ਮੁਕੇਸ਼ ਅੰਬਾਨੀ ਲਗਾਤਾਰ 8ਵੀਂ ਵਾਰ ਬਣੇ ਸਭ ਤੋਂ ਅਮੀਰ ਭਾਰਤੀ, ਜਾਣੋ ਦੇਸ਼ ਦੇ ਟਾਪ ਅਮੀਰਾਂ ਦੀ ਸੂਚੀ

ਮੁੰਬਈ — ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਲਗਾਤਾਰ 8ਵੇਂ ਸਾਲ ਅਮੀਰ ਭਾਰਤੀਆਂ ਦੀ ਸੂਚੀ ‘ਚ ਸਿਖਰ ‘ਤੇ ਆਪਣਾ ਨਾਂ ਦਰਜ ਕਰਵਾਉਣ ‘ਚ ਕਾਮਯਾਬ ਹੋ ਗਏ ਹਨ। ਆਈ.ਐਫ.ਐਲ. ਵੈਲਥ ਹੁਰੂਨ ਇੰਡੀਆ ਦੀ ਅਮੀਰਾਂ ਦੀ ਸੂਚੀ ਅਨੁਸਾਰ ਉਸ ਦੀ ਜਾਇਦਾਦ 3 ਫੀਸਦੀ ਦੇ ਵਾਧੇ ਨਾਲ ਹੁਣ 3,80,700 ਕਰੋੜ ਰੁਪਏ ਹੋ ਗਈ ਹੈ। ਰਿਪੋਰਟ ਮੁਤਾਬਕ ਇਸ ਸਾਲ ਦੇਸ਼ ਦੇ ਅਮੀਰ ਲੋਕਾਂ ਦੀ ਸੂਚੀ ‘ਚ 122 ਨਵੇਂ ਲੋਕ ਸ਼ਾਮਲ ਹੋਏ ਹਨ। ਇਸ ਸੂਚੀ ‘ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੀ ਘੱਟੋ-ਘੱਟ ਜਾਇਦਾਦ 1000 ਕਰੋੜ ਰੁਪਏ ਹੈ।
ਟਾਪ 10 ਭਾਰਤੀਆਂ ਦੀ ਸੂਚੀ
ਅਮੀਰਾਂ ਦੀ ਇਸ ਸੂਚੀ ਅਨੁਸਾਰ ਲੰਡਨ ਦੇ ਐਸ.ਪੀ. ਹਿੰਦੂਜਾ ਅਤੇ ਉਨ੍ਹਾਂ ਦਾ ਪਰਿਵਾਰ 1,86,500 ਕਰੋੜ ਰੁਪਏ ਦੀ ਜਾਇਦਾਦ ਨਾਲ ਇਸ ਸੂਚੀ ‘ਚ ਦੂਜੇ ਨੰਬਰ ‘ਤੇ ਹੈ। ਵਿਪਰੋ ਦੇ ਅਜ਼ੀਮ ਪ੍ਰੇਮਜੀ ਅਮੀਰ ਭਾਰਤੀਆਂ ਦੀ ਸੂਚੀ ‘ਚ ਤੀਜੇ ਸਥਾਨ ‘ਤੇ ਹਨ। ਉਸ ਦੀ ਕੁਲ ਸੰਪਤੀ 1,17,100 ਕਰੋੜ ਰੁਪਏ ਰਹੀ ਹੈ। ਆਰਸੇਲਰ ਮਿੱਤਲ ਦੇ ਸੀਈਓ ਲਕਸ਼ਮੀ ਨਿਵਾਸ ਮਿੱਤਲ 1,07,300 ਕਰੋੜ ਰੁਪਏ ਦੀ ਦੌਲਤ ਨਾਲ ਭਾਰਤੀ ਅਮੀਰ ਲੋਕਾਂ ਦੀ ਸੂਚੀ ਵਿਚ ਚੌਥੇ ਅਤੇ ਗੌਤਮ ਅਡਾਨੀ 94,500 ਕਰੋੜ ਰੁਪਏ ਦੀ ਜਾਇਦਾਦ ਨਾਲ ਪੰਜਵੇਂ ਸਥਾਨ ‘ਤੇ ਹਨ।

