ਸੀ. ਬੀ. ਆਈ. ਦੀ ਅਦਾਲਤ ਵਲੋਂ ਸਾਬਕਾ ਇੰਸਪੈਕਟਰ ਨੂੰ 6 ਸਾਲ ਕੈਦ ਦੀ ਸਜ਼ਾ

ਮੋਹਾਲੀ  : ਲਗਭਗ 26 ਸਾਲ ਪਹਿਲਾਂ ਜ਼ਿਲਾ ਪਟਿਆਲੇ ਦੇ ਵਸਨੀਕ ਨੌਜਵਾਨ ਨੂੰ ਘਰ ਤੋਂ ਕਿਡਨੈਪ ਕੀਤੇ ਜਾਣ ਅਧੀਨ ਚੱਲ ਰਹੇ ਕੇਸ ‘ਚ ਸੀ. ਬੀ. ਆਈ. ਦੀ ਅਦਾਲਤ ਨੇ ਪੰਜਾਬ ਪੁਲਸ ਦੇ ਇਕ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ 6 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉਸ ਦੇ ਨਾਲ ਹੀ ਇਕ ਕਾਂਸਟੇਬਲ ਜਗਜੀਤ ਸਿੰਘ ਨੂੰ ਅਦਾਲਤ ਨੇ 2 ਸਾਲ ਦੇ ਪ੍ਰੋਬੇਸ਼ਨ ‘ਤੇ ਛੱਡ ਦਿੱਤਾ ਹੈ।

ਇਹ ਸੀ ਮਾਮਲਾ
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਮਾਮਲਾ ਸਾਲ 1993 ਦਾ ਹੈ। ਪਟਿਆਲੇ ਦੇ ਪ੍ਰਤਾਪ ਨਗਰ ਨਿਵਾਸੀ 2 ਸਕੇ ਭਰਾਵਾਂ ਗੁਰਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਪੁਲਸ ਨੇ ਘਰੋਂ ਚੁੱਕ ਲਿਆ ਸੀ। ਮਾਮਲੇ ਦੀ ਜਾਂਚ ਕਰ ਰਹੀ ਸੀ. ਬੀ. ਆਈ. ਵਲੋਂ ਅਦਾਲਤ ‘ਚ ਦਰਜ ਕੀਤੀ ਗਈ ਚਾਰਜਸ਼ੀਟ ‘ਚ ਦੱਸਿਆ ਗਿਆ ਸੀ ਕਿ 26 ਮਾਰਚ 1993 ਨੂੰ ਪੁਲਸ ਸਟੇਸ਼ਨ ਡਵੀਜ਼ਨ ਨੰਬਰ-4 ਪਟਿਆਲਾ ਦੇ ਉਸ ਸਮੇਂ ਦੇ ਐੱਸ. ਐੱਚ. ਓ. ਇੰਸਪੈਕਟਰ ਜੋਗਿੰਦਰ ਸਿੰਘ, ਏ. ਐੱਸ. ਆਈ. ਹਜ਼ੂਰ ਸਿੰਘ ਅਤੇ ਏ. ਐੱਸ. ਆਈ. ਸ਼ਾਮ ਲਾਲ ‘ਤੇ ਆਧਾਰਿਤ ਪੁਲਸ ਪਾਰਟੀ ਨੇ ਪਟਿਆਲਾ ਦੇ ਪ੍ਰਤਾਪ ਨਗਰ ਨਿਵਾਸੀ ਧਰਮ ਸਿੰਘ ਦੇ ਘਰ ਉੱਤੇ ਅਚਾਨਕ ਰੇਡ ਕੀਤੀ ਸੀ। ਰੇਡ ਦੌਰਾਨ ਪੁਲਸ ਨੇ ਉਸ ਦੇ ਬੇਟੇ ਬਲਵਿੰਦਰ ਸਿੰਘ ਨੂੰ ਘਰ ਤੋਂ ਚੁੱਕ ਲਿਆ ਸੀ ਅਤੇ ਬਾਅਦ ‘ਚ ਦੂਜੇ ਬੇਟੇ ਗੁਰਿੰਦਰ ਸਿੰਘ ਨੂੰ ਵੀ ਪੁਲਸ ਨੇ ਆਪਣੇ ਕੋਲ ਪੇਸ਼ ਕਰਵਾ ਲਿਆ ਸੀ। ਉਸ ਤੋਂ ਬਾਅਦ ਅੱਜ ਤਕ ਦੋਵਾਂ ਭਰਾਵਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ।

