ਸੀ.ਆਈ.ਏ. ਸਟਾਫ ਵੱਲੋਂ 15 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਤਸਕਰ ਕਾਬੂ

ਜਲੰਧਰ (ਜੋਤੀ, ਕਮਲੇਸ਼)— ਜਲੰਧਰ ਪੁਲਸ ਅਤੇ ਸੀ. ਆਈ. ਏ. ਸਟਾਫ-1 ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਮੱਗਲਿੰਗ ਦੇ ਕੇਸ ‘ਚ ਫਰਾਰ ਚੱਲ ਰਹੇ ਇਕ ਨੌਜਵਾਨ ਨੂੰ 3 ਕਿਲੋ ਹੈਰੋਇਨ ਅਤੇ 2 ਲੱਖ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-1 ਅਤੇ ਥਾਣਾ ਬਸਤੀ ਬਾਵਾ ਖੇਲ ਨੇ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ 3 ਨਸ਼ਾ ਤਸਕਰਾਂ ਦੇ ਇਕ ਹੋਰ ਸਾਥੀ ਨੂੰ 15 ਕਰੋੜ ਦੀ ਹੈਰੋਇਨ ਅਤੇ 2 ਲੱਖ ਦੀ ਡਰੱਗ ਮਨੀ ਨਾਲ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਚਰਨਜੀਤ ਸਿੰਘ ਉਰਫ ਚੰਨਾ ਪੁੱਤਰ ਮੱਖਣ ਵਾਸੀ ਜ਼ਿਲਾ ਫਿਰੋਜ਼ਪੁਰ ਵੱਜੋ ਹੋਈ ਹੈ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਇਸੇ ਤਹਿਤ ਸੀ. ਆਈ. ਏ. ਸਟਾਫ-1 ਦੀ ਟੀਮ ਮੁਲਜ਼ਮ ਨੂੰ ਫੜਨ ਲਈ ਫਿਰੋਜ਼ਪੁਰ ਗਈ ਸੀ। ਇਥੇ ਮੁਖਬਰ ਤੋਂ ਸੂਚਨਾ ਮਿਲੀ ਕਿ ਚਰਨਜੀਤ ਸਿੰਘ ਉਰਫ ਚੰਨਾ ਸਮੇਤ ਰਿਸ਼ਤੇਦਾਰ ਦੇ ਇਕ ਸਵਿੱਫਟ ਕਾਰ ‘ਚ ਸਵਾਰ ਹੋ ਕੇ ਮੁੱਕਦਮੇ ‘ਚ ਨਾਮਜ਼ਦ ਆਪਣੀ ਅਤੇ ਆਪਣੇ ਪਿਤਾ ਮੱਖਣ ਸਿੰਘ ਦੀ ਜ਼ਮਾਨਤ ਕਰਵਾਉਣ ਲਈ ਜਲੰਧਰ ਕਚਿਹਰੀਆਂ ਵੱਲ ਆ ਰਿਹਾ ਸੀ। ਇਸ ਤੋਂ ਬਾਅਦ ਐੱਸ. ਆਈ. ਹਰਮਿੰਦਰ ਸਿੰਘ ਇੰਚਾਰਜ ਵੱਲੋਂ ਸੀ. ਆਈ. ਏ- ਸਟਾਫ 1 ਅਤੇ ਥਾਣਾ ਬਸਤੀ ਬਾਵਾ ਖੇਲ ਜਲੰਧਰ ਦੀ ਇਕ ਹੋਰ ਸਪੈਸ਼ਲ ਟੀਮ ਤਿਆਰ ਕੀਤੀ ਗਈ ਅਤੇ ਵਡਾਲਾ ਚੌਕ ‘ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ। ਉਕਤ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਏ. ਡੀ. ਸੀ. ਪੀ. ਨਾਰਕੋਟਿਕਸ ਸੈੱਲ ਹਰਪ੍ਰੀਤ ਸਿੰਘ ਬੈਨੀਪਾਲ ਦੀ ਮੌਜੂਦਗੀ ‘ਚ ਉਕਤ ਮੁਲਜ਼ਮ ਦੇ ਖੇਤ ‘ਚੋਂ ਤਿੰਨ ਕਿਲੋ ਹੈਰਇਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨਾ ਵੱਲੋਂ ਕਿਰਾਏ ‘ਤੇ ਲਏ ਗਏ ਮਕਾਨ ਨੇੜੇ ਦੇਵੀਦਵਾਰ ਮੰਦਿਰ ਜਲਾਲਾਬਾਦ ਜ਼ਿਲਾ ਫਾਜ਼ਿਲਕਾ ਤੋਂ 2 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਕਰਵਾਈ ਗਈ। ਪੁਲਸ ਉਕਤ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

