ਇਨ੍ਹਾਂ ਪਿੰਡਾਂ ‘ਚ ਪਈ ਹੜ੍ਹਾਂ ਦੀ ਦੋਹਰੀ ਮਾਰ, ਕੁਦਰਤ ਦਾ ਅਣਮੁੱਲ ਸੋਮਾ ਪਾਣੀ ਬਣਿਆ ਜ਼ਹਿਰ

ਜਲੰਧਰ/ਕਪੂਰਥਲਾ— ਹਾਲ ‘ਚ ਹੀ ਪੰਜਾਬ ‘ਚ ਆਏ ਹੜ੍ਹਾਂ ਨੇ ਜਿੱਥੇ ਕਈ ਲੋਕਾਂ ਦੀਆਂ ਜਾਨਾਂ ਲੈ ਲਈਆਂ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਵੀ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਈਆਂ ਸਨ। ਹੜ੍ਹਾਂ ਦੀ ਮਾਰ ਹੇਠ ਦੱਬੇ ਪਿੰਡਾਂ ‘ਚ ਹਾਲਾਤ ਹੁਣ ਅਜਿਹੇ ਹੋ ਚੁੱਕੇ ਹਨ ਕਿ ਇਥੇ ਪਾਣੀ ਪੀਣ ਦੇ ਯੋਗ ਵੀ ਨਹੀਂ ਰਿਹਾ। ਕਪੂਰਥਲਾ ਦੇ ਪਿੰਡ ਚਾਨਣਵਿੰਡੀ ‘ਚ ਇਕ ਗੁਰਦੁਆਰੇ ਵੱਲੋਂ ਆਪਣੇ ਪਿੰਡ ਵਾਸੀਆਂ ਨੂੰ ਇਹ ਓਵਰਹੈੱਡ ਟੈਂਕ ਤੋਂ ਪਾਣੀ ਨਾ ਪੀਣ ਦੀ ਚਿਤਾਵਨੀ ਦਿੱਤੀ ਗਈ ਹੈ। ਸਪੀਕਰ ਜ਼ਰੀਏ ਅਨਾਊਂਸਮੈਂਟ ਕਰਦੇ ਹੋਏ ਗੁਰਦੁਆਰੇ ਵਾਲਿਆਂ ਨੇ ਕਿਹਾ ਕਿ ਇਹ ਪਾਣੀ ਕੋਈ ਨਾ ਪੀਵੇ। ਜੇ ਕੋਈ ਪੀਵੇਗਾ ਜਾਂ ਆਪਣੇ ਡੰਗਰਾਂ ਨੂੰ ਪਿਲਾਏਗਾ ਤਾਂ ਉਹ ਆਪ ਹੀ ਜ਼ਿੰਮੇਵਾਰ ਹੋਵੇਗਾ।

ਸਤਲੁਜ ਹੜ੍ਹ ਤੋਂ ਬਾਅਦ ਜਲੰਧਰ ਅਤੇ ਕਪੂਰਥਲਾ ਦੇ 35 ਪਿੰਡਾਂ ‘ਚ ਪਾਣੀ ਬੇਹੱਦ ਦੂਸ਼ਿਤ ਹੋ ਚੁੱਕਾ ਹੈ। ਚਿੱਟੀ ਵੇਈਂ ਦਾ ਪਾਣੀ ਵੀ ਪੂਰੀ ਤਰ੍ਹਾਂ ਗੰਧਲਾ ਹੋ ਚੁੱਕਾ ਹੈ ਅਤੇ ਉਦਯੋਗਿਕ ਇਕਾਈਆਂ ਦਾ ਗੰਦਾ ਪਾਣੀ ਇਸ ‘ਚ ਸ਼ਾਮਲ ਹੋ ਚੁੱਕਾ ਹੈ। ਕਪੂਰਥਲਾ ਦੇ 12 ਅਤੇ ਜਲੰਧਰ ਦੇ 25 ਪਿੰਡਾਂ ‘ਚ ਖੇਤਾਂ ‘ਚ ਇਹ ਸਾਰਾ ਪਾਣੀ ਮਿਲਿਆ ਹੋਇਆ ਹੈ। ਕਪੂਰਥਲਾ ਦੇ ਪਿੰਡ ਚੰਨਣਵਿੰਡੀ ਦੇ ਗੁਰਜਿੰਦਰ ਸਿੰਘ ਨੇ ਕਿਹਾ ਕਿ 400 ਫੁੱਟ ਤੱਕ ਪਾਣੀ ਦੂਸ਼ਿਤ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਹਾਲਾਤ ‘ਚ ਕਦੋਂ ਤੱਕ ਸੁਧਾਰ ਹੋਵੇਗਾ। ਸ਼ੇਖ ਮੰਗਾ ਪਿੰਡ ਦੇ ਪਰਮਜੀਤ ਸਿੰਘ ਦੇ ਟਿਊਬਵੈੱਲ ‘ਚੋਂ ਚਿੱਕੜ ਨਾਲ ਭਰਿਆ ਪਾਣੀ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਟਿਊਬਵੈੱਲ ‘ਚੋਂ ਦੋ ਦਿਨਾਂ ਤੱਕ ਗੰਧਲਾ ਪਾਣੀ ਆ ਰਿਹਾ ਹੈ। ਨਸੀਰਪੁਰ, ਮੰਧਲਾ, ਸਰਦਾਰਵਾਲਾ, ਗਿੱਦੜਪਿੰਡੀ, ਕਪੂਰਥਲਾ ਅਤੇ ਜਲੰਧਰ ਦੇ ਕਈ ਪਿੰਡਾਂ ‘ਚ ਪਾਈਪਾਂ ‘ਚੋਂ ਕਾਲਾ ਪਾਣੀ ਆ ਰਿਹਾ ਹੈ। ਨਸੀਰਪੁਰ ਪਿੰਡ ਦੇ ਹਾਲਾਤ ਬੇਹੱਦ ਮਾੜੇ ਹੋ ਚੁੱਕੇ ਹਨ।

