ਜੰਮੂ-ਕਸ਼ਮੀਰ ‘ਚ ਹਾਲਾਤ ਕੰਟਰੋਲ ‘ਚ, ਫਰਜ਼ੀ ਵੀਡੀਓ ਹੋ ਰਹੇ ਹਨ ਵਾਇਰਲ : ਮੁਨੀਰ ਖਾਨ

ਜੰਮੂ— ਜੰਮੂ-ਕਸ਼ਮੀਰ ‘ਚ ਹਾਲਾਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ‘ਤੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਪੁਲਸ ਦੇ ਏ.ਡੀ.ਜੀ. ਲਾਅ ਐਂਡ ਆਰਡਰ ਮੁਨੀਰ ਖਾਨ ਨੇ ਕਿਹਾ ਕਿ ਘਾਟੀ ਨੂੰ ਲੈ ਕੇ ਫਰਜ਼ੀ ਵੀਡੀਓ ਵਾਇਰਲ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ ਉਹ 2010 ਦਾ ਹੈ। ਬੁੱਧਵਾਰ ਨੂੰ ਕਸ਼ਮੀਰ ਦੇ ਹਾਲਾਤ ‘ਤੇ ਮੁਨੀਰ ਖਾਨ ਤੋਂ ਇਲਾਵਾ ਪ੍ਰਿੰਸੀਪਲ ਸੈਕ੍ਰੇਟਰੀ ਰੋਹਿਤ ਕੰਸਲ ਵੀ ਇਸ ਪ੍ਰੈੱਸ ਕਾਨਫਰੰਸ ‘ਚ ਸ਼ਾਮਲ ਹੋਏ। ਵਾਇਰਲ ਵੀਡੀਓ ‘ਤੇ ਉਨ੍ਹਾਂ ਨੇ ਕਿਹਾ ਕਿ ਘਾਟੀ ‘ਚ ਸਾਲ 2010 ਅਤੇ 2016 ਦੇ ਪੁਰਾਣੇ ਵੀਡੀਓ ਨੂੰ ਹੁਣ ਦਾ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ। ਇਹ ਸਾਰੇ ਏਜੰਡੇ ਦਾ ਹਿੱਸਾ ਹੈ ਪਰ ਅਸੀਂ ਇਸ ‘ਤੇ ਕਾਰਵਾਈ ਕਰ ਰਹੇ ਹਾਂ। ਮੁਨੀਰ ਖਾਨ ਨੇ ਕਿਹਾ ਕਿ ਹਾਲੇ ਸਾਡਾ ਪੂਰਾ ਧਿਆਨ 15 ਅਗਸਤ ‘ਤੇ ਹੈ। ਘਾਟੀ ‘ਚ ਆਜ਼ਾਦੀ ਦਿਵਸ ਦਾ ਜਸ਼ਨ ਸ਼ਾਂਤੀ ਨਾਲ ਮਨਾਇਆ ਜਾ ਸਕੇ, ਇਸ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਹਾਲੇ ਜੰਮੂ ਤੋਂ ਸਾਰੇ ਤਰ੍ਹਾਂ ਦੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਉੱਥੇ ਸਕੂਲ-ਕਾਲਜ ਖੁੱਲ੍ਹ ਗਏ ਹਨ। ਉੱਥੇ ਹੀ ਜੰਮੂ-ਕਸ਼ਮੀਰ ਦੇ ਮਸਲੇ ‘ਤੇ ਉਨ੍ਹਾਂ ਨੇ ਕਿਹਾ ਕਿ ਘਾਟੀ ‘ਚ ਕੁਝ ਥਾਂਵਾਂ ‘ਤੇ ਹਾਲੇ ਵੀ ਪਾਬੰਦੀ ਹੈ ਪਰ ਹਾਲਾਤ ਪੂਰੀ ਤਰ੍ਹਾਂ ਨਾਲ ਕਾਬੂ ‘ਚ ਹਨ।

ਧਾਰਾ-144 ਨੂੰ ਹਟਾਉਣ ਨੂੰ ਲੈ ਕੇ ਮੁਨੀਰ ਖਾਨ ਨੇ ਕਿਹਾ ਕਿ ਇਸ ‘ਤੇ ਫੈਸਲਾ ਜ਼ਿਲਿਆਂ ਦੇ ਡੀ.ਐੱਮ. ਨੇ ਲੈਣਾ ਹੈ। ਉਹ ਆਪਣੇ ਖੇਤਰ ਦੇ ਹਾਲਾਤ ਅਨੁਸਾਰ ਇਸ ‘ਤੇ ਫੈਸਲਾ ਲੈ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ‘ਚ ਇਸ ਦੌਰਾਨ ਕੁਝ ਪੈਲੇਟ ਗਨ ਦੀਆਂ ਘਟਨਾਵਾਂ ਹੋਈਆਂ ਹਨ, ਜਿਸ ‘ਚ ਲੋਕ ਜ਼ਖਮੀ ਵੀ ਹੋਏ ਹਨ। ਮੁਨੀਰ ਖਾਨ ਨੇ ਕਿਹਾ ਕਿ ਹਾਲੇ ਤੱਕ ਕਈ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ। ਕੁਝ ਲੋਕਾਂ ਨੂੰ ਹਿਰਾਸਤ ‘ਚ ਵੀ ਲਿਆ ਗਿਆ ਹੈ। ਕੁਝ ਲੋਕਾਂ ‘ਤੇ ਐੱਫ.ਆਈ.ਆਰ. ਵੀ ਦਰਜ ਕਰਵਾਈ ਗਈ ਹੈ। ਨਾਲ ਹੀ ਨਾਲ ਲਗਾਤਾਰ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਇਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਦਾ ਮਸਲਾ ਹੁੰਦਾ ਹੈ ਤਾਂ ਵਿਰੋਧੀ ਅਤੇ ਗੁਆਂਢੀ ਦੇਸ਼ ਵਲੋਂ ਪ੍ਰੋਪੇਗੇਂਡਾ ਚਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਕੁਝ ਵੀਡੀਓ ਵਾਇਰਲ ਹੋ ਰਹੇ ਹਨ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਧਾਰਾ 144 ਲਾਗੂ ਹੋਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ‘ਚ ਪ੍ਰਦਰਸ਼ਨਕਾਰੀ ਕਸ਼ਮੀਰ ਦੀਆਂ ਸੜਕਾਂ ‘ਤੇ ਉਤਰੇ ਅਤੇ ਧਾਰਾ 370 ਹਟਾਏ ਜਾਣ ਦਾ ਵਿਰੋਧ ਕੀਤਾ।

Leave a Reply

Your email address will not be published. Required fields are marked *