ਮੁੱਖ ਮੰਤਰੀ ਦੀਆਂ ਮੀਟਿੰਗਾਂ ਤੇ ਦੌਰੇ ਅੱਖਾਂ ‘ਚ ਘੱਟਾ ਪਾਉਣ ਵਾਂਗ: ਹਰਪਾਲ ਚੀਮਾ

ਚੰਡੀਗੜ੍ਹ —ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ‘ਚ ਮੀਂਹ ਕਾਰਨ ਨਦੀਆਂ, ਦਰਿਆਵਾਂ ‘ਚ ਆਏ ਉਛਾਲ ਕਾਰਨ ਮਚੀ ਭਾਰੀ ਤਬਾਹੀ ਲਈ ਹੁਣ ਤੱਕ ਦੀਆਂ ਕਾਂਗਰਸ ਅਤੇ ਅਕਾਲੀ-ਭਾਜਪਾ (ਬਾਦਲ) ਸਰਕਾਰਾਂ ਨੂੰ ਸਿੱਧਾ ਜ਼ਿੰਮੇਵਾਰ ਠਹਿਰਾਇਆ। ‘ਆਪ’ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ‘ਪੰਜ ਦਰਿਆਵਾਂ’ ਦੀ ਸਰਜਮੀਂ ਪੰਜਾਬ ਲਈ ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ ਕਿ ਇਕ ਪਾਸੇ ਕੇਂਦਰ ਦੀਆਂ ਕਾਂਗਰਸੀ ਅਤੇ ਅਕਾਲੀ-ਭਾਜਪਾ ਸਰਕਾਰਾਂ ਵਲੋਂ ਸੂਬੇ ਦੇ ਦਰਿਆਈ ਪਾਣੀਆਂ ਦੀ ਅੰਨ੍ਹੀ ਲੁੱਟ ਅਤੇ ਦੂਜੇ ਪਾਸੇ ਕੁਦਰਤੀ ਜਲ ਸਰੋਤਾਂ ਅਤੇ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿਗ ਰਹੇ ਪੱਧਰ ਕਾਰਣ ਅਗਲੇ 20 ਸਾਲਾਂ ਤੱਕ ਸੂਬੇ ‘ਤੇ ਮਾਰੂਥਲ ਬਣਨ ਦਾ ਖ਼ਤਰਾ ਮੰਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਬਰਸਾਤਾਂ ਦੌਰਾਨ ਹਰ ਸਾਲ ਆਉਂਦੇ ਹੜ੍ਹਾਂ ਅਤੇ ਘੱਗਰ, ਸਤਲੁਜ ਤੇ ਬਿਆਸ ਆਦਿ ਦਰਿਆਵਾਂ ਦੇ ਪਾੜ ਕਰੋੜਾਂ-ਅਰਬਾਂ ਰੁਪਏ ਦਾ ਨੁਕਸਾਨ ਕਰ ਦਿੰਦੇ ਹਨ।

ਚੀਮਾ ਨੇ ਕਿਹਾ ਕਿ ਬੇਸ਼ੱਕ ਮੀਂਹ ਅਤੇ ਹੜ੍ਹ ਕੁਦਰਤੀ ਆਫ਼ਤਾਂ ਹਨ ਪਰ ਜੇਕਰ ਪਿਛਲੇ ਦਹਾਕਿਆਂ ਦੌਰਾਨ ਸੱਤਾਧਾਰੀ ਕਾਂਗਰਸ ਅਤੇ ਅਕਾਲੀ-ਭਾਜਪਾ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਸੁਹਿਰਦ ਸੋਚ ਰੱਖਦੇ ਹੁੰਦੇ ਤਾਂ ਮਾਨਸੂਨ ਦੀ ਇਹ ਬਰਸਾਤ ਆਫ਼ਤ ਨਹੀਂ ਸਗੋਂ ਸੂਬੇ ਲਈ ਵਰਦਾਨ ਬਣਦੀ। ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਵਲੋਂ ਹੜ੍ਹਾਂ ਬਾਰੇ ਅਖ਼ਬਾਰੀ ਬਿਆਨਾਂ, ਸੋਸ਼ਲ ਮੀਡੀਆ ਅਤੇ ਪ੍ਰਭਾਵਿਤ ਇਲਾਕਿਆਂ ‘ਚ ਦੌਰਿਆਂ ਅਤੇ ਅਧਿਕਾਰੀਆਂ ਨਾਲ ਮੈਰਾਥਨ ਬੈਠਕਾਂ ਨੂੰ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਤੁੱਲ ਕਰਾਰ ਦਿੰਦਿਆਂ ਕਿਹਾ ਕਿ ਹਰ ਸਰਕਾਰ ਬਰਸਾਤ ਦੇ ਦਿਨਾਂ ‘ਚ ਇਹੋ ਕਸਰਤਾਂ ਕਰਦੀ ਹੈ ਪਰ ਨਾ ਘੱਗਰ ਦੀ ਤਬਾਹੀ ਰੁਕੀ ਹੈ ਅਤੇ ਨਾ ਹੀ ਸਤਲੁਜ-ਬਿਆਸ ਤੇ ਹੋਰ ਬਰਸਾਤੀ ਨਾਲਿਆਂ ਦੀ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ – ਮੁਫ਼ਤ ਰਿਜਿਸਟ੍ਰੇਸ਼ਨ ਕਰੇ

 

Leave a Reply

Your email address will not be published. Required fields are marked *