IMG-LOGO
Home News ਪਾਕਿਸਤਾਨ-ਨੂੰ-ਹਰਾ-ਕੇ-ਭਾਰਤ-ਸੁਪਰ-8-ਵਿੱਚ
ਖੇਡ

ਪਾਕਿਸਤਾਨ ਨੂੰ ਹਰਾ ਕੇ ਭਾਰਤ ਸੁਪਰ 8 ਵਿੱਚ

by Admin - 2026-02-17 00:08:17 0 Views 0 Comment
IMG
ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਬਣਿਆ ‘ਮੈਨ ਆਫ ਦਿ ਮੈਚ’; ਨੈਦਰਲੈਂਡਜ਼ ਖ਼ਿਲਾਫ਼ ਮੁਕਾਬਲਾ ਬੁੱਧਵਾਰ ਨੂੰ ਕੋਲੰਬੋ ਭਾਰਤ ਨੇ ਅੱਜ ਇਥੇ ਟੀ20 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਮੁਕਾਬਲੇ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 61 ਦੌੜਾਂ ਦੀ ਕਰਾਰੀ ਸ਼ਿਕਸਤ ਦਿੱਤੀ। ਭਾਰਤ ਦੀ ਜਿੱਤ ਦਾ ਨਾਇਕ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਰਿਹਾ, ਜਿਸ ਨੇ ਪ੍ਰੇਮਦਾਸਾ ਸਟੇਡੀਅਮ ਦੀ ਚੁਣੌਤੀਪੂਰਨ ਪਿੱਚ ’ਤੇ 40 ਗੇਂਦਾਂ ਵਿੱਚ 77 ਦੌੜਾਂ ਦੀ ਉਮਦਾ ਪਾਰੀ ਖੇਡੀ। ਖੱਬੇ ਹੱਥ ਦੇ ਬੱਲੇਬਾਜ਼ ਨੇ ਪਾਰੀ ਦੌਰਾਨ 10 ਚੌਕੇ ਤੇ ਤਿੰਨ ਛੱਕੇ ਜੜੇ। ਇਸ਼ਾਨ ਦੀ ਤੇਜ਼ ਤਰਾਰ ਪਾਰੀ ਸਦਕਾ ਭਾਰਤੀ ਟੀਮ ਸੱਤ ਵਿਕਟਾਂ ਦੇ ਨੁਕਸਾਨ ਨਾਲ 175 ਦਾ ਸਕੋਰ ਖੜ੍ਹਾ ਕਰਨ ਵਿੱਚ ਸਫਲ ਰਹੀ। ਟੀਚੇ ਦਾ ਪਿੱਛਾ ਕਰਦਿਆਂ ਪਾਕਿ ਟੀਮ 18 ਓਵਰਾਂ ਵਿੱਚ 114 ਦੌੜਾਂ ’ਤੇ ਆਊਟ ਹੋ ਗਈ। ਪਾਕਿਸਤਾਨ ਦਾ ਸਿਖਰਲਾ ਬੱਲੇਬਾਜ਼ੀ ਕ੍ਰਮ ਪੂਰੀ ਤਰ੍ਹਾਂ ਨਾਕਾਮ ਰਿਹਾ। ਸਾਹਿਬਜ਼ਾਦਾ ਫ਼ਰਹਾਨ (0), ਸੈਮ ਅਯੂਬ (6), ਕਪਤਾਨ ਸਲਮਾਨ ਅਲੀ ਆਗਾ(4) ਤੇ ਸਾਬਕਾ ਕਪਤਾਨ ਬਾਬਰ ਆਜ਼ਮ (5) ਭਾਰਤੀ ਗੇਂਦਬਾਜ਼ਾਂ ਅੱਗੇ ਛੇਤੀ ਗੋਡੇ ਟੇਕ ਗਏ। ਭਾਰਤੀ ਤੇਜ਼ ਗੇਂਦਬਾਜ਼ਾਂ ਤੇ ਸਪਿੰਨਰਾਂ ਨੇ ਨਿਯਮਤ ਵਕਫ਼ੇ ’ਤੇ ਵਿਕਟਾਂ ਲਈਆਂ ਤੇ ਵਿਰੋਧੀ ਟੀਮ ਨੂੰ ਦੌੜਾਂ ਬਣਾਉਣ ਤੋਂ ਡੱਕੀ ਰੱਖਿਆ। ਭਾਰਤ ਲਈ ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਿਆ, ਵਰੁਣ ਚੱਕਰਵਰਤੀ ਤੇ ਅਕਸ਼ਰ ਪਟੇਲ ਨੇ ਦੋ ਦੋ ਵਿਕਟਾਂ ਲਈਆਂ ਜਦੋਂਕਿ ਇਕ-ਇਕ ਵਿਕਟ ਕੁਲਦੀਪ ਯਾਦਵ ਤੇ ਤਿਲਕ ਵਰਮਾ ਦੇ ਹਿੱਸੇ ਆਈ। ਪਾਕਿਸਤਾਨ ਲਈ ਉਸਮਾਨ ਖ਼ਾਨ 44 ਦੌੜਾਂ ਨਾਲ ਟੌਪ ਸਕੋਰਰ ਰਿਹਾ। ਸ਼ਾਹੀਨ ਅਫ਼ਰੀਦੀ 23 ਦੌੜਾਂ ਨਾਲ ਨਾਬਾਦ ਰਿਹਾ। ਗਰੁੱਪ ਏ ਵਿੱਚ ਭਾਰਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਇਸ ਜਿੱਤ ਨਾਲ ਭਾਰਤ ਨੇ ਸੁਪਰ 8 ਗੇੜ ਵਿੱਚ ਥਾਂ ਪੱਕੀ ਕਰ ਲਈ ਹੈ। ਟੀ20 ਵਿਸ਼ਵ ਕੱਪ ਮੁਕਾਬਲਿਆਂ ਵਿੱਚ ਪਾਕਿਸਤਾਨ ਖਿਲਾਫ਼ ਭਾਰਤੀ ਦੀ ਲੀਡ ਹੁਣ 8-1 ਹੋ ਗਈ ਹੈ। ਭਾਰਤ ਗਰੁੱਪ ਗੇੜ ਦਾ ਆਪਣਾ ਆਖਰੀ ਮੁਕਾਬਲਾ ਬੁੱਧਵਾਰ ਨੂੰ ਨੀਦਰਲੈਂਡਜ਼ ਖਿਲਾਫ਼ ਖੇੇਡੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸੱਦੇ ’ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਭਾਰਤ ਨੂੰ ਪਹਿਲੇ ਹੀ ਓਵਰ ਵਿੱਚ ਅਭਿਸ਼ੇਕ ਸ਼ਰਮਾ ਦੇ ਰੂਪ ਵਿੱਚ ਵੱਡਾ ਝਟਕਾ ਲੱਗਾ। ਖੱਬੇ ਹੱਥ ਦਾ ਬੱਲੇਬਾਜ਼ ਬਿਨਾਂ ਖਾਤਾ ਖੋਲ੍ਹਿਆਂ ਸਲਮਾਨ ਅਲੀ ਆਗਾ ਦਾ ਸ਼ਿਕਾਰ ਬਣਿਆ। ਇਸ਼ਾਨ ਕਿਸ਼ਨ ਤੋਂ ਛੁੱਟ ਬਾਕੀ ਬੱਲੇਬਾਜ਼ਾਂ ਨੂੰ ਪਾਕਿਸਤਾਨੀ ਸਪਿੰਨਰਾਂ ਖਿਲਾਫ਼ ਚੌਕੇ ਛੱਕੇ ਜੜਨ ਵਿਚ ਖਾਸੀਆਂ ਮੁਸ਼ਕਲਾਂ ਆਈਆਂ। ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ 27 ਗੇਂਦਾਂ ’ਤੇ 32 ਦੌੜਾਂ ਬਣਾਈਆਂ। ਹੋਰਨਾਂ ਭਾਰਤੀ ਬੱਲੇਬਾਜ਼ਾਂ ਵਿੱਚ ਤਿਲਕ ਵਰਮਾ ਨੇ 25 ਤੇ ਸ਼ਿਵਮ ਦੂਬੇ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਰਿੰਕੂ ਸਿੰਘ 11 ਦੌੜਾਂ ਨਾਲ ਨਾਬਾਦ ਰਿਹਾ। ਅਭਿਸ਼ੇਕ ਸ਼ਰਮਾ ਵਾਂਗ ਹਾਰਦਿਕ ਪੰਡਿਆ ਤੇ ਅਕਸ਼ਰ ਪਟੇਲ ਵੀ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੇੇ। ਪਾਕਿਸਤਾਨ ਲਈ ਸੈਮ ਅਯੂਬ ਨੇ ਚਾਰ ਓਵਰਾਂ ਵਿੱਚ 25 ਦੌੜਾਂ ਬਦਲੇ ਤਿੰਨ ਵਿਕਟ ਲਏ।

Leave a Comment

Your email address will not be published. Required fields are marked *