ਡਰੱਗ ਮਾਫੀਆ ਦਾ ਨੈੱਟਵਰਕ ਤੋੜਨ ਲਈ ਦਿੱਲੀ ਦੀ ਟੀਮ ਦਾ ਪੰਜਾਬ ‘ਚ ਐਕਸ਼ਨ

ਜਲੰਧਰ (ਜ. ਬ.)— ਇੰਟਰਨੈਸ਼ਨਲ ਡਰੱਗ ਮਾਫੀਆ ਦਾ ਨੈੱਟਵਰਕ ਬ੍ਰੇਕ ਕਰਨ ਲਈ ਬੀਤੇ ਦਿਨੀਂ ਨਾਰਕੋਟਿਕਸ ਕੰਟਰੋਲ ਬਿਊਰੋ ਦੀਆਂ ਦਿੱਲੀ, ਅੰਮ੍ਰਿਤਸਰ, ਚੰਡੀਗੜ੍ਹ ਤੋਂ ਆਈਆਂ ਟੀਮਾਂ ਨੇ ਥਾਣਾ 4 ਦੇ ਇਸਲਾਮਾਬਾਦ ਮੁਹੱਲੇ ਸਥਿਤ ਡੀ. ਐੱਸ. ਸੋਢੀ ਦੇ ਘਰ ਛਾਪੇਮਾਰੀ ਕਰਕੇ ਕਰੋੜਾਂ ਰੁਪਏ ਦੇ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਹਨ ਅਤੇ ਦੇਰ ਰਾਤ ਟੀਮ ਮਕਾਨ ਮਾਲਕ ਅਕਸ਼ਬਿੰਦਰ ਸਿੰਘ ਸੋਢੀ ਨੂੰ ਅੰਮ੍ਰਿਤਸਰ ਤੋਂ ਕਾਬੂ ਕਰ ਕੇ ਜਲੰਧਰ ਲਿਆਈ ਸੀ। ਇਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਸੋਢੀ ਨੂੰ ਜਿਸ ਸਮੇਂ ਕਾਬੂ ਕੀਤਾ ਗਿਆ, ਉਹ ਸ਼ਹਿਰ ਛੱਡ ਕੇ ਭੱਜਣ ਦੀ ਤਿਆਰੀ ‘ਚ ਸੀ। ਟੀਮਾਂ ਨੇ ਸੋਢੀ ਦੇ ਘਰੋਂ 150 ਗ੍ਰਾਮ ਕੋਕੀਨ, 300 ਕੈਪਸੂਲ, 300 ਗ੍ਰਾਮ ਨਸ਼ੇ ਵਾਲਾ ਪਾਊਡਰ, 117 ਗ੍ਰਾਮ ਚਿੱਟਾ, 97 ਗ੍ਰਾਮ ਹਾਸ਼ੀਸ਼ ਆਇਲ ਬਰਾਮਦ ਕੀਤਾ ਸੀ। ਸੂਤਰ ਦੱਸਦੇ ਹਨ ਕਿ ਦਿੱਲੀ ਦੀ ਟੀਮ ਨੇ ਕੈਨੇਡਾ ਤੋਂ ਆਏ ਪਾਰਸਲ ਤੋਂ 16 ਕਿਲੋ ਕੋਕੀਨ ਬਰਾਮਦ ਕਰ ਲਈ। ਇਹ ਪਾਰਸਲ ਜਲੰਧਰ ਦੇ ਅਲੀ ਪੁਲੀ ਮੁਹੱਲੇ ‘ਚ ਰਹਿਣ ਵਾਲੇ ਮੁਲਜ਼ਮ ਯੋਗੇਸ਼ ਨੂੰ ਡਿਲਿਵਰ ਹੋਣਾ ਸੀ, ਜਿਸ ਨੇ ਸੋਢੀ ਬਾਰੇ ਸਾਰੀ ਜਾਣਕਾਰੀ ਦਿੱਤੀ ਸੀ। ਟੀਮ ਨੇ ਕਈ ਹੋਰ ਜਗ੍ਹਾ ਤੋਂ ਵੀ ਨਸ਼ੇ ਵਾਲਾ ਪਦਾਰਥ ਬਰਾਮਦ ਕੀਤਾ ਅਤੇ ਇਸ ਦੇ ਦੂਜੇ ਸਾਥੀ ਸ਼ਿਵ ਸੈਨਾ ਨੇਤਾ ਨੂੰ ਵੀ ਨਾਮਜ਼ਦ ਕੀਤਾ ਹੈ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਆਖਿਰ ਸੋਢੀ ਕਿੰਨੇ ਪਾਰਸਲ ਆਪਣੇ ਘਰ ਮੰਗਵਾ ਚੁੱਕਾ ਹੈ?
ਟੀਮ ਜਾਂਚ ਕਰ ਰਹੀ ਹੈ ਕਿ ਜਿਸ ਤਰ੍ਹਾਂ ਸੋਢੀ ਨੇ ਆਪਣੇ ਨਾਂ ਅਤੇ ਜਲੰਧਰ ਦੇ ਘਰ ਦੇ ਪਤੇ ‘ਤੇ ਪਾਰਸਲ ‘ਚ ਨਸ਼ੇ ਵਾਲਾ ਪਦਾਰਥ ਮੰਗਵਾਇਆ ਸੀ, ਉਸ ਗੱਲ ਨੂੰ ਕਲੀਅਰ ਕਰਨ ਲਈ ਸੋਢੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੰਨਾ ਚਲਾਕ ਡਰੱਗ ਸਮੱਗਲਰ ਆਪਣੇ ਪਤੇ ‘ਤੇ ਕਿਵੇਂ ਪਾਰਸਲ ਮੰਗਵਾ ਰਿਹਾ ਹੈ, ਜਿਸ ਨੂੰ ਫੜੇ ਜਾਣ ਦਾ ਡਰ ਤੱਕ ਨਹੀਂ ਹੈ। ਜਾਂਚ ਦੌਰਾਨ ਕਈ ਸਵਾਲ ਪੈਦਾ ਹੋ ਰਹੇ ਹਨ ਕਿ ਸੋਢੀ ਨੇ ਖੁਦ ਆਪਣੇ ਪਤੇ ‘ਤੇ ਡਰੱਗ ਦਾ ਪਾਰਸਲ ਮੰਗਵਾਇਆ ਸੀ? ਇਸ ਤੋਂ ਪਹਿਲਾਂ ਵੀ ਕਈ ਵਾਰ ਪਾਰਸਲ ਮੰਗਵਾ ਚੁੱਕਾ ਹੈ। ਪਾਰਸਲ ਜ਼ਰੀਏ ਡਰੱਗ ਦੀ ਸਪਲਾਈ ਸਬੰਧੀ ਪੁਲਸ ਨੂੰ ਖਬਰ ਨਹੀਂ ਸੀ।

