ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਵਲੋਂ ਦੁਸਹਿਰੇ ਵਾਲੇ ਦਿਨ ਰੇਲਵੇ ਲਾਈਨਾਂ ‘ਤੇ ਪ੍ਰਦਰਸ਼ਨ ਦੀ ਚਿਤਾਵਨੀ

ਅੰਮ੍ਰਿਤਸਰ  : ਪਿਛਲੇ ਸਾਲ ਦੁਸਹਿਰੇ ਮੌਕੇ ਜੌੜਾ ਫਾਟਕ ‘ਤੇ ਵਾਪਰੇ ਰੇਲ ਹਾਦਸੇ ਦੇ ਪੀੜਤ ਪਰਿਵਾਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਪੂਰਬੀ ਦੇ ਸਹਾਇਕ ਆਬਜ਼ਰਵਰ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਮਿਲੇ ਤੇ ਪੰਜਾਬ ਸਰਕਾਰ ਵਲੋਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਪੀੜਤ ਪਰਿਵਾਰਾਂ ‘ਚ ਦੀਪਕ ਕੁਮਾਰ, ਨਵਜੀਤ ਸਿੰਘ, ਬਲਬੀਰ ਸਿੰਘ, ਵਿਜੇ ਕੁਮਾਰ, ਸਵਰਨ ਕੌਰ, ਮੈਡਮ ਅਮਨ, ਪ੍ਰੀਤੀ ਕੌਰ, ਸੀਮਾ ਰਾਣੀ ਤੇ ਸੰਜੇ ਕੁਮਾਰ ਨੇ ਦੱਸਿਆ ਕਿ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਲਕਾ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਾਅਦਾ ਕੀਤਾ ਸੀ ਕਿ ਹਰੇਕ ਪੀੜਤ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸ ਨੌਕਰੀ ਨੂੰ ਹਾਸਲ ਕਰਨ ਲਈ ਅਸੀਂ ਹੁਣ ਤੱਕ ਪਤਾ ਨਹੀਂ ਕਿੰਨੀ ਵਾਰ ਸਿੱਧੂ ਸਮੇਤ ਕਾਂਗਰਸੀ ਦੀ ਸੀਨੀਅਰ ਲੀਡਰਸ਼ਿਪ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹਾੜੇ ਕੱਢ ਚੁੱਕੇ ਹਾਂ ਪਰ ਇਕ ਸਾਲ ਬੀਤ ਜਾਣ ‘ਤੇ ਵੀ ਸਾਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ, ਜਿਸ ਕਾਰਨ ਪੀੜਤ ਪਰਿਵਾਰਾਂ ਲਈ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਵੀ ਬਹੁਤ ਔਖਾ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਰੇਲ ਹਾਦਸੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਕਿ ਜਿਨ੍ਹਾਂ ਪੀੜਤ ਪਰਿਵਾਰਾਂ ‘ਚ ਕੋਈ ਕਮਾਉਣ ਵਾਲਾ ਨਹੀਂ ਹੈ, ਉਨ੍ਹਾਂ ਨੂੰ ਸਰਕਾਰੀ ਨੌਕਰੀ ਮਿਲਣ ਤੱਕ ਰਾਸ਼ਨ ਸਮੱਗਰੀ ਪਹੁੰਚਾਈ ਜਾਵੇਗੀ ਤੇ ਅਨਾਥ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚ ਵੀ ਮੈਂ ਹੀ ਚੁੱਕਾਂਗਾ ਪਰ ਉਨ੍ਹਾਂ ਦੇ ਵਾਅਦੇ ਵੀ ਵਫਾ ਨਹੀਂ ਹੋ ਸਕੇ। ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਨੂੰ ਜਲਦ ਸਰਕਾਰੀ ਨੌਕਰੀਆਂ ਨਾ ਦਿੱਤੀਆਂ ਗਈਆਂ ਤਾਂ ਸਮੂਹ ਪੀੜਤ ਪਰਿਵਾਰ ਦੁਸਹਿਰੇ ਵਾਲੇ ਦਿਨ ਜੌੜਾ ਫਾਟਕ ਵਿਖੇ ਰੇਲਵੇ ਲਾਈਨਾਂ ‘ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਸਮੇਂ ਸ਼ਮਸ਼ੇਰ ਸਿੰਘ ਸ਼ੇਰਾ ਨੇ ਪੀੜਤ ਪਰਿਵਾਰਾਂ ਦੀ ਗੱਲ ਬੜੇ ਧਿਆਨ ਨਾਲ ਸੁਣਨ ਉਪਰੰਤ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪੀੜਤ ਪਰਿਵਾਰਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਯਤਨ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸਭ ਤੋਂ ਵੱਡੀ ਨਾਕਾਮੀ ਹੈ ਕਿ ਉਹ ਪੀੜਤ ਪਰਿਵਾਰਾਂ ਨਾਲ ਕੀਤੇ ਗਏ ਵਾਅਦੇ ਵੀ ਅਜੇ ਤੱਕ ਪੂਰੇ ਨਹੀਂ ਕਰ ਸਕੀ।

Leave a Reply

Your email address will not be published. Required fields are marked *