੱਚਿਆਂ ਨੂੰ ਆਪਣੇ ਤੱਕ ਸੀਮਤ ਕਰ ਲੈਂਦੇ ਹਨ। ਸਮਾਜਿਕ ਰਿਸ਼ਤੇ ਬੰਦੇ ਦੀ ਬਹੁਤ ਵੱਡੀ ਜ਼ਰੂਰਤ ਹਨ। ਇਹ ਰਿਸ਼ਤੇ ਬੱਚੇ ਨੂੰ ਭਾਵਨਾਤਮਕ ਤੌਰ ’ਤੇ ਮਜ਼ਬੂਤ ਕਰਦੇ ਹਨ। ਜਿਹੜੇ ਬੱਚੇ ਇੱਕ ਵੱਡੇ ਪਰਿਵਾਰ ਵਿੱਚ ਪਲਦੇ ਹਨ, ਉਹ ਭਾਵਨਾਤਮਕ ਤੌਰ ’ਤੇ ਮਜ਼ਬੂਤ ਹੁੰਦੇ ਹਨ। ਉਨ੍ਹਾਂ ਵਿੱਚ ਕਿਸੇ ਕਿਸਮ ਦਾ ਡਰ ਬਹੁਤ ਘੱਟ ਹੁੰਦਾ ਹੈ। ਉਹ ਜ਼ਿੰਦਗੀ ਦਾ ਸਾਹਮਣਾ ਸੌਖੇ ਤਰੀਕੇ ਨਾਲ ਕਰਦੇ ਹਨ। ਛੋਟੇ ਪਰਿਵਾਰ ਵਿੱਚ ਰਹਿਣ ਵਾਲੇ ਬੱਚੇ ਆਪਣੇ ਆਪ ਵਿੱਚ ਹੀ ਸਿਮਟ ਕੇ ਰਹਿ ਜਾਂਦੇ ਹਨ। ਉਨ੍ਹਾਂ ਦੇ ਅੰਦਰ ਕਿਤੇ ਖਾਲੀਪਣ ਜ਼ਰੂਰ ਹੁੰਦਾ ਹੈ। ਸਮਾਜਿਕ ਰਿਸ਼ਤਿਆਂ ਦਾ ਨਿੱਘ ਮਨੁੱਖ ਨੂੰ ਮਜ਼ਬੂਤੀ ਦਿੰਦਾ ਹੈ। ਜਿਵੇਂ ਜਿਵੇਂ ਅਸੀਂ ਆਪਣੇ ਰਿਸ਼ਤਿਆਂ ਨਾਲੋਂ, ਪਰਿਵਾਰਾਂ ਨਾਲੋਂ ਦੂਰ ਹੋ ਰਹੇ ਹਾਂ, ਉਵੇਂ ਹੀ ਅਸੀਂ ਆਪਣੇ ਮਾਨਸਿਕ ਦਬਾਅ ਨੂੰ ਵਧਾ ਰਹੇ ਹਾਂ। ਵੱਡੇ ਪਰਿਵਾਰ ਵਿੱਚ ਬੱਚੇ ਦੀ ਮਾਨਸਿਕ ਸੁਰੱਖਿਆ ਲਈ ਬਜ਼ੁਰਗ ਮੌਜੂਦ ਹੁੰਦੇ ਸਨ। ਹਾਣ ਦਿਆਂ ਨਾਲ ਖੇਡਣ ਲਈ ਪਰਿਵਾਰ ਦੇ ਹੋਰ ਬੱਚੇ ਮੌਜੂਦ ਹੁੰਦੇ ਸਨ। ਬੱਚੇ ਨੂੰ ਕਈ ਤਰ੍ਹਾਂ ਦੇ ਰਿਸ਼ਤਿਆਂ ਦਾ ਪਿਆਰ ਮਿਲਦਾ ਸੀ। ਪਿਆਰ ਮਨੁੱਖ ਦੀ ਬੁਨਿਆਦੀ ਜ਼ਰੂਰਤ ਹੈ। ਹੁਣ ਜਦੋਂ ਮਾਤਾ-ਪਿਤਾ ਦੋਵੇਂ ਕੰਮ ਕਰਦੇ ਹਨ ਤਾਂ ਬੱਚੇ ਅਕਸਰ ਘਰ ਵਿੱਚ ਇਕੱਲੇ ਰਹਿੰਦੇ ਹਨ। ਅਜਿਹੇ ਵਿੱਚ ਬੱਚੇ ਜਾਂ ਤਾਂ ਨੌਕਰਾਂ ’ਤੇ ਨਿਰਭਰ ਹਨ ਜਾਂ ਲੈਪਟਾਪ, ਮੋਬਾਈਲ ਅਤੇ ਕੰਪਿਊਟਰ ’ਤੇ। ਇਸ ਤਰ੍ਹਾਂ ਦੇ ਬੱਚੇ ਅਕਸਰ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਤੱਤ ਭਾਵਨਾਤਮਕ ਸਬੰਧ ਅਤੇ ਰਿਸ਼ਤਿਆਂ ਤੋਂ ਦੂਰ ਹੋਣ ਕਰਕੇ ਕਿਤੇ ਨਾ ਕਿਤੇ ਮਾਨਸਿਕ ਤੌਰ ’ਤੇ ਕਮਜ਼ੋਰ ਹੋ ਜਾਂਦੇ ਹਨ। ਮਨੁੱਖ ਨੂੰ ਜੋ ਸੁਰੱਖਿਆ ਮਨੁੱਖ ਦੇ ਸਕਦਾ ਹੈ, ਉਹ ਕੋਈ ਵੀ ਗੈਜ਼ੇਟ ਜਾਂ ਮਸ਼ੀਨ ਨਹੀਂ ਦੇ ਸਕਦੀ। ਇਸ ਗੱਲ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਸਮਾਜ ਰੂਪੀ ਇੱਕ ਵੱਡੇ ਪਰਿਵਾਰ ਦਾ ਹਿੱਸਾ ਹਾਂ। ਇਸ ਵਿੱਚ ਰਹਿ ਕੇ ਹੀ ਅਸੀਂ ਸੁਰੱਖਿਅਤ ਵੀ ਹਾਂ ਤੇ ਕਾਮਯਾਬ ਵੀ ਹਾਂ। ਜੇਕਰ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਮੋਬਾਈਲ ਦੀ ਕੈਦ ’ਚੋਂ ਕੱਢਣਾ ਹੈ ਤਾਂ ਸਾਨੂੰ ਰਿਸ਼ਤਿਆਂ ਦੀ ਲੋੜ ਪਵੇਗੀ। ਸਾਨੂੰ ਆਪਣੇ ਬੱਚੇ ਨੂੰ ਸਮਾਜਿਕ ਤੌਰ ’ਤੇ ਜੋੜਨਾ ਪਵੇਗਾ। ਜੇਕਰ ਅਜੇ ਵੀ ਅਸੀਂ ਇਹ ਨਾ ਸਮਝੇ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸ਼ਿਕਾਰ ਹੋਵੇਗੀ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਇੱਕ ਵਾਰ ਫਿਰ ਤੋਂ ਇਸ ਮੋਬਾਈਲ ਤੇ ਵੈੱਬ ਸੀਰੀਜ਼ ਦੇ ਜਾਲ ’ਚੋਂ ਨਿਕਲ ਕੇ ਅਸਲੀਅਤ ਦੀ ਦੁਨੀਆ ਵਿੱਚ ਵਿਚਰੀਏ। ਇਸ ਵਿੱਚ ਦਿਖਾਈ ਗਈ ਹਿੰਸਾ ਤੋਂ ਆਪਣੇ ਬੱਚੇ ਨੂੰ ਬਚਾਈਏ। ਆਪਣੇ ਬੱਚਿਆਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਉਨ੍ਹਾਂ ਨੂੰ ਪਰਿਵਾਰਕ ਰਿਸ਼ਤਿਆਂ ਦਾ ਮਹੱਤਵ ਸਮਝਾਈਏ।

Leave a Comment

Your email address will not be published. Required fields are marked *