ਇਨਸਾਨੀਅਤ ਸ਼ਰਮਸਾਰ: ਬਜ਼ੁਰਗ ਮਹਿਲਾ ਦੀ ਡੰਡਿਆਂ ਨਾਲ ਕੁੱਟਮਾਰ, ਵੀਡੀਓ ਵਾਇਰਲ

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ‘ਚੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਇਕ ਬਜ਼ੁਰਗ ਮਹਿਲਾ ਦੀ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਮਾਮਲਾ ਜ਼ਮੀਨ ‘ਤੇ ਕਬਜ਼ਾ ਕਰਨ ਨੂੰ ਲੈ ਕੇ ਹੈ, ਜਿਸ ਦੀ ਸ਼ਿਕਾਇਤ ਮਹਿਲਾ ਨੇ ਪੁਲਸ ਨੂੰ ਕੀਤੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ‘ਚ ਪੈਂਦੇ ਪਿੰਡ ਚੋਹਾਲ ‘ਚ ਬਜ਼ੁਰਗ ਮਹਿਲਾ ਨੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦੇ ਕੇ ਕਿਹਾ ਹੈ ਕਿ ਕੁਝ ਲੋਕ ਉਸ ਦੀ 2 ਕਨਾਲ ਦੀ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਸ ਨੇ ਦੱਸਿਆ ਕਿ ਉਸ ਦੀ ਜ਼ਮੀਨ ‘ਤੇ ਉਕਤ ਵਿਅਕਤੀਆਂ ਨੇ ਜੀ. ਸੀ. ਬੀ. ਮਸ਼ੀਨ ਲਗਾ ਕੇ ਖੋਦਾਈ ਕਰਨੀ ਚਾਲੂ ਕਰ ਦਿੱਤੀ।

ਉਸ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਮਹਿਲਾ ਨੇ ਜ਼ਮੀਨ ਦੀ ਖੋਦਾਈ ਕਰਨ ਤੋਂ ਰੋਕਿਆ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਡੰਡਿਆਂ ਨਾਲ ਕੁੱਟਮਾਰ ਕਰ ਦਿੱਤੀ। ਕੁੱਟਮਾਰ ਦੀ ਕਿਸੇ ਵੱਲੋਂ ਵੀਡੀਓ ਬਣਾ ਲਈ ਗਈ, ਜੋਕਿ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ 2 ਬੇਟੇ ਹਨ, ਜਿਨ੍ਹਾਂ ‘ਚੋਂ ਇਕ ਦਿਮਾਗੀ ਤੌਰ ‘ਤੇ ਠੀਕ ਨਹੀਂ ਹੈ। ਦੂਜਾ ਬੇਟਾ ਕੁਝ ਦਿਨ ਪਹਿਲਾਂ ਹੀ ਵਿਦੇਸ਼ ਗਿਆ ਹੈ, ਜਿਸ ਦੇ ਚਲਦਿਆਂ ਇਨ੍ਹਾਂ ਦੇ ਕਬਜ਼ਾ ਕਰਨ ਵਾਲਿਆਂ ਦੇ ਹੌਸਲੇ ਵੱਧ ਗਏ ਹਨ। ਉਸ ਨੇ ਦਰਖਾਸਤ ਦੇ ਕੇ ਐੱਸ. ਐੱਸ. ਪੀ. ਨੂੰ ਇਨਸਾਫ ਦੀ ਗੁਹਾਰ ਲਗਾਈ ਹੈ।

Leave a Reply

Your email address will not be published. Required fields are marked *