NDP ਸਿੱਖ ਉਮੀਦਵਾਰ ਹੋਇਆ ਨਸਲੀ ਟਿੱਪਣੀ ਦਾ ਸ਼ਿਕਾਰ, ਪੋਸਟਰ ‘ਤੇ ਲਿਖਿਆ ‘ਗੋ ਬੈਕ…’

ਐਲਬਰਟਾ (ਏਜੰਸੀ)- ਵਿਦੇਸ਼ਾਂ ਵਿਚ ਆਏ ਦਿਨ ਪੰਜਾਬੀ ਜਾਂ ਭਾਰਤੀ ਕਿਸੇ ਨਾ ਕਿਸੇ ਤਰ੍ਹਾਂ ਦੀ ਨਸਲੀ ਟਿੱਪਣੀ ਜਾਂ ਨਸਲੀ ਹਮਲੇ ਦੇ ਸ਼ਿਕਾਰ ਹੁੰਦੇ ਰਹਿੰਦੇ ਹਨ ਪਰ ਇਸ ਵਾਰ ਇਸ ਹਮਲੇ ਦਾ ਸ਼ਿਕਾਰ ਕੋਈ ਹੋਰ ਨਹੀਂ ਸਗੋਂ ਐਲਬਰਟਾ ਸੂਬੇ ਵਿਚ ਕੈਲਗਰੀ-ਸਕਾਈਵਿਊ ਪਾਰਲੀਮਾਨੀ ਹਲਕੇ ਤੋਂ ਐਨ.ਡੀ.ਪੀ. ਦੇ ਉਮੀਦਵਾਰ ਗੁਰਿੰਦਰ ਸਿੰਘ ਗਿੱਲ ਹੋਏ ਹਨ। ਉਨ੍ਹਾਂ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਉਂਦਿਆਂ ਚੋਣ ਪ੍ਰਚਾਰ ਵਾਲੇ ਪੋਸਟਰਾਂ ‘ਤੇ ਨਸਲੀ ਟਿੱਪਣੀ ਕੀਤੀ ਗਈ ਅਤੇ ਲਿਖਿਆ ਗਿਆ ਕਿ ‘ਆਪਣੇ ਮੁਲਕ ਵਾਪਸ ਜਾਉ’। ਗੁਰਿਦਰ ਸਿੰਘ ‘ਤੇ ਹੋਈ ਇਸ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਸ਼ੇਅਰ ਹੁੰਦਿਆਂ ਹੀ ਨਸਲੀ ਟਿੱਪਣੀ ਕਰਨ ਵਾਲਿਆਂ ਖਿਲਾਫ ਲੋਕਾਂ ਨੇ ਆਪਣੀ ਭੜਾਸ ਕੱਢੀ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ।

ਦਰਅਸਲ ਗੁਰਿੰਦਰ ਸਿੰਘ ਗਿੱਲ ਨੇ ਨਸਲੀ ਹਮਲੇ ਦਾ ਨਿਸ਼ਾਨਾ ਬਣੇ ਆਪਣੇ ਪੋਸਟਰ ਦੀ ਤਸਵੀਰ ਟਵਿਟਰ ‘ਤੇ ਸ਼ੇਅਰ ਕਰ ਦਿੱਤੀ ਸੀ। ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਹੁੰਦਿਆਂ ਹੀ ਇਸ ਹਰਕਤ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਕਿਸੇ ਵੀ ਉਮੀਦਵਾਰ ਨਾਲ ਇਸ ਕਿਸਮ ਦਾ ਸਲੂਕ ਕੈਨੇਡੀਅਨ ਸੱਭਿਆਚਾਰ ਖਿਲਾਫ਼ ਹੈ। ਅਜਿਹੀਆਂ ਹਰਕਤਾਂ ਕਰਨ ਵਾਲੇ ਲੋਕਾਂ ਦਾ ਜਮਹੂਰੀਅਤ ਵਿਚ ਬਿਲਕੁਲ ਵਿਸ਼ਵਾਸ ਨਹੀਂ ਹੁੰਦਾ। ਸੋਸ਼ਲ ਮੀਡੀਆ ਦੇ ਇਕ ਵਰਤੋਂਕਾਰ ਨੇ ਇਸ ਘਟਨਾ ਨੂੰ ਲੋਕਤੰਤਰ ਦਾ ਘਾਣ ਦੱਸਿਆ। ਗੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਉਨ੍ਹਾਂ ਦੀ ਟੀਮ ਦੇ ਹੌਸਲੇ ਨੂੰ ਕਮਜ਼ੋਰ ਨਹੀਂ ਕਰ ਸਕਦਾ ਅਤੇ ਉਹ ਹੁਣ ਹੋਰ ਜ਼ੋਸ਼-ਸ਼ੋਰ ਨਾਲ ਆਪਣੀ ਪਾਰਟੀ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਐਨ.ਡੀ.ਪੀ. ਹਮੇਸ਼ਾ ਕੈਨੇਡਾ ਵਿਚ ਭਾਈਚਾਰਕ ਸਾਂਝ ਲਈ ਯਤਨਸ਼ੀਲ ਰਹੇਗੀ।

Leave a Reply

Your email address will not be published. Required fields are marked *