ਵਿਧਾਇਕਾਂ ਨੂੰ ਮੰਤਰੀ ਦੇ ਰੁਤਬੇ ਦੇਣਾ ਖਜ਼ਾਨੇ ਦੀ ਲੁੱਟ : ਭਗਵੰਤ ਮਾਨ

ਚੰਡੀਗੜ੍ਹ,(ਰਮਨਜੀਤ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ 6 ਵਿਧਾਇਕਾਂ ਨੂੰ ‘ਮੰਤਰੀ ਦੇ ਰੁਤਬੇ’ ਨਾਲ ਨਿਵਾਜੇ ਜਾਣ ‘ਤੇ ਸਖ਼ਤ ਇਤਰਾਜ਼ ਕਰਦੇ ਹੋਏ ਇਸ ਨੂੰ ਸੰਵਿਧਾਨ ਦੀ ਸਿੱਧੀ ਉਲੰਘਣਾ ਤੇ ਖ਼ਜ਼ਾਨੇ ਦੀ ਫ਼ਜ਼ੂਲ ਦੀ ਲੁੱਟ ਦੱਸਿਆ ਹੈ। ਮਾਨ ਨੇ ਕਿਹਾ ਕਿ ਬੇਰੋਜ਼ਗਾਰ ਨੌਜਵਾਨ ਰੋਜ਼ਗਾਰ ਲਈ ਟੈਂਕੀਆਂ ‘ਤੇ ਚੜ੍ਹੇ ਬੈਠੇ ਹਨ, ਆਂਗਣਵਾੜੀ ਕੇਂਦਰਾਂ ‘ਚ ਦਲਿਤਾਂ-ਗ਼ਰੀਬਾਂ ਦੇ ਬੱਚਿਆਂ ਨੂੰ 2 ਮਹੀਨਿਆਂ ਤੋਂ ਦਲੀਆ-ਰੋਟੀ ਨਸੀਬ ਨਹੀਂ ਹੋ ਰਿਹਾ, ਬਜ਼ੁਰਗ, ਵਿਧਵਾਵਾਂ ਤੇ ਅੰਗਹੀਣ 2500 ਰੁਪਏ ਪੈਨਸ਼ਨ ਤੇ ਯੋਗ ਨੌਜਵਾਨ ਰੋਜ਼ਗਾਰ ਭੱਤੇ ਨੂੰ ਤਰਸ ਰਹੇ ਹਨ। ਮਨਰੇਗਾ ਮਜ਼ਦੂਰਾਂ ਨੂੰ ਲੰਬੇ ਸਮੇਂ ਤੋਂ ਦਿਹਾੜੀ ਨਹੀਂ ਦਿੱਤੀ ਜਾ ਰਹੀ, ਗ਼ਰੀਬ ਲੋਕ ਪੱਕੇ ਘਰਾਂ ਲਈ ਅਰਜ਼ੀਆਂ ਚੁੱਕੀ ਭਟਕ ਰਹੇ ਹਨ, ਖੇਤੀ ਤੇ ਕਿਸਾਨੀ ਕਰਜ਼ਿਆਂ ਦਾ ਸੰਕਟ ਹੋਰ ਡੂੰਘਾ ਹੋ ਰਿਹਾ ਹੈ ਤੇ ਅਜਿਹੀ ਹਾਲਤ ‘ਚ ਸਰਕਾਰ ਕੋਲ ਇਕੋ ਜਵਾਬ ਰਹਿੰਦਾ ਹੈ ਕਿ ਖਜ਼ਾਨਾ ਖ਼ਾਲੀ ਹੈ ਹੋਰ ਤਾਂ ਹੋਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਆਪਣੇ ਦਫ਼ਤਰ ‘ਚ ਚਾਹ ਪਿਲਾਉਣ ਨੂੰ ਵੀ ਵਿੱਤੀ ਬੋਝ ਦੱਸਦਾ ਹੈ।

ਮਾਨ ਨੇ ਕਿਹਾ ਕਿ ਹਰ ਵਕਤ ਮਾੜੇ ਹਾਲਤਾਂ ਦੀ ਦੁਹਾਈ ਦੇਣ ਵਾਲੀ ਕੈਪਟਨ ਸਰਕਾਰ ਰਿਓੜੀਆਂ ਵਾਂਗ ਕੈਬਨਿਟ ਰੈਂਕ ਕਿਵੇਂ ਵੰਡ ਸਕਦੀ ਹੈ? ਭਗਵੰਤ ਮਾਨ ਨੇ ਕੈਪਟਨ ‘ਤੇ ਤੰਜ ਕਰਦਿਆਂ ਕਿਹਾ ਕਿ ਸਲਾਹਕਾਰਾਂ ਦੀ ਜ਼ਰੂਰਤ ਉਨ੍ਹਾਂ ਨੂੰ ਹੁੰਦੀ ਹੈ, ਜਿੰਨਾ ਕੋਲ ਹੱਦੋਂ ਵੱਧ ਕੰਮ ਹੁੰਦਾ ਹੈ ਪਰ ਕੈਪਟਨ ਅਮਰਿੰਦਰ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਵਿਹਲੇ ਮੁੱਖ ਮੰਤਰੀ ਹਨ। ਵਿਹਲੇ ਮੁੱਖ ਮੰਤਰੀ ਨੇ ਇੰਨੇ ਸਲਾਹਕਾਰ ਕੀ ਕਰਨੇ ਹਨ? ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਵਿੱਤੀ ਹਾਲਾਤ ਮੁਤਾਬਿਕ ਫ਼ਜ਼ੂਲ ਖ਼ਰਚੀ ਘਟਾਉਣ ਦੇ ਸੰਕੇਤਕ ਸੁਨੇਹੇ ਦੇਣੇ ਬਣਦੇ ਸਨ ਪਰ ਕੈਪਟਨ ਅਮਰਿੰਦਰ ਸਿੰਘ ‘ਸ਼ਾਹੀ ਅੰਦਾਜ਼’ ‘ਚ ਸਰਕਾਰ ਚਲਾਉਣ ‘ਚ ਬਾਦਲਾਂ ਤੋਂ ਵੀ ਦੋ ਕਦਮ ਅੱਗੇ ਹਨ।

Leave a Reply

Your email address will not be published. Required fields are marked *