ਗੂਗਲ ਨੇ ਬੰਦ ਕੀਤੀ ਇਹ ਖਾਸ ਸਰਵਿਸ, ਟੈਲੀਕਾਮ ਕੰਪਨੀਆਂ ਦੀ ਵਧੀ ਟੈਨਸ਼ਨ

ਗੈਜੇਟ ਡੈਸਕ– ਗੂਗਲ ਨੇ ਭਾਰਤੀ ਟੈਲੀਕਾਮ ਕੰਪਨੀਆਂ ਦੀ ਮੁਸ਼ਕਿਲ ਵਧਾ ਦਿੱਤੀ ਹੈ। ਹੁਣ ਇਨ੍ਹਾਂ ਕੰਪਨੀਆਂ ਨੂੰ ਆਪਣੇ ਨੈੱਟਵਰਕ ਨੂੰ ਮੇਨਟੇਨ ਕਰਨ ’ਚ ਕਾਫੀ ਪਰੇਸ਼ਾਨੀ ਆ ਰਹੀ ਹੈ। ਰਾਇਟਰਸ ਦੀ ਇਕ ਰਿਪੋਰਟ ਮੁਤਾਬਕ, ਗੂਗਲ ਨੇ ਆਪਣੀ Mobile Network Insights ਸਰਵਿਸ ਨੂੰ ਬੰਦ ਕਰ ਦਿੱਤਾ ਹੈ। ਇਸ ਸਰਵਿਸ ਦੀ ਮਦਦ ਨਾਲ ਏਅਰਟੈੱਲ, ਰਿਲਾਇੰਸ ਜਿਓ, ਵੋਡਾਫੋਨ ਸਮੇਤ ਦੂਜੀਆਂ ਭਾਰਤੀ ਟੈਲੀਕਾਮ ਕੰਪਨੀਆਂ ਨੂੰ ਨੈੱਟਵਰਕ ’ਚ ਆ ਰਹੀ ਕੁਨੈਕਟੀਵਿਟੀ ਦੀ ਸਮੱਸਿਆ ਨੂੰ ਠੀਕ ਕਰਨ ’ਚ ਮਦਦ ਮਿਲਦੀ ਸੀ। ਕੰਪਨੀਆਂ ਦੇ ਨੈੱਟਵਰਕ ਕਵਰੇਜ ਨੂੰ ਵਧਾਉਣ ’ਚ ਵੀ ਗੂਗਲ ਦੀ ਇਸ ਸਰਵਿਸ ਦਾ ਕਾਫੀ ਯੋਗਦਾਨ ਰਿਹਾ ਹੈ।

ਕਾਨੂੰਨੀ ਸ਼ਿਕੰਜੇ ’ਚ ਫਸਣ ਦਾ ਸੀ ਡਰ
ਗੂਗਲ ਨੇ ਇਸ ਸਰਵਿਸ ਨੂੰ ਸਾਲ 2017 ਮਾਰਚ ’ਚ ਲਾਂਚ ਕੀਤਾ ਸੀ। ਇਹ ਦੁਨੀਆ ਭਰ ਦੇ ਟੈਲੀਕਾਮ ਆਪਰੇਟਰਾਂ ਨੂੰ ਕਮਜ਼ੋਰ ਮੋਬਾਇਲ ਨੈੱਟਵਰਕ ਵਾਲੇ ਇਲਾਕਿਆਂ ਦੀ ਜਾਣਕਾਰੀ ਦਿੰਦਾ ਸੀ। ਗੂਗਲ ਨੇ ਇਸ ਸਰਵਿਸ ਨੂੰ ਚੁਪਚਾਪ ਬੰਦ ਕੀਤਾ ਹੈ। ਟੈਲੀਕਾਮ ਕੰਪਨੀਆਂ ਦੇ ਨਾਲ ਯੂਜ਼ਰਜ਼ ਦੇ ਡਾਟਾ ਨੂੰ ਸ਼ੇਅਰ ਕਰਨ ਕਾਰਨ ਰੈਗੁਲੇਟਰਜ਼ ਦੀ ਨਜ਼ਰ ਗੂਗਲ ’ਤੇ ਪੈ ਸਕਦੀ ਸੀ। ਗੂਗਲ ਨੂੰ ਲੱਗ ਰਿਹਾ ਸੀ ਕਿ ਯੂਜ਼ਰ ਦੇ ਡਾਟਾ ਸ਼ੇਅਰ ਕਰਨ ਕਾਰਨ ਉਹ ਕਾਨੂੰਨੀ ਸ਼ਿਕੰਜੇ ’ਚ ਫਸ ਸਕਦੀ ਹੈ। ਇਸ ਲਈ ਉਸ ਨੇ ਆਪਣੀ ਇਸ ਸਰਵਿਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਜਿਥੋਂ ਤਕ ਸ਼ੇਅਰ ਕੀਤੇ ਜਾਣ ਵਾਲੇ ਯੂਜ਼ਰਜ਼ ਦੇ ਡਾਟਾ ਦੀ ਗੱਲ ਹੈ ਤਾਂ ਗੂਗਲ ਇਸ ਸਰਵਿਸ ਲਈ ਸਿਰਫ ਫੋਨ ਦੀ ਲੋਕੇਸ਼ਨ ਅਤੇ ਸਿਗਨਲ ਸਟ੍ਰੈਂਥ ਨੂੰ ਐਕਸੈਸ ਕਰਦਾ ਸੀ। ਇਸ ਵਿਚ ਯੂਜ਼ਰਜ਼ ਦੇ ਕਿਸੇ ਨਿਜੀ ਡਾਟਾ ਨੂੰ ਐਕਸੈਸ ਕਰਨ ਦੀ ਲੋੜ ਨਹੀਂ ਸੀ।