ਟਾਪ 10 ਅਮੀਰ ਭਾਰਤੀਆਂ ‘ਚ 94,100 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਊਦੈ ਕੋਟਕ ਛੇਵੇਂ, ਸਾਈਰਸ ਐਸ ਪੂਨਾਵਾਲਾ 88,800 ਕਰੋੜ ਦੀ ਜਾਇਦਾਦ ਦੇ ਨਾਲ ਸੱਤਵੇਂ, 76,800 ਕਰੋੜ ਰੁਪਏ ਦੇ ਨਾਲ ਸਾਇਰਸ ਪੱਲੋਂਜੀ ਮਿਸਤਰੀ ਅੱਠਵੇਂ, 76,800 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ  ਸ਼ਾਪੋਰਜੀ ਪੱਲੋਂਜੀ ਨੌਵੇਂ ਅਤੇ 71,500 ਕਰੋੜ ਰੁਪਏ ਦੇ ਨਾਲ ਦਿਲੀਪ ਸਾਂਘਵੀ ਦਸਵੇਂ ਸਥਾਨ ‘ਤੇ ਹਨ।

ਇਸ ਸੂਚੀ ‘ਚ 1000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਵਾਲੇ ਭਾਰਤੀਆਂ ਦੀ ਗਿਣਤੀ 953 ਹੋ ਗਈ ਹੈ। ਸਾਲ 2018 ‘ਚ ਇਹ ਗਿਣਤੀ 831 ਸੀ।

ਡਾਲਰ ਦੇ ਮੁੱਲ ‘ਚ ਅਰਬਪਤੀਆਂ ਦੀ ਗਿਣਤੀ 141 ਤੋਂ ਘੱਟ ਕੇ 138 ਰਹਿ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਚੋਟੀ ਦੇ 25 ਅਮੀਰ ਲੋਕਾਂ ਦੀ ਕੁਲ ਦੌਲਤ ਦਾ ਮੁੱਲ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਦੇ ਦਸ ਫੀਸਦੀ ਦੇ ਬਰਾਬਰ ਹੈ। ਇਸ ਦੇ ਨਾਲ ਹੀ 1000 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਵਾਲੇ 953 ਅਮੀਰ ਲੋਕਾਂ ਦੀ ਕੁਲ ਸੰਪਤੀ ਦੇਸ਼ ਦੀ ਜੀ.ਡੀ.ਪੀ. ਦੇ 27 ਫੀਸਦੀ ਦੇ ਬਰਾਬਰ ਹੈ।

ਇਨ੍ਹਾਂ ਸ਼ਹਿਰਾਂ ‘ਚ ਦੇਸ਼ ਦੇ ਸਭ ਤੋਂ ਵਧ ਅਮੀਰ

ਆਈ.ਆਈ.ਐਫ.ਐਲ. ਵੈਲਥ ਹੁਰੂਨ ਦੀ ਸੂਚੀ ਅਨੁਸਾਰ, ਇਸ ਸਾਲ ਅਮੀਰਾਂ ਦੀ ਕੁਲ ਦੌਲਤ ‘ਚ ਸਮੂਹਿਕ ਰੂਪ ਨਾਲ ਦੋ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਹਾਲਾਂਕਿ ਔਸਤਨ ਜਾਇਦਾਦ ਦੇ ਵਾਧੇ ‘ਚ 11 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇਸ ਸਾਲ ਸੂਚੀ ਵਿਚ 344 ਅਮੀਰ ਲੋਕਾਂ ਦੀ ਦੌਲਤ ਘੱਟ ਗਈ ਹੈ। ਇਸਦੇ ਨਾਲ ਹੀ 112 ਅਮੀਰ ਲੋਕ ਅਜਿਹੇ ਹਨ ਜਿਹੜੇ 1000 ਕਰੋੜ ਰੁਪਏ ਦੇ ਪੱਧਰ ਤੋਂ ਪਛੜ ਗਏ ਹਨ। ਰਿਪੋਰਟ ਦੇ ਅਨੁਸਾਰ 246 ਅਰਥਾਤ 26 ਪ੍ਰਤੀਸ਼ਤ ਅਮੀਰ ਭਾਰਤੀ ਮੁੰਬਈ ‘ਚ ਰਹਿੰਦੇ ਹਨ। ਦਿੱਲੀ 175 ਅਮੀਰ ਲੋਕਾਂ ਦਾ ਘਰ ਹੈ, ਜਦੋਂ ਕਿ 77 ਅਮੀਰ ਭਾਰਤੀ ਬੰਗਲੌਰ ‘ਚ ਰਹਿੰਦੇ ਹਨ। ਇਸ ਸੂਚੀ ਵਿਚ 82 ਪ੍ਰਵਾਸੀ ਭਾਰਤੀ (ਐਨਆਰਆਈ) ਵੀ ਸ਼ਾਮਲ ਹਨ। ਇਨ੍ਹਾਂ ਵਿਚੋਂ 76 ਪ੍ਰਤੀਸ਼ਤ ਨੇ ਆਪਣੇ ਦਮ ‘ਤੇ ਹੀ ਇਹ ਮੁਕਾਮ ਹਾਸਲ ਕੀਤਾ ਹੈ। ਪ੍ਰਵਾਸੀ ਭਾਰਤੀਆਂ ਲਈ ਅਮਰੀਕਾ ਇਕ ਪਸੰਦੀਦਾ ਦੇਸ਼ ਹੈ। ਅਮਰੀਕਾ ਵਿਚ 31 ਅਮੀਰ ਭਾਰਤੀਆਂ ਦਾ ਘਰ ਹੈ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਅਤੇ ਬ੍ਰਿਟੇਨ ਦਾ ਨੰਬਰ ਆਉਂਦਾ ਹੈ।

