ਇੰਡੋਨੇਸ਼ੀਆ ‘ਚ ਵਿਰੋਧ ਪ੍ਰਦਰਸ਼ਨ ਕਰ ਰਹੇ 80 ਵਿਦਿਆਰਥੀ ਜ਼ਖਮੀ

ਜਕਾਰਤਾ— ਇੰਡੋਨੇਸ਼ੀਆ ‘ਚ ਵਿਰੋਧ ਪ੍ਰਦਰਸ਼ਨ ਦੌਰਾਨ 80 ਤੋਂ ਵਧੇਰੇ ਯੂਨੀਵਰਸਿਟੀ ਵਿਦਿਆਰਥੀ ਜ਼ਖਮੀ ਹੋ ਗਏ। ਜਕਾਰਤਾ ‘ਚ ਸੋਮਵਾਰ ਨੂੰ ਸੈਂਕੜੇ ਲੋਕਾਂ ਵਲੋਂ ਕੀਤੇ ਗਏ ਹਿੰਸਕ ਪ੍ਰਦਰਸ਼ਨ ਦੌਰਾਨ ਘੱਟ ਤੋਂ ਘੱਟ 80 ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਵਲੋਂ ਨਵੇਂ ਬਣਾਏ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਜੋ ਕਿ ਐਂਟੀ ਕਰਪਸ਼ਨ ਏਜੰਸੀ ਨੂੰ ਅਯੋਗ ਬਣਾਉਂਦਾ ਹੈ। ਪ੍ਰਦਰਸ਼ਨਕਾਰੀਆਂ ਅਤੇ ਪੁਲਸ ਦੀ ਝੜਪ ਕਾਰਨ ਬਹੁਤ ਸਾਰੇ ਪ੍ਰਦਰਸ਼ਨਕਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਜਕਾਰਤਾ ਦੇ ਪੈਰਟਾਮਿਨਾ ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 80 ਵਿਦਿਆਰਥੀ ਜ਼ਖਮੀ ਹਨ ਤੇ ਇਨ੍ਹਾਂ ‘ਚੋਂ ਕਈਆਂ ਦੀਆਂ ਹੱਡੀਆਂ ਟੁੱਟ ਗਈਆਂ ਹਨ ਤੇ ਕਈਆਂ ਦੇ ਸਿਰ ਤੇ ਸਰੀਰ ਦੇ ਕਈ ਹਿੱਸਿਆਂ ‘ਤੇ ਸੱਟਾਂ ਲੱਗੀਆਂ ਹਨ। ਬਹੁਤ ਸਾਰੇ ਲੋਕਾਂ ਨੂੰ ਹੰਝੂ ਗੈਸ ਕਾਰਨ ਸਾਹ ਲੈਣ ਦੀ ਸਮੱਸਿਆ ਹੋ ਰਹੀ ਹੈ।

ਮੰਗਲਵਾਰ ਨੂੰ ਪਾਰਲੀਮੈਂਟ ਦੇ ਬਾਹਰ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਕਰਦਿਆਂ ਦੇਖਿਆ ਗਿਆ ਤੇ ਪੁਲਸ ਨੇ ਇਨ੍ਹਾਂ ਨੂੰ ਹਟਾਉਣ ਲਈ ਹੰਝੂ ਗੈਸ ਛੱਡੀ। ਬਹੁਤ ਸਾਰੇ ਵਿਦਿਆਰਥੀਆਂ ਨੇ ਪੁਲਸ ‘ਤੇ ਪੱਥਰ, ਬੋਤਲਾਂ ਤੇ ਹੋਰ ਚੀਜ਼ਾਂ ਸੁੱਟ ਕੇ ਵਿਰੋਧ ਕੀਤਾ। ਪ੍ਰਦਰਸ਼ਨਕਾਰੀ ਅੱਧੀ ਰਾਤ ਨੂੰ ਪਿੱਛੇ ਹਟੇ। ਬੁੱਧਵਾਰ ਸਵੇਰੇ ਅਧਿਕਾਰੀਆਂ ਨੇ ਸੜਕਾਂ ‘ਤੇ ਖਿਲਰੇ ਪੱਥਰ, ਪਲਾਸਟਿਕ ਦੀਆਂ ਬੋਤਲਾਂ, ਬੈਨਰ ਸਮੇਤ ਹੋਰ ਕੂੜਾ ਚਕਾਇਆ, ਜੋ ਕਿ ਪ੍ਰਦਰਸ਼ਨਕਾਰੀਆਂ ਨੇ ਸੁੱਟਿਆ ਸੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਬੁੱਧਵਾਰ ਨੂੰ ਫਿਰ ਸੜਕਾਂ ‘ਤੇ ਉੱਤਰਨਗੇ। ਆਲੋਚਕਾਂ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਪਾਰਲੀਮੈਂਟ ‘ਚ ਪਾਸ ਹੋਇਆ ਬਿੱਲ ਕਰਪਸ਼ਨ ਇਰੈਡੀਕੇਸ਼ਨ ਕਮਿਸ਼ਨ ਦੀਆਂ ਤਾਕਤਾਂ ਨੂੰ ਘਟਾਉਣ ਵਾਲਾ ਹੈ।

Leave a Reply

Your email address will not be published. Required fields are marked *