ਚੰਡੀਗੜ੍ਹ ‘ਚ ਸਸਤੇ ਪੈਟਰੋਲ-ਡੀਜ਼ਲ ਨੇ ਔਖੇ ਕੀਤੇ ਪੰਜਾਬ ਦੇ ਡੀਲਰ

ਚੰਡੀਗੜ੍ਹ : ਪੰਜਾਬ ‘ਚ ਪੈਟਰੋਲ ਅਤੇ ਡੀਜ਼ਲ ਦੇ ਕਾਰੋਬਾਰ ਖਾਸ ਤੌਰ ‘ਤੇ ਸਰਹੱਦੀ ਜ਼ਿਲਿਆਂ ਦੇ ਪੈਟਰੋਲ ਪੰਪਾਂ ‘ਤੇ ਰੇਟ ਦਰਾਂ ਦੇ ਵੱਡੇ ਅੰਤਰ ਕਾਰਨ ਵਿਕਰੀ ‘ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਕਾਰਨ ਕਈ ਜ਼ਿਲਿਆਂ ਦੇ ਪੈਟਰੋਲ ਪੰਪ ਬੰਦ ਹੋਣ ਦੀ ਕਗਾਰ ‘ਤੇ ਪਹੁੰਚ ਚੁੱਕੇ ਹਨ। ਵਿਸ਼ੇਸ਼ ਤੌਰ ‘ਤੇ ਮੋਹਾਲੀ ਤੇ ਰੋਪੜ ਦੇ ਪੈਟਰੋਲ ਪੰਪ ਡੀਲਰ ਆਰਥਿਕ ਮੰਦਹਾਲੀ ਕਾਰਨ ਦੀਵਾਲੀਆ ਹੋਣ ਦੇ ਹਾਲਾਤ ‘ਚ ਪੁੱਜ ਚੁੱਕੇ ਹਨ। ਕਈ ਡੀਲਰਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਉਨ੍ਹਾਂ ਨੂੰ ਆਤਮਦਾਹ ਲਈ ਮਜਬੂਰ ਹੋਣਾ ਪੈ ਸਕਦਾ ਹੈ।

ਇੱਥੇ ਪੈਟਰੋਲ ਡੀਲਰਜ਼ ਆਫ ਪੰਜਾਬ ਦੇ ਪ੍ਰਤੀਨਿਧਾਂ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ‘ਚ ਪੂਰੀ ਸਥਿਤੀ ਦਾ ਆਂਕੜਿਆਂ ਸਹਿਤ ਵੇਰਵਾ ਦਿੱਤਾ ਗਿਆ। ਇਸ ਦੌਰਾਨ ਇਹ ਮੰਗ ਵੀ ਕੀਤੀ ਗਈ ਕਿ 20 ਸਤੰਬਰ ਨੂੰ ਚੰਡੀਗੜ੍ਹ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹੋਣ ਵਾਲੇ ਅੰਤਰਰਾਜੀ ਉੱਤਰੀ ਕੌਂਸਲ ਮੀਟਿੰਗ ‘ਚ ਪੈਟਰੋਲ ‘ੇਤ ਵੈਟ ਦਰਾਂ ਇਕਸਾਰ ਕਰਨ ਦਾ ਮਾਮਲਾ ਵੀ ਪ੍ਰਮੁੱਖਤਾ ਨਾਲ ਵਿਚਾਰਿਆ ਜਾਵੇ। ਐਸੋਸੀਏਸ਼ਨ ਦੇ ਆਗੂ ਅਸ਼ਵਿੰਦਰ ਸਿੰਘ ਮੌਂਗੀਆ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਅਕਤੂਬਰ, 2017 ‘ਚ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਰੇਟਸ ‘ਤੇ ਸਫਲਤਾਪੂਰਵਕ ਕਟੌਤੀ ਕੀਤੀ ਅਤੇ ਅਕਤੂਬਰ, 2018 ‘ਚ ਕਟੌਤੀ ਦਾ ਸਿਲਸਿਲਾ ਜਾਰੀ ਰਿਹਾ। ਹਾਲਾਂਕਿ ਪੰਜਾਬ ਸਰਕਾਰ ਨੇ ਵੀ ਫਰਵਰੀ, 2018 ‘ਚ ਪੈਟਰੋਲ ‘ਤੇ 5 ਰੁਪਏ ਅਤੇ ਡੀਜ਼ਲ ‘ਤੇ 1 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਕਟੌਤੀ ਕੀਤੀ ਸੀ ਪਰ ਇਸ ਦੇ ਬਾਵਜੂਦ ਚੰਡੀਗੜ੍ਹ ਦੇ ਮੁਕਾਬਲੇ ਮੋਹਾਲੀ ‘ਚ ਪੈਟਰੋਲ 4.90 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 2.71 ਰੁਪਏ ਪ੍ਰਤੀ ਲੀਟਰ ਮਹਿੰਗਾ ਹੈ।

ਚੰਡੀਗੜ੍ਹ ਨਾਲ ਲੱਗਦੇ ਪੰਜਾਬ ਦੇ ਖੇਤਰ ਬਾਰੇ ਆਂਕੜੇ ਪੇਸ਼ ਕਰਦਿਆਂ ਦੱਸਿਆ ਗਿਆ ਕਿ ਮੋਹਾਲੀ ‘ਚ ਅਗਸਤ, 2016 ਤੋਂ ਅਗਸਤ, 2019 ਤੱਕ ਡੀਜ਼ਲ ਦੀ ਵਿਕਰੀ ਇਸ ਤੋਂ ਬਹੁਤ ਘੱਟ ਰਹੀ। ਅਕਤੂਬਰ, 2017 ਤੋਂ ਪੈਟਰੋਲ ਦੀ ਵਿਕਰੀ ‘ਚ 70 ਫੀਸਦੀ ਗਿਰਾਵਟ ਦਰਜ ਹੋਈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਨਾਲ ਜਿੱਥੇ ਚੰਡੀਗੜ੍ਹ ਨਾਲ ਲੱਗਦੇ ਪੰਜਾਬ ਤੇ ਹਰਿਆਣਾ ਦੇ ਪੈਟਰੋਲ ਪੰਪ ਡੀਲਰਜ਼ ਨੂੰ ਨੁਕਸਾਨ ਹੋ ਰਿਹਾ ਹੈ, ਉੱਥੇ ਪੰਜਾਬ ਸਰਕਾਰ ਨੂੰ ਵੀ ਕੋਈ ਫਾਇਦਾ ਨਹੀਂ ਹੋ ਰਿਹਾ, ਸਗੋਂ ਚੰਡੀਗੜ੍ਹ ‘ਚ ਪੈਟਰੋਲ ਤੇ ਡੀਜ਼ਲ ਸਸਤਾ ਹੋਣ ਕਾਰਨ ਤੇਲ ਮਾਫੀਆ ਦੀ ਸਰਗਰਮੀ ਕਾਰਨ ਪੰਜਾਬ ਵੱਲ ਪੈਟਰੋਲ ਤੇ ਡੀਜ਼ਲ ਦੀ ਸਮੱਗਲਿੰਗ ਹੋਣ ਲੱਗੀ ਹੈ।

 

Leave a Reply

Your email address will not be published. Required fields are marked *