ਸਤੰਬਰ ਮਹੀਨਾ ਇਨ੍ਹਾਂ ਪੰਜਾਬੀ ਗਾਇਕਾਂ ਲਈ ਰਿਹਾ ਮਾੜਾ

ਜਲੰਧਰ (ਬਿਊਰੋ) — ਜਦੋਂ ਤੋਂ ਸਤੰਬਰ ਮਹੀਨਾ ਸ਼ੁਰੂ ਹੋਇਆ ਹੈ, ਉਦੋਂ ਤੋਂ ਕੋਈ ਨਾ ਕੋਈ ਪੰਜਾਬੀ ਗਾਇਕ ਵਿਵਾਦਾਂ ‘ਚ ਘਿਰਦਾ ਜਾ ਰਿਹਾ ਹੈ। ਬਹੁਤ ਸਾਰੇ ਪੰਜਾਬੀ ਗਾਇਕਾਂ ਦੇ ਮਸਲੇ ਸੋਸ਼ਲ ਮੀਡੀਆ ‘ਤੇ ਅੱਗ ਵਾਂਗੂ ਫੈਲੇ। ਅੱਜ ਉਨ੍ਹਾਂ ਮਸਲਿਆਂ ਤੇ ਵਿਵਾਦਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ…

ਰੰਮੀ ਰੰਧਾਵਾ ਤੇ ਐਲੀ ਮਾਂਗਟ ਦਾ ਮਾਮਲਾ
ਸਤੰਬਰ ਮਹੀਨੇ ਵਿਵਾਦਾਂ ਦੀ ਸ਼ੁਰੂਆਤ ਹੋਈ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੇ ਵਿਵਾਦ ਤੋਂ। ਦੋਵਾਂ ਦੀ ਸੋਸ਼ਲ ਮੀਡੀਆ ‘ਤੇ ਸ਼ੁਰੂ ਹੋਈ ਲੜਾਈ 11 ਸਤੰਬਰ ਨੂੰ ਮੋਹਾਲੀ ਦੇ 88 ਸੈਕਟਰ ਤਕ ਪਹੁੰਚੀ, ਜਿਥੇ ਨਿਊਜ਼ੀਲੈਂਡ ਤੋਂ ਭਾਰਤ ਆਏ ਐਲੀ ਮਾਂਗਟ ਨੂੰ ਪੰਜਾਬ ਪੁਲਸ ਨੇ ਗ੍ਰਿਫਤਾਰ ਕੀਤਾ।

ਗੁਰਨਾਮ ਭੁੱਲਰ
ਐਲੀ ਤੇ ਰੰਮੀ ਦਾ ਵਿਵਾਦ ਰੁਕਿਆ ਨਹੀਂ ਕਿ ਗੁਰਨਾਮ ਭੁੱਲਰ ਦੀ ਇਕ ਵੀਡੀਓ ਵਾਇਰਲ ਹੋਣੀ ਸ਼ੁਰੂ ਹੋ ਗਈ, ਜਿਸ ‘ਚ ਫੈਨ ਨਾਲ ਕੀਤੇ ਦੁਰਵਿਵਹਾਰ ਕਾਰਨ ਗੁਰਨਾਮ ਭੁੱਲਰ ਨੂੰ ਬੁਰਾ-ਭਲਾ ਕਿਹਾ ਗਿਆ। ਇਸ ਨੂੰ ਲੈ ਕੇ ਗੁਰਨਾਮ ਭੁੱਲਰ ਨੇ ਬਾਅਦ ‘ਚ ਮੁਆਫੀ ਵੀ ਮੰਗ ਲਈ।

ਸਿੱਧੂ ਮੂਸੇ ਵਾਲਾ
ਪਹਿਲੇ ਦੋ ਵਿਵਾਦ ਅਜੇ ਰੁਕਣ ਹੀ ਲੱਗੇ ਸਨ ਕਿ ਸਿੱਧੂ ਮੂਸੇ ਵਾਲਾ ਦੇ ਲੀਕ ਹੋਏ ਇਕ ਗੀਤ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ, ਜਿਸ ਦੀ ਸਿੱਖ ਜਥੇਬੰਦੀਆਂ ਵਲੋਂ ਨਿੰਦਿਆ ਕੀਤੀ ਗਈ। ਹਾਲਾਂਕਿ ਸਿੱਧੂ ਵਲੋਂ ਇਸ ਮਾਮਲੇ ‘ਤੇ ਪਹਿਲਾਂ ਹੀ ਮੁਆਫੀ ਮੰਗ ਲਈ ਗਈ ਪਰ ਵਿਵਾਦਾਂ ਨੇ ਅਜੇ ਤਕ ਉਸ ਦਾ ਪਿੱਛਾ ਨਹੀਂ ਛੱਡਿਆ, ਜਿਸ ਦੇ ਚਲਦਿਆਂ ਉਸ ਦਾ ਇਟਲੀ ਵਾਲਾ ਸ਼ੋਅ ਵੀ ਰੱਦ ਹੋ ਗਿਆ।

ਗੁਰਦਾਸ ਮਾਨ
ਪੰਜਾਬੀ ਗਾਇਕ ਗੁਰਦਾਸ ਮਾਨ ਹਿੰਦੀ ਭਾਸ਼ਾ ‘ਤੇ ਦਿੱਤੇ ਬਿਆਨ ਤੋਂ ਬਾਅਦ ਸੁਰਖੀਆਂ ‘ਚ ਹਨ। ਜਦੋਂ ਇਸ ਗੱਲ ਦੀ ਗੁਰਦਾਸ ਮਾਨ ਦੇ ਕੈਨੇਡਾ ਸ਼ੋਅ ‘ਚ ਕਿਸੇ ਸ਼ਖਸ ਨੇ ਨਿੰਦਿਆ ਕੀਤੀ ਤਾਂ ਗੁਰਦਾਸ ਮਾਨ ਨੇ ਅਪਸ਼ਬਦ ਬੋਲ ਦਿੱਤੇ। ਗੁਰਦਾਸ ਮਾਨ ਇਨ੍ਹਾਂ ਵਿਵਾਦਾਂ ਤੋਂ ਬਾਅਦ ਲੋਕਾਂ ਦੇ ਨਿਸ਼ਾਨੇ ‘ਤੇ ਆ ਗਏ ਤੇ ਗੁਰਦਾਸ ਮਾਨ ਨੂੰ ਲੋਕਾਂ ਨੇ ਮੁਆਫੀ ਦੀ ਗੱਲ ਵੀ ਕੀਤੀ।

ਲਖਵਿੰਦਰ ਵਡਾਲੀ
ਇਨ੍ਹਾਂ ਸਾਰੇ ਵਿਵਾਦਾਂ ਤੋਂ ਬਾਅਦ ਹੁਣ ਲਖਵਿੰਦਰ ਵਡਾਲੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਲਖਵਿੰਦਰ ਵਡਾਲੀ ਫੈਨਜ਼ ਵਲੋਂ ਤਸਵੀਰਾਂ ਖਿੱਚਣ ਤੋਂ ਪ੍ਰੇਸ਼ਾਨ ਨਜ਼ਰ ਆ ਰਹੇ ਹਨ।

Leave a Reply

Your email address will not be published. Required fields are marked *