ਇਨ੍ਹਾਂ ਨੇ ਆਪਣੇ ਦਮ ‘ਤੇ ਹਾਸਲ ਕੀਤੀ ਕਾਮਯਾਬੀ

ਓਯੋ ਰੂਮਜ਼ ਦਾ ਰਿਤੇਸ਼ ਅਗਰਵਾਲ 7,500 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਸਭ ਤੋਂ ਛੋਟੀ ਉਮਰ (25) ਸਾਲ ਦੇ ਅਰਬਪਤੀ ਹਨ।ਉਨ੍ਹਾਂ ਨੇ ਆਪਣੇ ਦਮ ‘ਤੇ ਇਸ ਪੱਧਰ ਤੱਕ ਪਹੁੰਚ ਬਣਾਈ ਹੈ। ਮੀਡੀਆ.ਨੈੱਟ ਦੀ ਦਿਵਯਾਂਕ ਤੁਰਾਖੀਆ 40 ਸਾਲ ਤੋਂ ਘੱਟ ਉਮਰ ਦੇ ਸਭ ਤੋਂ ਅਮੀਰ ਭਾਰਤੀ ਹਨ। ਉਨ੍ਹਾਂ ਦੀ ਉਮਰ 37 ਸਾਲ ਹੈ। ਇਸ ਸੂਚੀ ਵਿਚ 152 ਔਰਤਾਂ ਸ਼ਾਮਲ ਹਨ। ਉਨ੍ਹਾਂ ਦੀ ਔਸਤ ਉਮਰ 56 ਸਾਲ ਹੈ। ਐਚ.ਸੀ.ਐਲ. ਤਕਨਾਲੋਜੀ ਦੀ 37 ਸਾਲਾ ਰੋਸ਼ਨੀ ਨਡਾਰ ਸਭ ਤੋਂ ਅਮੀਰ ਭਾਰਤੀ ਔਰਤ ਹੈ। ਉਸ ਤੋਂ ਬਾਅਦ ਗੋਦਰੇਜ ਗਰੁੱਪ ਦੀ ਸਮਿਤਾ ਵੀ. ਕ੍ਰਿਸ਼ਨਾ (68) ਦਾ ਨੰਬਰ ਆਉਂਦਾ ਹੈ। ਉਨ੍ਹਾਂ ਦੀ ਕੁਲ ਜਾਇਦਾਦ 31,400 ਕਰੋੜ ਰੁਪਏ ਹੈ। ਬਾਇਓਕਾਨ ਦੀ ਕਿਰਨ ਮਜੂਮਦਾਰ 18,500 ਕਰੋੜ ਰੁਪਏ ਦੀ ਦੌਲਤ ਨਾਲ ਆਪਣੇ ਦਮ ‘ਤੇ ਇਸ ਅਹੁਦੇ ਨੂੰ ਪ੍ਰਾਪਤ ਕਰਨ ਵਾਲੀ ਸਭ ਤੋਂ ਅਮੀਰ ਭਾਰਤੀ ਔਰਤ ਹੈ।

Leave a Reply

Your email address will not be published. Required fields are marked *