ਦੇਸ਼
ਸਾਡੇ ਫ਼ੌਜੀਆਂ ਨੇ ਪਾਕਿਸਤਾਨ ਦੀਆਂ ਗੋਡਣੀਆਂ ਲੁਆਈਆਂ: ਮੋਦੀ
ਦੁਨੀਆ ਨੇ ਅਤਿਵਾਦੀਆਂ ਨੂੰ ਰੋਂਦੇ ਦੇਖਿਆ: ਪ੍ਰਧਾਨ ਮੰਤਰੀ; ਸਵਦੇਸ਼ੀ ਸਾਮਾਨ ਖ਼ਰੀਦਣ ਦੀ ਮੁੜ ਕੀਤੀ ਵਕਾਲਤ
ਧਾਰ,
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਫ਼ੌਜ ਦੇ ਜਵਾਨਾਂ ਨੇ ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਦੀਆਂ ਗੋਡਣੀਆਂ ਲੁਆ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਦੁਨੀਆ ਨੇ ਦੇਖਿਆ ਸੀ ਕਿ ਕਿਵੇਂ ਪਾਕਿਸਤਾਨੀ ਅਤਿਵਾਦੀ ਰੋ ਰਹੇ ਸਨ ਅਤੇ ਆਪਣੇ ਨਾਲ ਹੋਈ ਦੁਰਦਸ਼ਾ ਬਿਆਨ ਰਹੇ ਸਨ। ਪ੍ਰਧਾਨ ਮੰਤਰੀ ਨੇ ਜੈਸ਼-ਏ-ਮੁਹੰਮਦ ਕਮਾਂਡਰ ਦੇ ਵਾਇਰਲ ਵੀਡੀਓ ਦਾ ਹਵਾਲਾ ਦਿੱਤਾ ਜਿਸ ’ਚ ਉਹ ਦੱਸ ਰਿਹਾ ਹੈ ਕਿ ਕਿਵੇਂ ਭਾਰਤੀ ਫ਼ੌਜ ਨੇ ਉਨ੍ਹਾਂ ਦੀਆਂ ਛੁਪਣਗਾਹਾਂ ’ਚ ਦਾਖ਼ਲ ਹੋ ਕੇ ਹਮਲੇ ਕੀਤੇ ਸਨ। ਮੋਦੀ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿਚ ਪ੍ਰਧਾਨ ਮੰਤਰੀ ਮੈਗਾ ਇੰਟੈਗਰੇਟਿਡ ਟੈਕਸਟਾਈਲ ਰਿਜਨ ਐਂਡ ਐਪਰਲ (ਪੀਐੱਮ ਮਿੱਤਰਾ) ਪਾਰਕ ਦਾ ਨੀਂਹ ਪੱਥਰ ਰੱਖਣ ਮਗਰੋਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ‘ਸਵਸਥ ਨਾਰੀ ਸਸ਼ੱਕਤ ਪਰਿਵਾਰ’ ਅਤੇ ‘8ਵੇਂ ਰਾਸ਼ਟਰੀ ਪੋਸ਼ਣ ਮਾਹ’ ਮੁਹਿੰਮਾਂ ਦੀ ਵੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਔਰਤਾਂ ਦੀਆਂ ਸਿਹਤ ਸੇਵਾਵਾਂ ਨੂੰ ਵਧਾਉਣਾ ਅਤੇ ਪੋਸ਼ਣ ਨੂੰ ਉਤਸ਼ਾਹਿਤ ਕਰਨਾ ਹੈ। ਮੋਦੀ ਨੇ ਕਿਹਾ, ‘‘ਇਹ ਨਵਾਂ ਭਾਰਤ ਹੈ ਜੋ ਕਿਸੇ ਪਰਮਾਣੂ ਧਮਕੀ ਤੋਂ ਨਹੀਂ ਡਰਦਾ ਹੈ। ਇਹ ਦੁਸ਼ਮਣ ਦੇ ਘਰ ’ਚ ਦਾਖ਼ਲ ਹੋ ਕੇ ਹਮਲੇ ਕਰਦਾ ਹੈ। ਪਾਕਿਸਤਾਨ ਦੇ ਅਤਿਵਾਦੀਆਂ ਨੇ ਸਾਡੀਆਂ ਭੈਣਾਂ ਅਤੇ ਧੀਆਂ ਦੇ ਸਿੰਧੂਰ ਉਜਾੜ ਦਿੱਤੇ ਸਨ। ਅਸੀਂ ਅਪਰੇਸ਼ਨ ਸਿੰਧੂਰ ਨਾਲ ਦਹਿਸ਼ਤੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ।’’ ਪ੍ਰਧਾਨ ਮੰਤਰੀ ਨੇ ਸਵਦੇਸ਼ੀ ਸਾਮਾਨ ਦੀ ਜ਼ੋਰਦਾਰ ਵਕਾਲਤ ਕਰਦਿਆਂ ਕਿਹਾ, ‘‘ਇਹ ਤਿਉਹਾਰਾਂ ਦਾ ਮੌਸਮ ਹੈ ਅਤੇ ਸਾਨੂੰ ਸਵਦੇਸ਼ੀ ਦੇ ਮੰਤਰ ਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਮੇਰੀ ਆਪਣੇ 140 ਕਰੋੜ ਦੇਸ਼ ਵਾਸੀਆਂ ਨੂੰ ਨਿਮਰਤਾਪੂਰਵਕ ਬੇਨਤੀ ਹੈ ਕਿ ਤੁਸੀਂ ਜੋ ਵੀ ਖਰੀਦਦੇ ਹੋ, ਉਹ ਸਾਡੇ ਦੇਸ਼ ਵਿੱਚ ਬਣਾਇਆ ਜਾਣਾ ਚਾਹੀਦਾ ਹੈ। ਇਸ ਵਿੱਚ ਮੇਰੇ ਭਾਰਤ ਦੀ ਮਿੱਟੀ ਦੀ ਖੁਸ਼ਬੂ ਹੋਣੀ ਚਾਹੀਦੀ ਹੈ।’’ ਮੋਦੀ ਨੇ ਕਿਹਾ ਕਿ 17 ਸਤੰਬਰ, 1948 ਨੂੰ ਦੇਸ਼ ਨੇ ਸਰਦਾਰ ਵੱਲਭਭਾਈ ਪਟੇਲ ਦੀ ਲੋਹ ਸ਼ਕਤੀ ਦੇਖੀ ਸੀ ਅਤੇ ਭਾਰਤੀ ਫ਼ੌਜ ਨੇ ਹੈਦਰਾਬਾਦ ਨੂੰ ਮੁਕਤ ਕਰਵਾਇਆ ਸੀ ਜਿਸ ਕਾਰਨ ਉਸ ਦਿਨ ਨੂੰ ਹੈਦਰਾਬਦ ਮੁਕਤੀ ਦਿਵਸ ਮਨਾਇਆ ਜਾਂਦਾ ਹੈ।