ਮੁਕਤਸਰ ਜੇਲ ਦੇ ਕੈਦੀਆਂ ਦਾ ਵੱਡਾ ਫੈਸਲਾ, ਸੁਣ ਕਰੋਗੇ ਸਿਫਤਾਂ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਹੁਣ ਤਕ ਜੇਲਾਂ ‘ਚੋਂ ਗੈਂਗਵਾਰ, ਕੁੱਟਮਾਰ ਅਤੇ ਨਸ਼ਾ ਆਦਿ ਦੀਆਂ ਖਬਰਾਂ ਹੀ ਆਉਂਦੀਆਂ ਸਨ ਪਰ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਸੁਧਾਰ ਘਰ ‘ਚੋਂ ਆਈ ਖਬਰ ਸਕੂਨ ਦੇਣ ਵਾਲੀ ਹੈ, ਜਿਥੋਂ ਦੇ ਲਗਭਗ ਡੇਢ ਦਰਜਨ ਕੈਦੀਆਂ ਨੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੰਜਾਬ ਦੀ ਪਹਿਲੀ ਜੇਲ ਹੈ, ਜਿਥੋਂ ਦੇ ਡੇਢ ਦਰਜਨ ਕੈਦੀਆਂ ਨੇ ਆਪਣੀ ਇੱਛਾ ਨਾਲ ਅਖਾਂ ਦਾਨ ਕਰਨ ਦਾ ਫੈਸਲਾ ਲਿਆ ਹੈ ਅਤੇ ਇਸ ਸਬੰਧੀ ਫਾਰਮ ਵੀ ਭਰ ਦਿੱਤੇ ਹਨ। ਜੇਲ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਅਤੇ ਅੱਖਾਂ ਦੇ ਮਾਹਿਰ ਡਾਕਟਰ ਬਲਜੀਤ ਕੌਰ ਦੀ ਪ੍ਰੇਰਨਾ ਨਾਲ ਕੈਦੀਆਂ ਨੇ ਇਹ ਫੈਸਲਾ ਲਿਆ ਹੈ। ਜੇਲ ਵਿਚ ਲਾਏ ਗਏ ਇਸ ਸਬੰਧੀ ਜਾਗਰੂਕਤਾ ਕੈਂਪ ਉਪਰੰਤ 18 ਕੈਦੀਆਂ ਨੇ ਸਵੈ ਇੱਛਾ ਨਾਲ ਅੱਖਾਂ ਦਾਨ ਕਰਨ ਦੇ ਫਾਰਮ ਭਰੇ।

ਵਰਨਣਯੋਗ ਹੈ ਕਿ ਦੁਨੀਆਂ ‘ਚ ਜਦੋਂ ਅੱਖਾਂ ਦਾਨ ਕਰਨ ਸੰਬੰਧੀ ਕਾਰਜ ਆਰੰਭ ਹੋਏ ਤਾਂ ਉਸ ਸਮੇਂ ਨਿਊਯਾਰਕ ਵਿਚ ਅੱਖਾਂ ਦੇ ਪੁਤਲੀ ਰੋਗਾਂ ਦੇ ਮਾਹਿਰ ਡਾਕਟਰ ਵੀ ਜੇਲ ਵਿਚ ਜਾ ਕੇ ਕੈਦੀਆਂ ਨੂੰ ਅੱਖਾਂ ਦਾਨ ਕਰਨ ਸਬੰਧੀ ਪ੍ਰੇਰਿਤ ਕਰਦੇ। ਉਹ ਪਹਿਲਾ ਉਨ੍ਹਾਂ ਕੈਦੀਆਂ ਨੂੰ ਮਿਲਦੇ ਜਿੰਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੋਵੇ। ਇਸ ਤਰ੍ਹਾਂ ਜੇਲਾਂ ਵਿਚ ਵੀ ਅੱਖਾਂ ਦਾਨ ਕਰਨ ਸਬੰਧੀ ਮੁਹਿੰਮ ਆਰੰਭ ਹੋਈ। ਹੁਣ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਸੁਧਾਰ ਘਰ ਤੋਂ ਅੱਖਾਂ ਦਾਨ ਕਰਨ ਦੀ ਚੱਲੀ ਮੁਹਿੰਮ ਦਾ ਹਿੱਸਾ ਬਣੇ ਕੈਦੀਆਂ ਸਦਕਾ ਜਿਥੇ ਆਮ ਲੋਕ ਅੱਖਾਂ ਦਾਨ ਕਰਨ ਵਿਚ ਹੋਰ ਅੱਗੇ ਆਉਣਗੇ, ਉਥੇ ਹੀ ਅੱਖਾਂ ਦਾਨ ਕਰਨ ਵਾਲੇ ਕੈਦੀਆਂ ਦੀ ਗਿਣਤੀ ਵੀ ਵੱਧ ਸਕਦੀ ਹੈ।

Leave a Reply

Your email address will not be published. Required fields are marked *