ਯੂਜ਼ਰਜ਼ ਦੀ ਪ੍ਰਾਈਵੇਸੀ ਲਈ ਗੂਗਲ ਨੇ ਬੰਦ ਕੀਤੀ ਸਰਵਿਸ
ਗੂਗਲ ਆਪਣੀ ਮੋਬਾਇਲ ਨੈੱਟਵਰਕ ਇਨਸਾਈਟ ਸਰਵਿਸ ਨੂੰ ਫ੍ਰੀ ’ਚ ਉਪਲੱਬਧ ਕਰਵਾਉਂਦਾ ਸੀ। ਜਿਵੇਂ ਕਿ ਸਾਰੇ ਜਾਣਦੇ ਹਾਂ ਕਿ ਦੁਨੀਆ ’ਚ ਐਂਡਰਾਇਡ ਓ.ਐੱਸ. ਇਸਤੇਮਾਲ ਕਰਨ ਵਾਲੇ ਯੂਜ਼ਰਜ਼ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਅਜਿਹੇ ’ਚ ਟੈਲੀਕਾਮ ਕੰਪਨੀਆਂ ਨੂੰ ਇਸ ਸਰਵਿਸ ਕਾਰਨ ਕਮਜ਼ੋਰ ਨੈੱਟਵਰਕ ਵਾਲੇ ਇਲਾਕਿਆਂ ਦੀ ਪਛਾਣ ਕਰਕੇ ਨੈੱਟਵਰਕ ਬੂਸਟ ਕਰਨ ’ਚ ਕਾਫੀ ਮਦਦ ਮਿਲਦੀ ਸੀ। ਗੂਗਲ ਦੁਆਰਾ ਇਸ ਸਰਵਿਸ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਸਮਾਰਟਫੋਨ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਲੈ ਕੇ ਗੂਗਲ ਚਿੰਤਤ ਹੈ ਇਸ ਲਈ ਉਸ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।

ਗੂਗਲ ਐਪਸ ’ਚ ਮਿਲਦਾ ਰਹੇਗਾ ਬਿਹਤਰ ਨੈੱਟਵਰਕ
ਗੂਗਲ ਦੀ ਬੁਲਾਰਣ ਵਿਕਟੋਰੀਆ ਕੀਅਫ ਨੇ ਇਸ ਖਬਰ ਦੀ ਪੁੱਸ਼ਟੀ ਕਰਦੇ ਹੋਏ ਕਿਹਾ ਕਿ ਗੂਗਲ ਨੇ ਇਸ ਸਰਵਿਸ ਨੂੰ ਬੰਦ ਕਰ ਦਿੱਤਾ ਹੈ ਅਤੇ ਇਸ ਬਾਰੇ ਟੈਲੀਕਾਮ ਕੰਪਨੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਕੀਅਫ ਨੇ ਕਿਹਾ ਕਿ ਅਸੀਂ ਅਜਿਹੇ ਪ੍ਰੋਗਰਾਮ ’ਤੇ ਕੰਮ ਕਰ ਰਹੇ ਸੀ ਜਿਸ ਵਿਚ ਅਸੀਂ ਮੋਬਾਇਲ ਪਾਰਟਨਰਾਂ ਨੂੰ ਪਰਫਾਰਮੈਂਸ ਮੈਟ੍ਰਿਕ ਰਾਹੀਂ ਨੈੱਟਵਰਕ ਬਿਹਤਰ ਬਣਾਉਣ ’ਚ ਮਦਦ ਕਰਦੇ ਸਨ। ਅਸੀਂ ਅਜੇ ਵੀ ਯੂਜ਼ਰਜ਼ ਨੂੰ ਆਫਰ ਕੀਤੇ ਜਾਣ ਵਾਲੇ ਆਪਣੇ ਐਪਸ ਅਤੇ ਸੇਵਾਵਾਂ ਦੇ ਨੈੱਟਵਰਕ ਨੂੰ ਬਿਹਤਰ ਕਰਨ ਲਈ ਵਚਨਬੱਧ ਹਾਂ।

Leave a Reply

Your email address will not be published. Required fields are marked *