ਪਾਰਸਲ ਭਿਜਵਾਉਣ ਵਾਲੀਆਂ ਕੰਪਨੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ
ਟੀਮ ਨੇ ਦੱਸਿਆ ਸੀ ਕਿ ਸਾਰੇ ਡਰੱਗ ਰੈਕੇਟ ਦਾ ਪਰਦਾਫਾਸ਼ ਕਰਨ ਲਈ ਨਾਰਕੋਟਿਕਸ ਕੰਟਰੋਲ ਬਿਊਰੋ ਦਿੱਲੀ ਅਤੇ ਐੱਸ. ਟੀ. ਐੱਫ. ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ। ਪੁਲਸ ਪਾਰਸਲ ਭਿਜਵਾਉਣ ਵਾਲੀਆਂ ਕੰਪਨੀਆਂ ਤੋਂ ਵੀ ਪੁੱਛਗਿੱਛ ਕਰੇਗੀ। ਉਕਤ ਸਾਰੇ ਮਾਮਲੇ ‘ਚ ਜਿਸ ਦੀ ਵੀ ਡਰੱਗ ਮਾਫੀਆ ਨਾਲ ਭੂਮਿਕਾ ਹੋਈ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਟੀਮ ਨੇ ਵਟਸਐਪ ‘ਤੇ ਕਾਲ ਕਰਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਸੀ
ਉਕਤ ਟੀਮਾਂ ਨੇ ਜਦੋਂ ਸੋਢੀ ਦੇ ਘਰ ਛਾਪੇਮਾਰੀ ਕੀਤੀ ਤਾਂ ਉਹ ਘਰੋਂ ਫਰਾਰ ਹੋ ਗਿਆ ਸੀ, ਜਿਸ ਨੂੰ ਫੜਨ ਲਈ ਪੁਲਸ ਨੇ ਕਿਰਾਏਦਾਰ ਨੂੰ ਸੋਢੀ ਦੇ ਵਟਸਐਪ ਨੰਬਰ ‘ਤੇ ਕਾਲ ਕਰਕੇ ਪੁੱਛਣ ਲਈ ਕਿਹਾ ਪਰ ਚਲਾਕ ਸੋਢੀ ਕਿਰਾਏਦਾਰ ਨੂੰ ਕੁਝ ਵੀ ਨਹੀਂ ਦੱਸ ਰਿਹਾ ਸੀ। ਉਲਟਾ ਗੱਲਾਂ ‘ਚ ਘੁਮਾਉਂਦੇ ਹੋਏ ਵਾਰ-ਵਾਰ ਕਹਿ ਰਿਹਾ ਸੀ ਕਿ 3-4 ਦਿਨਾਂ ਬਾਅਦ ਘਰ ਆਵੇਗਾ। ਟੀਮ ਵਟਸਐਪ ਕਾਲ ਜ਼ਰੀਏ ਸੋਢੀ ਦੀ ਲੋਕੇਸ਼ਨ ਟਰੇਸ ਨਹੀਂ ਕਰ ਸਕੀ ਸੀ। ਫਿਰ ਕਾਫੀ ਦੇਰ ਤੋਂ ਬਾਅਦ ਪੁਲਸ ਨੇ ਉਸ ਦੀ ਲੋਕੇਸ਼ਨ ਟਰੇਸ ਕਰਕੇ ਉਸ ਨੂੰ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਸੀ।

