ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਸਣੇ 17 ਥਾਵਾਂ ‘ਤੇ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ

ਜਲੰਧਰ (ਮ੍ਰਿਦੁਲ) – ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ‘ਚ ਸਵੇਰੇ 8.10 ‘ਤੇ ਡਾਇਰੈਕਟੋਰੇਟ ਰੈਵੇਨਿਊ ਇੰਟੈਲੀਜੈਂਸ ਦੀ ਟੀਮ ਵਲੋਂ ਕੀਤੀ ਗਈ ਰੇਡ ਦੇਰ ਸ਼ਾਮ ਤੱਕ ਚੱਲਦੀ ਰਹੀ। ਜਿਥੇ ਟੀਮ ਨੇ ਸਕੂਲ ਦੇ ਸਾਰੇ ਰਿਕਾਰਡ ਖੰਗਾਲੇ ਅਤੇ ਬਾਕਾਇਦਾ ਸਕੂਲ ਦੇ ਸਟਾਫ ਕੋਲੋਂ ਪੁੱਛਗਿੱਛ ਕੀਤੀ। ਕਿਉਂਕਿ ਟੀਮ ਉਨ੍ਹਾਂ ਦੇ ਰਿਕਾਰਡ ਦੇ ਬਿਆਨਾਂ ਨੂੰ ਮੈਚ ਕਰ ਰਹੀ ਸੀ ਕਿ ਕਿਸ ਤਰ੍ਹਾਂ ਪੈਸਾ ਖਰਚ ਹੋਇਆ ਹੈ ਤੇ ਕਿੱਥੋਂ ਪੈਸਾ ਆਇਆ। ਵਿਭਾਗ ‘ਚ ਤਾਇਨਾਤ ਗੁਪਤ ਸੂਤਰਾਂ ਦੀ ਮੰਨੀਏ ਤਾਂ ਸਟਾਫ ਕੋਲੋਂ ਇਸ ਲਈ ਪੁੱਛਗਿੱਛ ਕੀਤੀ ਗਈ ਕਿਉਂਕਿ ਅਕਸਰ ਇਹ ਹੁੰਦਾ ਹੈ ਕਿ ਕੰਪਨੀਆਂ ਰਿਬੇਟ ਲੈਣ ਲਈ ਜ਼ਿਆਦਾ ਖਰਚ ਦਿਖਾ ਦਿੰਦੀਆਂ ਹਨ। ਕੰਪਨੀਆਂ ਫੇਕ ਸੈੱਲਰੀ ਬਣਾ ਦਿੰਦੀਆਂ ਹਨ ਅਤੇ ਮਹਿਕਮੇ ਨੂੰ ਜ਼ਿਆਦਾ ਖਰਚ ਦਿਖਾ ਦਿੰਦੀਆਂ ਹਨ ਤਾਂ ਜੋ ਟੈਕਸ ‘ਚ ਰਿਬੇਟ ਮਿਲ ਸਕੇ ਤੇ ਉਨ੍ਹਾਂ ਦੇ ਮੁਨਾਫੇ ਨੂੰ ਜ਼ਿਆਦਾ ਨੁਕਸਾਨ ਨਾ ਹੋ ਸਕੇ।

