‘ਪੰਜਾਬ ਬੰਦ’ ਕਾਰਨ ਕਰੋੜਾਂ ਦੀ ਬੈਂਕਿੰਗ ਟ੍ਰਾਂਜ਼ੈਕਸ਼ਨ ਰੁਕੀ

ਲੁਧਿਆਣਾ (ਧੀਮਾਨ) : ਪੰਜਾਬ ਬੰਦ ਦੇ ਕਾਰਨ ਸਭ ਤੋਂ ਜ਼ਿਆਦਾ ਬੈਂਕਿੰਗ ਖੇਤਰ ਪ੍ਰਭਾਵਿਤ ਹੋਇਆ ਹੈ। ਰਾਜ ਭਰ ‘ਚ ਚੈੱਕ, ਆਰ. ਟੀ. ਜੀ. ਐੱਸ. ਅਤੇ ਐੱਨ. ਈ. ਐੱਫ. ਟੀ. ਦੇ ਜ਼ਰੀਏ ਪੇਮੈਂਟ ਦਾ ਆਦਾਨ-ਪ੍ਰਦਾਨ ਨਾ ਹੋ ਪਾਉਣ ਦੇ ਕਾਰਣ ਕਰੋੜਾਂ ਰੁਪਏ ਦਾ ਕਾਰੋਬਾਰ ਠੱਪ ਹੋ ਗਿਆ। ਹੁਣ ਇਹ ਸਾਰੀ ਟ੍ਰਾਂਜ਼ੈਕਸ਼ਨ ਕੱਲ ਮਤਲਬ ਬੁੱਧਵਾਰ ਨੂੰ ਬੈਂਕਾਂ ਵਲੋਂ ਕੀਤੀ ਜਾਵੇਗੀ ਪਰ ਰੋਜ਼ਾਨਾ ਕਰੋੜਾਂ ਦੀ ਹੋਣ ਵਾਲੀ ਟ੍ਰਾਂਜ਼ੈਕਸ਼ਨ ਦਾ ਇਕ ਦਿਨ ਨਾ ਹੋਣ ਦਾ ਨੁਕਸਾਨ ਕਾਰੋਬਾਰੀਆਂ ਨੂੰ ਸਭ ਤੋਂ ਜ਼ਿਆਦਾ ਚੁੱਕਣਾ ਪਵੇਗਾ।

ਵਜ੍ਹਾ, ਇਕ ਦਿਨ ਟ੍ਰਾਂਜ਼ੈਕਸ਼ਨ ਨਾ ਹੋਣ ਕਾਰਣ ਅਗਲੇ ਦਿਨ ਬੈਂਕਾਂ ‘ਤੇ ਦਬਾਅ ਵਧ ਜਾਂਦਾ ਹੈ ਅਤੇ ਪੁਰਾਣੀਆਂ ਟ੍ਰਾਂਜ਼ੈਕਸ਼ਨਾਂ ਨੂੰ ਕਲੀਅਰ ਕਰਨ ‘ਚ ਘੱਟ ਤੋਂ ਘੱਟ ਦੋ ਦਿਨ ਦਾ ਸਮਾਂ ਲੱਗਦਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਕ ਦਿਨ ਦੇ ਬੰਦ ‘ਚ ਟਰੇਡ ਅਤੇ ਇੰਡਸਟਰੀ ਨੂੰ ਤਿੰਨ ਦਿਨ ਲਈ ਪਿੱਛੇ ਧੱਕ ਦਿੱਤਾ ਹੈ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਮੋਗਾ, ਫਤਿਹਗੜ੍ਹ ਸਾਹਿਬ ਪ੍ਰਮੁੱਖ ਇੰਡਸਟਰੀਅਲ ਟਾਊਨ ਹਨ। ਇਨ੍ਹਾਂ ਵਿਚੋਂ ਇਕੱਲੇ ਲੁਧਿਆਣਾ ‘ਚ ਹੀ ਰੋਜ਼ਾਨਾ ਸਰਕਾਰੀ ਅਤੇ ਨਿੱਜੀ ਬੈਂਕਾਂ ਦੇ ਜ਼ਰੀਏ ਲਗਭਗ 1100 ਕਰੋੜ ਰੁਪਏ ਦੀ ਟ੍ਰਾਂਜ਼ੈਕਸ਼ਨ ਹੁੰਦੀ ਹੈ। ਦੂਜੇ ਪਾਸੇ ਆਮ ਆਦਮੀ ਨੂੰ ਵੀ ਨਕਦੀ ਦੇ ਕਾਰਣ ਕਾਫੀ ਕਿੱਲਤ ਦਾ ਸਾਹਮਣਾ ਕਰਨਾ ਪਿਆ।

ਲੁਧਿਆਣਾ ਦੇ ਜ਼ਿਆਦਾ ਇਲਾਕਿਆਂ ‘ਚ ਸਵੇਰੇ 11 ਵਜੇ ਤੋਂ ਪਹਿਲਾਂ ਹੀ ਏ. ਟੀ. ਐੱਮ. ਮਸ਼ੀਨਾਂ ਖਾਲੀ ਹੋ ਗਈਆਂ ਸਨ। ਕੁਝ ਸੰਵੇਦਨਸ਼ੀਲ ਖੇਤਰਾਂ ‘ਚ ਤਾਂ ਬੈਂਕਾਂ ਨੇ ਸੁਰੱਖਿਆ ਦੇ ਲਿਹਾਜ਼ ਨਾਲ ਏ. ਟੀ. ਐੱਮ. ਮਸ਼ੀਨਾਂ ਨੂੰ ਬੰਦ ਰੱਖਿਆ। ਕਈ ਜਗ੍ਹਾ ਇੰਟਰਨੈੱਟ ਸਰਵਿਸ ਠੱਪ ਹੋਣ ਕਾਰਣ ਇਲੈਕਟ੍ਰਾਨਿਕ ਟ੍ਰਾਂਜ਼ੈਕਸ਼ਨ ਨੂੰ ਬੰਦ ਰੱਖਿਆ। ਕਈ ਜਗ੍ਹਾ ਇੰਟਰਨੈੱਟ ਸਰਵਿਸ ਠੱਪ ਹੋਣ ਕਾਰਣ ਇਲੈਕਟ੍ਰਾਨਿਕ ਟ੍ਰਾਂਜ਼ੈਕਸ਼ਨ ਵੀ ਨਹੀਂ ਹੋ ਸਕੀ। ਬੈਂਕਿੰਗ ਸਿਸਟਮ ਜਾਮ ਹੋ ਜਾਣ ਦੇ ਕਾਰਣ ਸਭ ਤੋਂ ਜ਼ਿਆਦਾ ਨੁਕਸਾਨ ਐਂਟਰੈਂਸ ਟੈਸਟ ਦੀ ਫੀਸ ਭਰਨ ਵਾਲੇ ਬੱਚਿਆਂ ਨੂੰ ਹੋਇਆ। ਉਨ੍ਹਾਂ ਨੂੰ ਮਜਬੂਰਨ ਬਿਨਾਂ ਫੀਸ ਅਦਾ ਕੀਤੇ ਵਾਪਸ ਮੁੜਨਾ ਪਿਆ।

Leave a Reply

Your email address will not be published. Required fields are marked *