B’Day Spl ਡਾ. ਮਨਮੋਹਨ ਸਿੰਘ ਦਾ ਵਿੱਤ ਮੰਤਰੀ ਤੋਂ ਪੀ. ਐੱਮ. ਬਣਨ ਤਕ ਦਾ ਸਫਰ

ਨਵੀਂ ਦਿੱਲੀ— ਦੁਨੀਆ ‘ਚ ਬਹੁਤ ਘੱਟ ਲੋਕ ਅਜਿਹੇ ਹਨ, ਜਿਨ੍ਹਾਂ ਨੇ ਆਪਣੀਆਂ ਸਾਰੀਆਂ ਜ਼ਿੰਮਵਾਰੀਆਂ ਨੂੰ ਸਫਲਤਾਪੂਰਵਕ ਨਿਭਾਇਆ ਅਤੇ ਸ਼ਿਖਰਾਂ ਨੂੰ ਛੂਹਿਆ ਹੈ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਉਨ੍ਹਾਂ ਸ਼ਖਸੀਅਤਾਂ ‘ਚੋਂ ਇਕ ਸਨ। ਇਕ ਵਿਦਵਾਨ, ਵਿਚਾਰਕ ਅਤੇ ਵਧੀਆ ਅਰਥਸ਼ਾਸਤਰੀ ਮਨਮੋਹਨ ਸਿੰਘ ਨੇ ਬਤੌਰ 10 ਸਾਲ ਪ੍ਰਧਾਨ ਮੰਤਰੀ ਦੇ ਰੂਪ ‘ਚ ਆਪਣਾ ਕਾਰਜਕਾਲ ਸੰਭਾਲਿਆ। ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਗਾਹ (ਜੋ ਹੁਣ ਪਾਕਿਸਤਾਨ) ਦੇ ਪੰਜਾਬ ਸੂਬੇ ਦਾ ਹਿੱਸਾ ਹੈ) ‘ਚ ਹੋਇਆ ਸੀ। ਉਹ ਬਚਪਨ ਤੋਂ ਹੀ ਪੜ੍ਹਾਈ ‘ਚ ਬਹੁਤ ਹੁਸ਼ਿਆਰ ਸਨ ਅਤੇ ਆਪਣੀ ਜਮਾਤ ‘ਚ ਟਾਪਰ ਰਹੇ। ਮਨਮੋਹਨ ਸਿੰਘ ਜਦੋਂ ਛੋਟੇ ਸਨ ਤਾਂ ਉਨ੍ਹਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਸੀ। ਆਜ਼ਾਦੀ ਤੋਂ ਬਾਅਦ ਉਹ ਭਾਰਤ ਆ ਗਏ। ਸ਼ੁਰੂਆਤ ਵਿਚ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਰਹਿ ਕੇ ਅੰਮ੍ਰਿਤਸਰ ਦੇ ਹਿੰਦੂ ਕਾਲਜ ‘ਚ ਆਪਣੀ ਪੜ੍ਹਾਈ ਪੂਰੀ ਕੀਤੀ। ਅੱਗੇ ਚੱਲ ਕੇ ਮਨਮੋਹਨ ਸਿੰਘ ਨੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਤੋਂ ਅਰਥਸ਼ਾਸਤ ‘ਚ ਗਰੈਜੂਏਸ਼ਨ ਪੂਰੀ ਕੀਤੀ। ਡਾ. ਮਨਮੋਹਨ ਸਿੰਘ ਜੀ ਨੇ ਪੀ. ਐੱਚ. ਡੀ. ਲਈ ਕੈਂਬ੍ਰਿਜ ਯੂਨੀਵਰਸਿਟੀ ਦਾ ਰੁਖ਼ ਕੀਤਾ ਅਤੇ ਅੱਗੇ ਚੱਲ ਕੇ ਆਕਸਫੋਰਡ ਯੂਨੀਵਰਸਿਟੀ ਤੋਂ ਡੀ ਫਿਲ ਪੂਰੀ ਕੀਤੀ।
ਖਾਸ ਗੱਲ ਇਹ ਹੈ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਸਰਕਾਰੀ ਨੌਕਰੀ ਕਰਦੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਸ਼ਲਾਘਾਯੋਗ ਕੰਮ ਕੀਤੇ, ਜਿਸ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮਨਮੋਹਨ ਸਿੰਘ ਪੰਜਾਬ ਯੂਨੀਵਰਸਿਟੀ ਅਤੇ ਦਿੱਲੀ ਸਕੂਲ ਆਫ ਇਕਨਾਮਿਕਸ ‘ਚ ਪ੍ਰੋਫੈਸਰ ਰਹੇ।