ਸੈੱਲਰੀ ਕ੍ਰਾਸਚੈੱਕ
ਦਿੱਲੀ, ਹਰਿਆਣਾ ਤੇ ਚੰਡੀਗੜ੍ਹ ਤੋਂ ਆਈ ਟੀਮ ਨੇ ਇਸ ਗੱਲ ‘ਤੇ ਸਟਾਫ ਕੋਲੋਂ ਜਾਂਚ ਕੀਤੀ ਕਿ ਸਕੂਲ ਵਲੋਂ ਕਿਤਾਬਾਂ ‘ਚ ਜੋ ਖਰਚ ਦਿਖਾਇਆ ਗਿਆ ਹੈ ਉਹ ਸਹੀ ਹੈ। ਇਸ ਲਈ ਉਨ੍ਹਾਂ ਸਕੂਲ ਦੇ ਸਟਾਫ ਦੇ ਨਾਲ-ਨਾਲ ਹੋਰ ਡਿਪਾਰਟਮੈਂਟ ਦੇ ਸਟਾਫ ਕੋਲੋਂ ਵੀ ਪੁੱਛਗਿੱਛ ਕੀਤੀ। ਬਕਾਇਦਾ ਸਕੂਲ ‘ਚ ਪੜ੍ਹਾਉਂਦੀਆਂ ਟੀਚਰਾਂ ਕੋਲੋਂ ਉਨ੍ਹਾਂ ਦੀ ਸੈੱਲਰੀ ਬਾਰੇ ਪੁੱਛਿਆ ਗਿਆ ਕਿ ਕਿਤਾਬਾਂ ‘ਚ ਦਿਖਾਈ ਗਈ ਸੈਲਰੀ ਦੇ ਹਿਸਾਬ ਨਾਲ ਕੀ ਸਟਾਫ ਨੂੰ ਸੈੱਲਰੀ ਮਿਲਦੀ ਵੀ ਹੈ ਕਿ ਨਹੀਂ। ਬਾਕੀ ਰੇਡ ਬਾਰੇ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਕਿ ਕਿੰਨੀ ਰਕਮ ਸਕੂਲ ਵਲੋਂ ਸਰੰਡਰ ਕੀਤੀ ਗਈ ਹੈ। ਫਿਲਹਾਲ ਰੇਡ ਜਾਰੀ ਹੈ।

