ਪੰਜਾਬ
ਪੰਜਾਬ ’ਚ 10 ਹਜ਼ਾਰ ਏਕੜ ਝੋਨੇ ਦੀ ਫ਼ਸਲ ’ਤੇ ‘ਚੀਨੀ ਵਾਇਰਸ’ ਦਾ ਹਮਲਾ
ਸੱਤ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਏਕੜ ਰਕਬਾ ਬਿਮਾਰੀ ਦੀ ਲਪੇਟ ’ਚ
ਮਾਨਸਾ
ਪੰਜਾਬ ਵਿੱਚ ਪੱਕਣ ’ਤੇ ਆਈ ਝੋਨੇ ਦੀ ਫ਼ਸਲ ਉਪਰ ‘ਚੀਨੀ ਵਾਇਰਸ’ ਦਾ ਹਮਲਾ ਹੋ ਗਿਆ ਹੈ। ਇਸ ਤੋਂ ਘਬਰਾ ਕੇ ਕਿਸਾਨਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਸਪਰੇਆਂ ਕੀਤੀਆਂ ਜਾ ਰਹੀਆਂ ਹਨ। ਇਸ ਵਾਇਰਸ ਦੇ ਹਮਲੇ ਕਾਰਨ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਅਚਾਨਕ ਸੁੱਕਣ ਲੱਗ ਜਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਲੁਧਿਆਣਾ ਦੇ ਮਾਹਿਰਾਂ ਵੱਲੋਂ ਇਸ ਵਾਇਰਸ ਦਾ ਮੁਆਇਨਾ ਕਰਨ ਲਈ ਲਗਾਤਾਰ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਖੇਤੀ ਮਾਹਿਰਾਂ ਅਨੁਸਾਰ ‘ਚੀਨੀ ਵਾਇਰਸ’ ਦੀ ਮਾਰ ਹੇਠ ਮਾਨਸਾ ਤੋਂ ਇਲਾਵਾ ਸੰਗਰੂਰ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮੁਹਾਲੀ, ਪਠਾਨਕੋਟ ਅਤੇ ਰੂਪਨਗਰ ਜ਼ਿਲ੍ਹੇ ਆ ਗਏ ਹਨ, ਜਿੱਥੇ 10 ਹਜ਼ਾਰ ਏਕੜ ਤੋਂ ਵੱਧ ਰਕਬਾ ਇਸ ਬਿਮਾਰੀ ਦੀ ਲਪੇਟ ਹੇਠਾਂ ਦੱਸਿਆ ਜਾ ਰਿਹਾ ਹੈ। ਵੇਰਵਿਆਂ ਅਨੁਸਾਰ ਪੀ ਏ ਯੂ ਦੇ ਮਾਹਿਰਾਂ ਵੱਲੋਂ ਇਸ ਬਿਮਾਰੀ ਦੇ ਟਾਕਰੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਹੜ੍ਹਾਂ ਦੇ ਪਾਣੀ ਕਾਰਨ ਇਹ ਵਾਇਰਸ ਵੱਧ ਫੈਲਣ ਲੱਗ ਪਿਆ ਹੈ। ਉਂਝ ਪਿਛਲੇ ਦੋ ਸਾਲਾਂ ’ਚ ਇਸ ਵਾਇਰਸ ਦਾ ਨਾ-ਮਾਤਰ ਹੀ ਹਮਲਾ ਹੋਇਆ ਸੀ ਪਰ ਇਸ ਵਾਰ ਹੜ੍ਹਾਂ ਤੋਂ ਬਾਅਦ ਇਹ ਹਮਲਾ ਅਚਾਨਕ ਹੀ ਵਧ ਗਿਆ ਹੈ।
ਪੰਜਾਬ ਸਰਕਾਰ ਨੂੰ ਝੋਨੇ ਦੀ ਫ਼ਸਲ ’ਤੇ ਹਮਲੇ ਦੀ ਜਾਣਕਾਰੀ ਦੇਣ ਤੋਂ ਬਾਅਦ ਖੇਤੀਬਾੜੀ ਅਧਿਕਾਰੀਆਂ ਸਮੇਤ ਪੀ ਏ ਯੂ ਦੀਆਂ ਲਗਪਗ 12 ਟੀਮਾਂ ਵੱਲੋਂ ਖੇਤਾਂ ਵਿੱਚ ਜਾ ਕੇ ਕਿਸਾਨਾਂ ਨਾਲ ਤਾਲਮੇਲ ਬਣਾਇਆ ਜਾ ਰਿਹਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਚੀਨੀ ਵਾਇਰਸ ਕਾਰਨ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਗਈ ਹੈ। ਖੇਤੀ ਵਿਗਿਆਨੀਆਂ ਮੁਤਾਬਕ ਵਾਇਰਸ ਦੇ ਹਮਲੇ ਮਗਰੋਂ ਝੋਨੇ ਦੇ ਸਿੱਟਿਆਂ ਵਿਚਲੇ ਦਾਣੇ ਸੁੱਕ ਜਾਂਦੇ ਹਨ ਅਤੇ ਉਸ ਦਾ ਕੱਦ ਵੀ ਘੱਟ ਰਹਿ ਜਾਂਦਾ ਹੈ। ਵਾਇਰਸ ਦਾ ਕੀੜਾ ਸਿੱਟਿਆਂ ਨੂੰ ਖੋਖਲਾ ਵੀ ਕਰ ਦਿੰਦਾ ਹੈ।
ਮਾਨਸਾ ਦੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਮੰਨਿਆ ਕਿ ਕੁੱਝ ਸਮਾਂ ਪਹਿਲਾਂ ਚੀਨੀ ਵਾਇਰਸ ਦਾ ਹਮਲਾ ਸਾਹਮਣੇ ਆਇਆ ਸੀ ਅਤੇ ਇਸ ਤੋਂ ਬਚਾਅ ਲਈ ਇਲਾਕੇ ਵਿੱਚ ਇੱਕ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਕਿਹਾ ਕਿ ਇਲਾਕੇ ’ਚ ਇਸ ਵੇਲੇ ਇੱਕਾ-ਦੁੱਕਾ ਥਾਵਾਂ ਨੂੰ ਛੱਡ ਕੇ ਕੋਈ ਵੀ ਖੇਤ ਵਾਇਰਸ ਤੋਂ ਪ੍ਰਭਾਵਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਦੀਆਂ ਟੀਮਾਂ ਵੱਲੋਂ ਖੇਤਾਂ ਦਾ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ।