ਪਾਕਿ ਪ੍ਰਧਾਨ ਮੰਤਰੀ ‘ਤੇ ਕੈਪਟਨ ਦਾ ਤਿੱਖਾ ਵਾਰ, ਕਿਹਾ ‘ਜਗਜੀਤ ਦੀ ਇਮਦਾਦ ਕਰਨ ‘ਚ ਰਹੇ ਨਾਕਾਮ’

ਜਲੰਧਰ (ਧਵਨ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਹੈ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਉਹ ਜਗਜੀਤ ਕੌਰ, ਜਿਸ ਦਾ ਜਬਰਨ ਧਰਮ ਤਬਦੀਲ ਕਰਵਾਇਆ ਗਿਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਵਿਆਹ ਕੀਤਾ ਗਿਆ ਸੀ, ਦੀ ਇਮਦਾਦ ਕਰਨ ‘ਚ ਇਮਰਾਨ ਖ਼ਾਨ ਨਾਕਾਮ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਸਿੱਖ ਭਾਈਚਾਰੇ ਨਾਲ ਸਬੰਧ ਰੱਖਣ ਵਾਲੀ ਲੜਕੀ ਜਗਜੀਤ ਕੌਰ ਦੀ ਇਮਦਾਦ ਕਰਨ ਲਈ ਅੱਗੇ ਆਉਣ ਅਤੇ ਉਸ ਦੀ ਸਹਾਇਤਾ ਕਰਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਿਕ ਪੰਜਾਬ ਸਰਕਾਰ ਆਪਣੀ ਤਰਫ਼ੋਂ ਜਗਜੀਤ ਕੌਰ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕਰਦੀ ਹੈ। ਜੇਕਰ ਨੌਜਵਾਨ ਲੜਕੀ ਖ਼ੁਸ਼ੀ ਨਾਲ ਚੜ੍ਹਦੇ ਪੰਜਾਬ ‘ਚ ਆ ਕੇ ਰਹਿਣਾ ਅਤੇ ਵਸਣਾ ਚਾਹੁੰਦੀ ਹੈ ਤਾਂ ਉਸ ਲਈ ਸੂਬਾ ਸਰਕਾਰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਜਗਜੀਤ ਕੌਰ ਦਾ ਧਰਮ ਤਬਦੀਲ ਕਰਵਾ ਕੇ ਉਸ ਤੋਂ ਜਬਰਨ ਇਸਲਾਮ ਕਬੂਲ ਕਰਵਾਇਆ ਗਿਆ ਸੀ। ਉਸ ਮਗਰੋਂ ਜਗਜੀਤ ਕੌਰ ਦਾ ਵਿਆਹ ਜਬਰੀ ਤੌਰ ‘ਤੇ ਇਕ ਮੁਸਲਮਾਨ ਲੜਕੇ ਨਾਲ ਕਰ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਪਾਕਿਸਤਾਨ ‘ਚ ਭਾਰੀ ਵਿਵਾਦ ਫੈਲਿਆ ਹੋਇਆ ਹੈ। ਪਹਿਲਾਂ ਤਾਂ ਜਗਜੀਤ ਕੌਰ ਕਾਫ਼ੀ ਦਿਨਾਂ ਤੋਂ ਗ਼ਾਇਬ ਸੀ ਪਰ ਬਾਅਦ ‘ਚ ਉਸ ਦਾ ਪਤਾ ਲੱਗਿਆ। 19 ਸਾਲਾ ਜਗਜੀਤ ਕੌਰ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਦੀ ਲੜਕੀ ਹੈ। ਇਸ ਲੜਕੀ ਦਾ ਬੰਦੂਕ ਦੀ ਨੋਕ ‘ਤੇ ਧਰਮ ਤਬਦੀਲ ਕਰਵਾਇਆ ਗਿਆ ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਕਿਹਾ ਕਿ ਉਹ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਚੁੱਕੇ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਅੰਦਰ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਾਕਿਸਤਾਨ ‘ਚ ਰਹਿ ਰਹੇ ਸਿੱਖ ਅਤੇ ਹਿੰਦੂ ਭਾਈਚਾਰਿਆਂ ਦੇ ਲੋਕਾਂ ਦੇ ਧਰਮ ਤਬਾਦਲੇ ਦਾ ਮਾਮਲਾ ਸਮੇਂ-ਸਮੇਂ ਉੱਠਦਾ ਰਿਹਾ ਹੈ। ਸਿੱਖ ਭਾਈਚਾਰੇ ਨਾਲ ਸਬੰਧ ਰੱਖਣ ਵਾਲੀਆਂ 31 ਲੜਕੀਆਂ ਦਾ ਧਰਮ ਤਬਦੀਲ ਕਰਵਾਏ ਜਾਣ ਦੀਆਂ ਸੂਚਨਾਵਾਂ ਮਿਲੀਆਂ ਹਨ।

Leave a Reply

Your email address will not be published. Required fields are marked *