ਪੀ. ਵੀ. ਨਰਸਿੰਘ ਰਾਵ ਜਦੋਂ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਮਨਮੋਹਨ ਸਿੰਘ ਨੂੰ 1991 ਵਿਚ ਆਪਣੇ ਕੈਬਨਿਟ ‘ਚ ਸ਼ਾਮਲ ਕੀਤਾ। ਜਿਸ ਤੋਂ ਬਾਅਦ 1996 ਤਕ ਉਨ੍ਹਾਂ ਨੇ ਬਤੌਰ ਵਿੱਤ ਮੰਤਰੀ ਆਪਣਾ ਕਾਰਜਕਾਲ ਪੂਰਾ ਕੀਤਾ।ਮਨਮੋਹਨ ਸਿੰਘ ਨੇ ਇਕ ਇੰਟਰਵਿਊ ‘ਚ ਪੀ.ਵੀ. ਨਰਸਿੰਘ ਰਾਵ ਦਾ ਜ਼ਿਕਰ ਕਰਦੇ ਹੋਏ ਦੱਸਿਆ, ”ਮੈਂ ਕਿਹਾ ਸੀ ਕਿ ਮੈਂ ਵਿੱਤ ਮੰਤਰੀ ਦਾ ਅਹੁਦਾ ਉਦੋਂ ਸਵੀਕਾਰ ਕਰਾਂਗਾ, ਜਦੋਂ ਮੈਨੂੰ ਉਨ੍ਹਾਂ ਦਾ ਪੂਰਾ ਸਮਰਥਨ ਮਿਲੇਗਾ। ਰਾਵ ਨੇ ਕਿਹਾ ਕਿ ਤੁਹਾਨੂੰ ਪੂਰੀ ਛੋਟ ਹੋਵੇਗੀ, ਜੇਕਰ ਨੀਤੀਆਂ ਸਫ਼ਲ ਰਹੀਆਂ ਤਾਂ ਅਸੀਂ ਸਾਰੇ ਉਨ੍ਹਾਂ ਦਾ ਸਿਹਰਾ ਲਵਾਂਗੇ ਪਰ ਅਸਫ਼ਲ ਹੋਣ ‘ਤੇ ਤੁਹਾਨੂੰ ਜਾਣਾ ਹੋਵੇਗਾ।” ਸਾਲ 2007 ‘ਚ ਬਤੌਰ ਪ੍ਰਧਾਨ ਮੰਤਰੀ ਰਹਿੰਦੇ ਹੋਏ ਇਨ੍ਹਾਂ ਨੇ ਵਿੱਤ ਮੰਤਰੀ ਪੀ. ਚਿਦਾਂਬਰਮ ਨਾਲ ਮਿਲ ਕੇ ਕਈ ਅਜਿਹੇ ਫੈਸਲੇ ਲਏ, ਜਿਸ ਦੀ ਬਦੌਲਤ ਦੇਸ਼ ਦਾ ਜੀ.ਡੀ.ਪੀ. 9 ਫੀਸਦੀ ਤੱਕ ਗਿਆ।

ਜ਼ਿਕਰਯੋਗ ਹੈ ਕਿ ਇਹ ਜੀ.ਡੀ.ਪੀ. ਅਜੇ ਤੱਕ ਸਰਵਸ਼ੇਸ਼ਠ ਹੈ ਅਤੇ ਸਾਲ 2007 ‘ਚ ਭਾਰਤ ਆਰਥਿਕ ਦ੍ਰਿਸ਼ਟੀਕੋਣ ਦੇ ਲਿਹਾਜ ਨਾਲ ਦੁਨੀਆ ਦਾ ਦੂਜਾ ਸਭ ਤੋਂ ਵਧ ਗਰੋਥ ਵਾਲਾ ਦੇਸ਼ ਰਿਹਾ ਸੀ। ਮਨਮੋਹਨ ਸਿੰਘ ਕਿਸੇ ਵੀ ਤਰ੍ਹਾਂ ਦੇ ਦਿਖਾਵੇ ਜਾਂ ਪ੍ਰਚਾਰ ਤੋਂ ਕਾਫ਼ੀ ਦੂਰ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਬਤੌਰ ਪ੍ਰਧਾਨ ਮੰਤਰੀ ਆਪਣਾ ਜ਼ਿਆਦਾਤਰ ਜਨਮ ਦਿਨ ਵਿਦੇਸ਼ ਯਾਤਰਾ ਦੌਰਾਨ ਜਹਾਜ਼ ‘ਚ ਹੀ ਮਨਾਏ ਹਨ। ਹਾਲਾਂਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਦੇ ਦੂਜੇ ਕਾਰਜਕਾਲ ‘ਚ ਕੋਲਾ ਵੰਡ ਘਪਲੇ ਅਤੇ 2ਜੀ ਸਪੈਕਟਰਮ ਵਰਗੇ ਕੁਝ ਦਾਗ਼ ਵੀ ਲੱਗੇ ਪਰ ਕਿਸੇ ਨੇ ਵੀ ਡਾ. ਮਨਮੋਹਨ ਸਿੰਘ ਉੱਪਰ ਉਂਗਲੀ ਨਹੀਂ ਚੁੱਕੀ। ਉੱਥੇ ਹੀ ਦੂਜੇ ਪਾਸੇ ਪਹਿਲੇ ਕਾਰਜਕਾਲ ‘ਚ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਵਰਗੇ ਕਈ ਵੱਡੇ ਫੈਸਲੇ ਵੀ ਲਏ।

Leave a Reply

Your email address will not be published. Required fields are marked *