ਇਸ ਤੋਂ ਪਹਿਲਾਂ ਵਿਕਰਮ ਸਿੰਘ ਵਾਸੀ ਫਿਰੋਜ਼ਪੁਰ, ਕਰਨਵੀਰ ਵਾਸੀ ਫਿਰੋਜ਼ਪੁਰ ਨੂੰ ਇਕ ਕਿਲੋ ਹੈਰੋਇਨ ਅਤੇ ਸਕਾਰਪੀਓ ਗੱਡੀ ਸਮੇਤ ਗ੍ਰਿ੍ਰਫਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਚਰਨਜੀਤ ਅਤੇ ਉਸ ਦੇ ਪਿਤਾ ਮੱਖਣ ਸਿੰਘ ਨਿਵਾਸੀ ਗੱਟੀ ਮੱਤੜ ਜ਼ਿਲਾ ਫਿਰੋਜਪੁਰ ਤੋਂ ਹੈਰੋਇਨ ਲੈ ਕੇ ਆਉਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕਰਕੇ ਦੋਸ਼ੀ ਮੱਖਣ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਦੀ ਨਿਸ਼ਾਨਦੇਹੀ ‘ਤੇ ਭਾਰਤ-ਪਾਕਿਸਤਾਨ ਬਾਰਡਰ ਨੇੜੇ ਪੋਸਟ ਗਜਨੀਵਾਲ ਤੋਂ ਚਰਨਜੀਤ ਦੇ ਪਿਤਾ ਮੱਖਣ ਨੂੰ ਇਕ ਕਿਲੋ ਹੈਰੋਇਨ ਸਣੇ ਇਕ ਪਿਸਤੌਲ 30 ਬੋਰ, 30 ਜ਼ਿੰਦਾ ਰੋਂਦ ਅਤੇ 6 ਲੱਖ 50 ਹਜ਼ਾਰ ਦੀ ਨਕਦੀ ਸਮੇਤ ਕਾਬੂ ਕੀਤਾ ਗਿਆ ਸੀ। ਇਸ ਤੋਂ ਬਾਅਦ ਸੀ.ਆਈ.ਏ. ਸਟਾਫ-1 ਅਤੇ ਸਪੈਸ਼ਲ ਟੀਮ ਵੱਲੋਂ ਜਲੰਧਰ ਦੇ ਵਡਾਲਾ ਚੌਕ ਤੋਂ ਮੁੱਖ ਦੋਸ਼ੀ ਚਰਨਜੀਤ ਸਿੰਘ ਚੰਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਲੰਧਰ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਇਨ੍ਹਾਂ ਦੀ ਕੁਝ ਜ਼ਮੀਨ ਭਾਰਤ-ਪਾਕਿਸਤਾਨ ਗਜਨੀਵਾਲ ਬਾਰਡਰ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਹੈ, ਜਿੱਥੇ ਇਨ੍ਹਾਂ ਦਾ ਸੰਪਰਕ ਪਾਕਿਸਤਾਨੀ ਡਰੱਗ ਤਸਕਰਾਂ ਨਾਲ ਹੋਇਆ ਅਤੇ ਉਨ੍ਹਾਂ ਕੋਲੋਂ ਇਨ੍ਹਾਂ ਨੇ ਹੈਰੋਇਨ ਲੈਣੀ ਸ਼ੁਰੂ ਕਰ ਦਿੱਤੀ । ਇਹ ਉਨ੍ਹਾਂ ਤੋਂ ਨਕਸ਼ੇ ਦੇ ਹਿਸਾਬ ਨਾਲ ਵਟਸਐੱਪ ‘ਤੇ ਲੋਕੇਸ਼ਨ ਮੰਗਵਾ ਕੇ ਉਥੇ ਡਿਲੀਵਰੀ ਦਿੰਦੇ ਸਨ ਅਤੇ ਇਨ੍ਹਾਂ ਨੂੰ 1 ਕਿਲੋ ਹੈਰੋਇਨ ਦੀ ਤਸਕਰੀ ਦੇ ਬਦਲੇ 1 ਲੱਖ ਰੁਪਏ ਕਮਿਸ਼ਨ ਵਜੋਂ ਮਿਲਦੇ ਸਨ। ਹੁਣ ਪੁਲਸ ਇਨ੍ਹਾਂ ਸਾਰੇ ਦੋਸ਼ੀਆਂ ਤੋਂ ਪੁੱਛਗਿੱਛ ਕਰੇਗੀ ਅਤੇ ਇਨ੍ਹਾਂ ਦੇ ਤਾਰ ਕਿੱਥੇ-ਕਿੱਥੇ ਜੁੜੇ ਹੋਏ ਸਨ, ਇਸ ਦੀ ਜਾਂਚ ਕੀਤੀ ਜਾਵੇਗੀ।

Leave a Reply

Your email address will not be published. Required fields are marked *