ਜਾਅਲੀ ਕਰੰਸੀ ਛਾਪਣ ਦੇ ਮਾਮਲੇ ‘ਚ ਸੋਢੀ ਦਾ ਪਰਿਵਾਰ ਫਸ ਚੁੱਕਾ ਹੈ
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸੋਢੀ ਦਾ ਪਰਿਵਾਰ ਆਸਟਰੇਲੀਆ ‘ਚ ਰਹਿੰਦਾ ਸੀ, ਜੋ ਖੁਦ ਵੀ ਆਸਟਰੇਲੀਆ ਚਲਾ ਗਿਆ ਸੀ, ਜਿੱਥੋਂ ਡਿਪੋਰਟ ਹੋ ਕੇ ਉਹ ਗੋਆ ਚਲਾ ਗਿਆ ਸੀ, ਜਿੱਥੋਂ ਉਸ ਨੇ 2 ਨੰਬਰ ਦੇ ਕਾਰੋਬਾਰ ਸ਼ੁਰੂ ਕਰ ਦਿੱਤੇ। ਸੋਢੀ ਦਾ ਪਰਿਵਾਰ ਪਿਛਲੇ 35 ਸਾਲਾਂ ਤੋਂ ਇਸਲਾਮਾਬਾਦ ਮੁਹੱਲੇ ਵਿਚ ਰਹਿ ਰਿਹਾ ਹੈ। ਉਹ 2 ਭਰਾ ਹਨ ਅਤੇ ਉਸ ਦੀ ਆਪਣੇ ਭਰਾ ਨਾਲ ਨਹੀਂ ਬਣਦੀ। ਇਸ ਲਈ ਉਹ ਅਲੱਗ ਘਰ ਵਿਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਲਗਭਗ 27 ਸਾਲ ਪਹਿਲਾਂ ਸੋਢੀ ਦਾ ਪਰਿਵਾਰ ਜਾਅਲੀ ਕਰੰਸੀ ਦੇ ਮਾਮਲੇ ‘ਚ ਫੜਿਆ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਥਾਣਾ ਨੰਬਰ 4 ਦੇ ਇਲਾਕੇ ਇਸਲਾਮਾਬਾਦ ਮੁਹੱਲੇ ‘ਚ ਦੁਪਹਿਰ ਸਮੇਂ ਵੱਡੀ ਛਾਪੇਮਾਰੀ ਕੀਤੀ ਗਈ, ਜਿੱਥੇ ਉਨ੍ਹਾਂ ਦੇ ਨਾਲ ਡੀ. ਸੀ. ਪੀ. ਗੁਰਮੀਤ ਸਿੰਘ, ਜਲੰਧਰ ਦੀ ਐੱਸ. ਟੀ. ਐੱਫ. ਦੇ ਹਰਵਿੰਦਰ ਸਿੰਘ ਅਤੇ ਥਾਣਾ ਨੰਬਰ 4 ਦੇ ਮੁਖੀ ਕਮਲਜੀਤ ਸਿੰਘ ਪੁਲਸ ਫੋਰਸ ਸਮੇਤ ਮੌਜੂਦ ਸਨ। ਟੀਮ ਨੇ ਇਸਲਾਮਾਬਾਦ ਮੁਹੱਲੇ ਵਿਚ ਸਥਿਤ ਡੀ. ਐੱਸ. ਸੋਢੀ ਦੇ ਘਰ ਛਾਪੇਮਾਰੀ ਕਰ ਕੇ ਵੱਡੀ ਗਿਣਤੀ ਵਿਚ ਕਰੋੜਾਂ ਰੁਪਏ ਦੀ ਡਰੱਗ ਕੋਕੀਨ ਬਰਾਮਦ ਕੀਤੀ ਹੈ। ਟੀਮ ਨੇ ਸੋਢੀ ਅਤੇ ਉਸ ਦੇ ਸਾਥੀ ਚੰਦਰ ਨੂੰ ਜਲੰਧਰ ਤੋਂ ਕਾਬੂ ਕਰ ਲਿਆ ਸੀ, ਹਾਲਾਂਕਿ ਦੋਵੇਂ ਟੀਮ ਨੂੰ ਵੇਖ ਕੇ ਪਿੱਛੇ ਬਣੇ ਰਸਤੇ ਤੋਂ ਫਰਾਰ ਹੋ ਗਏ ਸੀ। ਉਕਤ ਸਰਚ ਆਪ੍ਰੇਸ਼ਨ ਦੇਰ ਰਾਤ ਤੱਕ ਚੱਲਦਾ ਰਿਹਾ ਅਤੇ ਪੁਲਸ ਦੋਵਾਂ ਨੂੰ ਚੰਡੀਗੜ੍ਹ ਲੈ ਗਈ ਸੀ।

Leave a Reply

Your email address will not be published. Required fields are marked *