ਟੀਮ ਨੇ ਕਿਹੜੇ ਦਸਤਾਵੇਜ਼ ਕਬਜ਼ੇ ‘ਚ ਲਏ
ਡੀ.ਆਰ.ਆਈ. ਦੀ ਟੀਮ ਨੇ ਛਾਪਾਮਾਰੀ ਦੌਰਾਨ ਦੋਵੇਂ ਕੈਂਬ੍ਰਿਜ ਇੰਟਰਨੈਸ਼ਨਲ ਸਕੂਲਾਂ ਦੇ ਬੈਂਕ ਅਕਾਊਂਟਸ, ਸੈੱਲਰੀ ਰਿਕਾਰਡ, ਐਸੇਟਸ ਡਿਟੇਲ, ਸਟਾਫ ਡਾਟਾ, ਬੱਸਾਂ ਦਾ ਖਰਚ ਅਤੇ ਐਕਸਪੈਂਸਿਜ਼ ਰਿਕਾਰਡ ਚੈੱਕ ਕੀਤਾ ਅਤੇ ਕਈ ਮਹੱਤਵਪੂਰਨ ਦਸਤਾਵੇਜ਼ ਕਬਜ਼ੇ ਵਿਚ ਲਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਵਲੋਂ ਲੈਦਰ ਕੰਪਲੈਕਸ ਦੇ ਟ੍ਰੇਸਰ ਸ਼ੂਜ਼, ਜੋਤੀ ਚੌਕ ਦੇ ਸਾਈ ਪ੍ਰਿੰਟਰ ਅਤੇ ਭਾਟੀਆ ਟ੍ਰੇਵਲ ‘ਤੇ ਵੱਡੇ ਪੱਧਰ ‘ਤੇ ਸਰਚ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਵਿੰਗ ਦੇ ਡਾਇਰੈਕਟਰ ਸ਼੍ਰੀ ਅਵਧੇਸ਼ ਕੁਮਾਰ ਮਿਸ਼ਰਾ ਦੇ ਹੁਕਮਾਂ ਅਨੁਸਾਰ ਹੋਈ ਇਸ ਵੱਡੀ ਸਰਚ ‘ਚ 100 ਤੋਂ ਵੱਧ ਵਿਭਾਗੀ ਅਧਿਕਾਰੀਆਂ ਨੇ ਇਨਵੈਸਟੀਗੇਸ਼ਨ ਦਾ ਕੰਮ ਸ਼ੁਰੂ ਕੀਤਾ, ਜੋ ਦੇਰ ਰਾਤ ਤੱਕ ਚੱਲਦਾ ਰਿਹਾ। ਜਾਣਕਾਰੀ ਅਨੁਸਾਰ ਉਕਤ ਅਧਿਕਾਰੀਆਂ ਨੇ ਨਿਤਿਨ ਕੋਹਲੀ, ਦੀਪਕ ਭਾਟੀਆ ਤੇ ਸਾਈ ਪ੍ਰਿੰਟਰਸ ਦੇ ਹੇਮੰਤ ਸਰੀਨ ਦੇ ਦਫਤਰ ਤੇ ਉਨ੍ਹਾਂ ਦੇ ਘਰ ‘ਚ ਛਾਪੇਮਾਰੀ ਕਰ ਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਵਿਭਾਗ ਵਲੋਂ ਉਕਤ ਸੰਸਥਾਵਾਂ ਦੇ ਬੈਂਕ ਖਾਤੇ ਅਤੇ ਲਾਕਰ ਸੀਲ ਕਰ ਦਿੱਤੇ ਗਏ। ਇਸ ਤੋਂ ਇਲਾਵਾ ਫਰਮਾਂ ਦੇ ਬਿਜ਼ਨੈੱਸ, ਪ੍ਰਾਪਰਟੀ, ਜਿਊਲਰੀ, ਕੈਸ਼ ਅਤੇ ਹੋਰ ਲੈਣ-ਦੇਣ ਸਬੰਧੀ ਜ਼ਰੂਰੀ ਕਾਗਜ਼ਾਤ ਆਪਣੇ ਕਬਜ਼ੇ ਵਿਚ ਲੈ ਲਏ। ਵਿਭਾਗ ਵਲੋਂ ਚਲਾਈ ਗਈ ਉਕਤ ਮੁਹਿੰਮ ਹੁਣ ਤੱਕ ਦੀ ਸਭ ਤੋਂ ਵੱਡੀ ਸਰਚ ਮੁਹਿੰਮ ਦੱਸੀ ਜਾ ਰਹੀ ਹੈ, ਜਿਸ ਨਾਲ ਸ਼ਹਿਰ ਦੀਆਂ ਹੋਰ ਵਪਾਰਕ ਅਦਾਰਿਆਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਉਕਤ ਸਰਚ ਮੁਹਿੰਮ ਉਦੋਂ ਚਲਾਉਂਦਾ ਹੈ ਜਦੋਂ ਕੋਈ ਅਦਾਰਾ ਵੱਡੇ ਪੱਧਰ ‘ਤੇ ਆਪਣੀ ਇਨਕਮ ਤੇ ਟਰਾਂਜੈਕਸ਼ਨ ਦੀ ਸਹੀ ਜਾਣਕਾਰੀ ਸਰਕਾਰ ਨੂੰ ਨਾ ਦੇਵੇ ਅਤੇ ਇਸ ਨਾਲ ਸਰਕਾਰ ਨੂੰ ਵੱਡੇ ਪੱਧਰ ‘ਤੇ ਰੈਵੇਨਿਊ ਦਾ ਨੁਕਸਾਨ ਹੋਇਆ ਹੋਵੇ। ਦੇਰ ਰਾਤ ਖਬਰ ਲਿਖੇ ਜਾਣ ਤੱਕ ਸਰਚ ਮੁਹਿੰਮ ਜਾਰੀ ਸੀ।

ਇਨਵੈਸਟੀਗੇਸ਼ਨ ‘ਚ ਬੰਦ ਕਰਵਾਏ ਫੋਨ
ਸਰਚ ਮੁਹਿੰਮ ਸਬੰਧੀ ਜਾਣਕਾਰੀ ਲੈਣ ਲਈ ਜਦ ਉਕਤ ਫਰਮਾਂ ਦੇ ਮਾਲਕ ਨਿਤਿਨ ਕੋਹਲੀ, ਹੇਮੰਤ ਸਰੀਨ ਤੇ ਦੀਪਕ ਭਾਟੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਫੋਨ ਬੰਦ ਮਿਲੇ। ਇਸ ਲਈ ਇਸ ਮਾਮਲੇ ਸਬੰਧੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ।

