ਸਾਊਦੀ ਅਰਬ ਨੇ ਇਮਰਾਨ ਖਾਨ ਨੂੰ ਝੁਕਣ ‘ਤੇ ਕੀਤਾ ਮਜ਼ਬੂਰ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਮਲੇਸ਼ੀਆਈ ਹਮਰੁਤਬਾ ਮਹਾਤੀਰ ਮੁਹੰਮਦ ਦੀ ਮੇਜ਼ਬਾਨੀ ‘ਚ ਵੀਰਵਾਰ ਨੂੰ ਹੋਣ ਵਾਲੇ ਕੁਆਲਾਲੰਪੁਰ ਸ਼ਿਖਰ ਸੰਮੇਲਨ ‘ਚ ਹਿੱਸਾ ਨਹੀਂ ਲੈਣਗੇ। ਕੂਟਨੀਤਕ ਸੂਤਰਾਂ ਨੇ ਦੱਸਿਆ ਕਿ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਦਬਾਅ ਵਧਣ ਤੋਂ ਬਾਅਦ ਇਹ ਫੈਸਲਾ ਹੋਇਆ। ਇਮਰਾਨ ਨੂੰ ਕੁਆਲਾਲੰਪੁਰ ‘ਚ ਈਰਾਨ, ਤੁਰਕੀ ਅਤੇ ਕਤਰ ਦੇ ਨੇਤਾਵਾਂ ਦੇ ਨਾਲ ਮੰਚ ਸਾਂਝਾ ਕਰਨਾ ਸੀ।

ਇਸ ਨੂੰ ਵੱਡੀ ਕੂਟਨੀਤਕਨ ਨਾਕਾਮੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ਕਿਉਂਕਿ ਮਲੇਸ਼ੀਆਈ ਅਤੇ ਤੁਰਕੀ ਨੇ ਸੰਯੁਕਤ ਰਾਸ਼ਟਰ ‘ਚ ਕਸ਼ਮੀਰ ‘ਤੇ ਪੂਰੀ ਤਰ੍ਹਾਂ ਪਾਕਿਸਤਾਨ ਦੀ ਭਾਸ਼ਾ ਬੋਲੀ ਸੀ। ਮਲੇਸ਼ੀਆਈ ਸਰਕਾਰ ਮੁਤਾਬਕ ਇਮਰਾਨ ਨੇ ਮਹਾਤੀਰ ਮੁਹੰਮਦ ਨੂੰ ਫੋਨ ਕਰਕੇ ਆਪਣੇ ਫੈਸਲੇ ਦੀ ਜਾਣਾਕਰੀ ਦੇ ਦਿੱਤੀ ਹੈ। ਪਾਕਿਸਤਾਨ ਨੇ ਆਪਣੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਮਲੇਸ਼ੀਆ ਭੇਜਣ ‘ਤੇ ਵੀ ਵਿਚਾਰ ਕੀਤਾ ਸੀ ਪਰ ਬਾਅਦ ‘ਚ ਫੈਸਲਾ ਹੋਇਆ ਕਿ ਕੁਆਲਾਲੰਪੁਰ ਸੰਮੇਲਨ ਤੋਂ ਦੂਰ ਹੀ ਰਹਿਣਾ ਹੈ। ਇਮਰਾਨ ਅਤੇ ਜਨਰਲ ਬਾਜਵਾ ਦੋਹਾਂ ਨੇ ਸਾਊਦੀ ਅਰਬ ਅਤੇ ਯੂ. ਏ. ਈ. ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀ ਪਰ ਗੱਲ ਨਹੀਂ ਬਣੀ। ਹਾਲ ਹੀ ‘ਚ ਬਾਜਵਾ ਯੂ. ਏ. ਈ. ਗਏ ਸਨ ਅਤੇ ਇਮਰਾਨ ਸਾਊਦੀ ਅਰਬ।

ਕੁਆਲਾਲੰਪੁਰ ਸੰਮੇਲਨ 19 ਦਸੰਬਰ ਤੋਂ 21 ਦਸੰਬਰ ਤੱਕ ਚਲੇਗਾ ਅਤੇ ਇਸ ਨੂੰ ਮੁਸਲਿਮ ਵਰਲਡ ‘ਚ ਇਕ ਨਵੇਂ ਪਾਵਰ ਸੈਂਟਰ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਸੰਮੇਲਨ ‘ਚ ਤੁਰਕੀ, ਕਤਰ, ਈਰਾਨ ਦੇ ਨੇਤਾ ਵੀ ਹਿੱਸਾ ਲੈ ਰਹੇ ਹਨ। ਇਸ ‘ਚ 52 ਦੇਸ਼ਾਂ ਦੇ 450 ਨੇਤਾਵਾਂ, ਸਕਾਲਰਾਂ, ਮੌਲਾਨਾਵਾਂ ਅਤੇ ਵਿਚਾਰਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ, ਸੰਮੇਲਨ ਨੂੰ ਸਾਊਦੀ ਦੀ ਅਗਵਾਈ ਵਾਲੀ ਆਰਗੇਨਾਈਜੇਸ਼ਨ ਆਫ ਇਸਲਾਮਕ ਕੋ ਆਪਰੇਸ਼ਨ (ਓ. ਆਈ. ਸੀ.) ਦਾ ਵਿਕਲਪ ਤਿਆਰ ਕਰਨ ਦੀ ਕੋਸ਼ਿਸ਼ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਸਾਊਦੀ ਦਾ ਮੁਸਲਿਮ ਵਰਲਡ ‘ਚ ਦਬਦਬਾਅ ਰਿਹਾ ਹੈ ਅਤੇ ਉਹ ਇਸ ਸੰਮੇਲਨ ਨੂੰ ਖੁਦ ਦੀ ਬਾਦਸ਼ਾਹਤ ਨੂੰ ਚੁਣੌਤੀ ਦੇ ਰੂਪ ‘ਚ ਦੇਖ ਰਿਹਾ ਹੈ।

Leave a Reply

Your email address will not be published. Required fields are marked *