ਨਸੀਰਪੁਰ ਦੇ ਨੀਰਵੀਰ ਸਿੰਘ ਨੇ ਕਿਹਾ ਕਿ ਸਤਲੁਜ, ਚਿੱਟੀ ਵੇਈਂ ਅਤੇ ਬਿਆਸ ਨਾਲ ਘਿਰੇ 85 ਪਿੰਡਾਂ ‘ਚੋਂ ਤ੍ਰਿਕੋਣੀ ਖੇਤਰ ਸਭ ਤੋਂ ਪ੍ਰਮੁੱਖ ਹਨ। ਲੋਹੀਆਂ ਦੇ ਕਰੀਬ 20 ਤੋਂ 25 ਪਿੰਡ ਵੀ ਇਸ ਦੀ ਲਪੇਟ ‘ਚ ਹਨ। ਇਥੇ 150 ਤੋਂ 400 ਫੁੱਟ ਤੋਂ ਵੱਧ ਦੇ ਬੋਰ ਨਹੀਂ ਹਨ। ਆਗਾਮੀ ਫਸਲ ਦੇ ਮੌਸਮ ‘ਚ ਪਾਣੀ ਹੋਰ ਵੀ ਦੂਸ਼ਿਤ ਹੋ ਸਕਦਾ ਹੈ। ਗਿੱਦੜਪਿੰਡੀ ਦੇ ਮੁਖਤਿਆਰ ਸਿੰਘ ਨੇ ਦੱਸਿਆ ਕਿ ਹੜ੍ਹ ਨਾਲ ਪਿਛਲੇ ਸਮੇਂ ਤੋਂ ਸਥਿਤੀ ਕਾਫੀ ਗੰਭੀਰ ਚੱਲ ਰਹੀ ਹੈ ਅਤੇ ਚਿੱਟੀ ਵੇਈਂ ਪਹਿਲਾਂ ਤੋਂ ਵੀ ਵੱਧ ਗੰਦਗੀ ਨਾਲ ਭਰ ਗਈ ਹੈ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੇ ਪਾਣੀ ਭੂ-ਜਲ ਦੇ ਨੁਕਸਾਨ ਨਾਲ ਹੋਏ ਸਰਵੇਖਣ ਲਈ ਵਿਗਿਆਨ, ਤਕਨੀਕੀ ਅਤੇ ਵਾਤਾਵਰਣ ਵਿਭਾਗ ਨੂੰ ਪੱਤਰ ਲਿਖ ਕੇ ਇਕ ਤਕਨੀਕੀ ਟੀਮ ਭੇਜਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਸਰਵੇਖਣ ਕੀਤਾ ਗਿਆ ਹੈ ਜਦਕਿ ਇਸ ਮੁੱਦੇ ‘ਤੇ ਇਕ ਰਿਪੋਰਟ ਤਿਆਰ ਕੀਤੀ ਜਾਣੀ ਬਾਕੀ ਹੈ।

Leave a Reply

Your email address will not be published. Required fields are marked *