6-8 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਜਾਂਚ ਪ੍ਰਕਿਰਿਆ
ਪ੍ਰਾਪਤ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਜਦੋਂ ਕਿਸੇ ਫਰਮ ਦੀ ਅਜਿਹੀ ਇਨਵੈਸਟੀਗੇਸ਼ਨ ਕਰਦਾ ਹੈ ਤਾਂ 6-8 ਮਹੀਨੇ ਪਹਿਲਾਂ ਤੋਂ ਵਿਭਾਗ ਉਕਤ ਫਰਮ ‘ਤੇ ਆਪਣੀ ਨਜ਼ਰ ਬਣਾਈ ਰੱਖਦਾ ਹੈ ਤੇ ਇਸ ਸਬੰਧੀ ਠੋਸ ਸਬੂਤ ਮਿਲਣ ਮਗਰੋਂ ਆਪਣੀ ਕਾਰਵਾਈ ਆਰੰਭ ਕਰਦਾ ਹੈ। ਕਾਰਵਾਈ ਤੋਂ ਪਹਿਲਾਂ ਆਪਣੀ ਜਾਂਚ ‘ਚ ਜਿਥੇ ਇਨਕਮ ਟੈਕਸ ਵਿਭਾਗ ਉਕਤ ਫਰਮ ਦੀ ਇਨਕਮ ਸਬੰਧੀ ਪੂਰੇ ਸਬੂਤ ਇਕੱਠੇ ਕਰਦਾ ਹੈ। ਉਥੇ ਹੀ ਹਰੇਕ ਲੈਣ-ਦੇਣ ਦਾ ਹਿਸਾਬ ਰੱਖਦਾ ਹੈ। ਜ਼ਿਕਰਯੋਗ ਹੈ ਕਿ ਇਨਕਮ ਟੈਕਸ ਵਿਭਾਗ ਸਮੇਂ-ਸਮੇਂ ‘ਤੇ ਇਨਕਮ ਟੈਕਸ ਦਾਤਿਆਂ ਨੂੰ ਆਪਣੀ ਇਨਕਮ ਦੀ ਪੂਰੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੱਖ-ਵੱਖ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਉਂਦਾ ਰਹਿੰਦਾ ਹੈ।

ਪਨਵਿਕ ਇਲੈਕਟ੍ਰੀਕਲਜ਼ ਦੇ ਦੋਵਾਂ ਸ਼ੋਅਰੂਮਾਂ ’ਚ ਚੱਲਿਆ ਇਨਕਮ ਟੈਕਸ ਸਰਵੇ
ਇਨਕਮ ਟੈਕਸ ਵਿਭਾਗ ਵਲੋਂ ਅੱਜ ਪ੍ਰਿੰਸੀਪਲ ਕਮਿਸ਼ਨਰ-3 ਅਨੁਰਾਧਾ ਮੁਖਰਜੀ ਦੇ ਨਿਰਦੇਸ਼ਾਂ ਅਨੁਸਾਰ ਕਮਿਸ਼ਨਰ ਐੱਸ. ਐੱਸ. ਨੇਗੀ ਅਤੇ ਡਿਪਟੀ ਕਮਿਸ਼ਨਰ ਕੰਚਨ ਗਰਗ ਨੇ ਆਪਣੀ ਟੀਮ ਸਣੇ ਅੱਜ ਪਨਵਿਕ ਇਲੈਕਟ੍ਰੀਕਲਜ਼ ਦੇ ਮਿਲਾਪ ਚੌਕ ਅਤੇ ਨਕੋਦਰ ਚੌਕ ਸ਼ੋਅਰੂਮ ਅਤੇ ਇਕ ਇਮੀਗ੍ਰੇਸ਼ਨ ਕੰਪਨੀ ਵਿਚ ਇਨਕਮ ਟੈਕਸ ਸਰਵੇ ਸ਼ੁਰੂ ਕੀਤਾ, ਜੋ ਦੇਰ ਰਾਤ ਤੱਕ ਚੱਲਦਾ ਰਿਹਾ। ਸਰਵੇ ਵਿਚ ਮੌਜੂਦ ਇਨਕਮ ਟੈਕਸ ਅਧਿਕਾਰੀਆਂ ਨੇ ਉਕਤ ਫਰਮਾਂ ਦੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਖਬਰ ਲਿਖੇ ਜਾਣ ਤੱਕ ਕਿਸੇ ਵਲੋਂ ਕੋਈ ਵੀ ਰਕਮ ਸਰੰਡਰ ਕਰਨ ਦੀ ਜਾਣਕਾਰੀ ਨਹੀਂ ਮਿਲੀ।

Leave a Reply

Your email address will not be published. Required fields are marked *