ਅਦਾਲਤ ਨੇ ਬਲਵਿੰਦਰ ਸਿੰਘ ਦੀ ਕਿਡਨੈਪਿੰਗ ਸਬੰਧੀ ਚੱਲ ਰਹੇ ਕੇਸ ਵਿਚ ਉਕਤ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ 2 ਸਾਲ ਪਹਿਲਾਂ ਹੀ 3 ਸਾਲ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਦੂਜੇ ਭਰਾ ਗੁਰਿੰਦਰ ਸਿੰਘ ਦੇ ਕਿਡਨੈਪਿੰਗ ਕੇਸ ‘ਚ ਉਸ ਨੂੰ 6 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਪੁਲਸ ਨੇ ਬਣਾਈ ਸੀ ਮਨਘੜਤ ਕਹਾਣੀ
ਅਦਾਲਤ ‘ਚ ਸ਼ਿਕਾਇਤਕਰਤਾ ਵਲੋਂ ਵਕੀਲ ਸਤਨਾਮ ਸਿੰਘ ਅਤੇ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਦੋਵਾਂ ਭਰਾਵਾਂ ਨੂੰ ਘਰ ਤੋਂ ਕਿਡਨੈਪਿੰਗ ਉਪਰੰਤ 22 ਅਤੇ 23 ਅਪ੍ਰੈਲ 1993 ਨੂੰ ਪੁਲਸ ਨੇ ਕਹਾਣੀ ਬਣਾਈ ਕਿ ਗੁਰਿੰਦਰ ਸਿੰਘ ਪੁਲਸ ਕਸਟਡੀ |ਚੋਂ ਫਰਾਰ ਹੋ ਗਿਆ ਹੈ ਅਤੇ ਬਾਅਦ ਵਿਚ ਪੁਲਸ ਨੇ ਦੂਜੇ ਲੜਕੇ ਬਲਵਿੰਦਰ ਸਿੰਘ ਨੂੰ ਵੀ ਪੁਲਸ ਕਸਟਡੀ ਤੋਂ ਫਰਾਰ ਕਰਾਰ ਦੇ ਦਿੱਤਾ ਸੀ ਪਰ ਦੋਵੇਂ ਭਰਾ ਕਦੇ ਵਾਪਸ ਘਰ ਨਹੀਂ ਆਏ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਪੁਲਸ ਨੇ ਉਨ੍ਹਾਂ ਨੂੰ ਕਿਤੇ ਨਾ ਕਿਤੇ ਝੂਠਾ ਪੁਲਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਹੋਵੇ।

ਸੀ. ਬੀ. ਆਈ. ਦੀ ਅਦਾਲਤ ‘ਚ ਚੱਲੀ ਕੇਸ ਦੀ ਕਾਰਵਾਈ ਦੌਰਾਨ ਅਦਾਲਤ ਨੇ ਉਸ ਸਮੇਂ ਦੇ ਐੱਸ. ਐੱਸ. ਪੀ. ਅਜਾਇਬ ਸਿੰਘ, ਸਾਬਕਾ ਏ. ਐੱਸ. ਆਈ. ਸ਼ਾਮ ਲਾਲ ਅਤੇ ਸਬ-ਇੰਸਪੈਕਟਰ ਹਜ਼ੂਰ ਸਿੰਘ ਖਿਲਾਫ ਇਲਜ਼ਾਮ ਸਿੱਧ ਨਾ ਹੋਣ ਕਾਰਣ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਇਕ ਹੋਰ ਮੁਲਜ਼ਮ ਹਰਪਾਲ ਸਿੰਘ ਦੀ ਸਾਲ 2018 ਵਿਚ ਮੌਤ ਹੋ ਗਈ ਸੀ। ਇਸ ਸਮੇਂ ਕੇਸ ‘ਚ ਸਿਰਫ 2 ਮੁਲਜ਼ਮ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਅਤੇ ਕਾਂਸਟੇਬਲ ਜਗਜੀਤ ਸਿੰਘ ਹੀ ਬਾਕੀ ਬਚੇ ਸਨ।

ਗੁਰਿੰਦਰ ਸਿੰਘ ਦੀ ਭਰਜਾਈ ਨੇ ਸਜ਼ਾ ਨੂੰ ਘੱਟ ਦੱਸਿਆ:
ਸੀ.ਬੀ.ਆਈ. ਦੀ ਅਦਾਲਤ ਦੇ ਬਾਹਰ ਗੁਰਿੰਦਰ ਸਿੰਘ ਦੀ ਭਰਜਾਈ (ਬਲਵਿੰਦਰ ਸਿੰਘ ਦੀ ਪਤਨੀ) ਨਿਰਮਲ ਕੌਰ ਨੇ ਮੁਲਜ਼ਮਾਂ ਨੂੰ ਸੁਣਾਈ ਗਈ ਸਜ਼ਾ ਨੂੰ ਘੱਟ ਦੱਸਦੇ ਹੋਏ ਕਿਹਾ ਕਿ ਮੁਲਜ਼ਮਾਂ ਨੂੰ ਧਾਰਾ 364 ਵਿਚ ਘੱਟ ਤੋਂ ਘੱਟ ਉਮਰ ਕੈਦ ਦਿੱਤੀ ਜਾਣੀ ਚਾਹੀਦੀ ਸੀ ਪਰ ਅਦਾਲਤ ਨੇ ਉਨ੍ਹਾਂ ਨੂੰ ਬਹੁਤ ਹੀ ਘੱਟ ਸਜ਼ਾ ਸੁਣਾਈ ਹੈ। ਉਸ ਨੇ ਕਿਹਾ ਕਿ ਮੁਲਜ਼ਮਾਂ ਨੂੰ ਉਮਰ ਕੈਦ ਕਰਵਾਉਣ ਲਈ ਉਹ ਸੀ. ਬੀ. ਆਈ. ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਵਿਚ ਲੈ ਕੇ ਜਾਵੇਗੀ।

Leave a Reply

Your email address will not be published. Required fields are marked *