ਜਾਣੋ ਹਾਂਗਕਾਂਗ ਪ੍ਰਦਰਸ਼ਨਕਾਰੀਆਂ ਦੇ ਨੇਤਾ ਜੋਸ਼ੁਆ ਵੋਂਗ ਦੇ ਬਾਰੇ ‘ਚ

ਹਾਂਗਕਾਂਗ (ਬਿਊਰੋ)— ਹਾਂਗਕਾਂਗ ਦੇ ਸਿਰਫ 23 ਸਾਲਾ ਨੌਜਵਾਨ ਜੋਸ਼ੁਆ ਵੋਂਗ ਚੀ-ਫੰਗ ਦੇ ਅੰਦੋਲਨ ਨੇ ਬਾਹੁਬਲੀ ਚੀਨ ਦੀ ਤਾਕਤ ਨੂੰ ਚੁਣੌਤੀ ਦਿੱਤੀ ਹੋਈ ਹੈ। ਅਸਲ ਵਿਚ ਹਾਂਗਕਾਂਗ ਪ੍ਰਸ਼ਾਸਨ ਜੂਨ ਵਿਚ ਇਕ ਬਿੱਲ ਲੈ ਕੇ ਆਇਆ ਸੀ, ਜਿਸ ਵਿਚ ਇੱਥੋਂ ਦੇ ਪ੍ਰਦਰਸ਼ਨਕਾਰੀਆਂ ਨੂੰ ਚੀਨ ਲਿਜਾ ਕੇ ਮੁਕੱਦਮਾ ਚਲਾਉਣ ਦੀ ਗੱਲ ਸੀ। ਇਸ ਬਿੱਲ ਦੇ ਵਿਰੋਧ ਵਿਚ ਵੋਂਗ ਆਪਣੇ ਸਮਰਥਕਾਂ ਨਾਲ ਸੜਕਾਂ ‘ਤੇ ਉਤਰ ਆਏ। ਇਸ ਮਗਰੋਂ ਬੀਤੇ ਕਈ ਦਿਨਾਂ ਤੋਂ ਲੱਕਾਂ ਲੋਕ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਹਾਂਗਕਾਂਗ ਵਿਚ ਚੀਨ ਵਿਰੁੱਧ ਜਾਰੀ ਜ਼ੋਰਦਾਰ ਪ੍ਰਦਰਸ਼ਨ ਦੀ ਅਗਵਾਈ ਉੱਥੋਂ ਦੀ ਨੌਜਵਾਨ ਆਬਾਦੀ ਕਰ ਰਹੀ ਹੈ।

ਵੋਂਗ ਲੋਕਤੰਤਰ ਸਥਾਪਿਤ ਕਰਨ ਵਾਲੀ ਪਾਰਟੀ ਡੇਮੋਸਿਸਟੋ ਦੇ ਜਨਰਲ ਸਕੱਤਰ ਹਨ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਇਕ ਸਟੂਡੈਂਟ ਗਰੁੱਪ ਸਕੌਲਰਿਜ਼ਮ ਦੀ ਸਥਾਪਨਾ ਕੀਤੀ ਸੀ। ਵੋਂਗ ਸਾਲ 2014 ਵਿਚ ਆਪਣੇ ਦੇਸ਼ ਵਿਚ ਅੰਦੋਲਨ ਚਲਾਉਣ ਕਾਰਨ ਦੁਨੀਆ ਦੀ ਨਜ਼ਰ ਵਿਚ ਆਏ। ਵੋਂਗ ਦੇ ‘ਅੰਬਰੇਲਾ ਮੂਵਮੈਂਟ’ ਕਾਰਨ ਵੱਕਾਰੀ ਅੰਤਰਰਾਸ਼ਟਰੀ ਪਤੱਰਿਕਾ ਟਾਈਮ ਨੇ ਉਨ੍ਹਾਂ ਦਾ ਨਾਮ ਸਾਲ 2014 ਵਿਚ ਸਭ ਤੋਂ ਪ੍ਰਭਾਵੀ ਨੌਜਵਾਨਾਂ ਵਿਚ ਸ਼ਾਮਲ ਕੀਤਾ। ਅਗਲੇ ਸਾਲ 2015 ਵਿਚ ਫੌਰਚੂਨ ਮੈਗਜ਼ੀਨ ਨੇ ਉਨ੍ਹਾਂ ਨੂੰ ‘ਦੁਨੀਆ ਦੇ ਮਹਾਨ ਨੇਤਾਵਾਂ’ ਵਿਚ ਸ਼ਾਮਲ ਕੀਤਾ। ਵੋਂਗ ਸਿਰਫ 22 ਸਾਲ ਦੀ ਉਮਰ ਵਿਚ 2018 ਵਿਚ ਨੋਬਲ ਸ਼ਾਂਤੀ ਪੁਰਸਕਾਰ ਲਈ ਵੀ ਨਾਮਜ਼ਦ ਹੋਏ।

ਵੋਂਗ ਨੂੰ ਉਨ੍ਹਾਂ ਦੇ ਸਾਥੀ ਕਾਰਕੁੰਨਾਂ ਦੇ ਨਾਲ ਅਗਸਤ 2017 ਵਿਚ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਸੀ। ਉਨ੍ਹਾਂ ‘ਤੇ ਦੋਸ਼ ਸੀ ਕਿ ਸਾਲ 2014 ਵਿਚ ਸਿਵਿਕ ਸਕਵਾਇਰ ‘ਤੇ ਕਬਜ਼ੇ ਵਿਚ ਉਨ੍ਹਾਂ ਦੀ ਭੂਮਿਕਾ ਸੀ। ਫਿਰ ਜਨਵਰੀ 2018 ਵਿਚ ਵੀ ਉਨ੍ਹਾਂ ਨੂੰ 2014 ਦੇ ਵਿਰੋਧ ਪ੍ਰਦਰਸ਼ਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ। ਵੋਂਗ ਦੀ ਪਾਰਟੀ ਡੋਮੇਸਿਸਟੋ ਦੇ ਜ਼ਿਆਦਾਤਰ ਨੇਤਾਵਾਂ ਦੀ ਉਮਰ 20-25 ਸਾਲ ਦੇ ਕਰੀਬ ਹੈ। ਡੋਮੇਸਿਸਟੋ ਦੇ ਮੋਹਰੀ ਆਗੂਆਂ ਵਿਚ ਐਗਨੇਸ਼ ਚਾ ਹਨ, ਜਿਸ ਦੀ ਉਮਰ 22 ਸਾਲ ਹੈ ਜਦਕਿ ਨਾਥਨ ਲਾ 26 ਸਾਲ ਦੇ ਹਨ।

ਹਾਂਗਕਾਂਗ ਦੇ ਨੌਜਵਾਨਾਂ ਨੂੰ ਲੱਗਦਾ ਹੈ ਕਿ ਚੀਨ ਦੀ ਕਮਿਊਨਿਸਟ ਪਾਰਟੀ ਇਸ ਬਿੱਲ ਜ਼ਰੀਏ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦੀ ਹੈ। ਅਸਲ ਵਿਚ ਹਾਂਗਕਾਂਗ ਚੀਨ ਦਾ ਹਿੱਸਾ ਹੁੰਦੇ ਹੋਏ ਵੀ ਸੁਤੰਤਰ ਪ੍ਰਬੰਧਕੀ ਈਕਾਈ ਦਾ ਦਰਜਾ ਰੱਖਦਾ ਹੈ। ਇਹ ਚੀਨ ਦਾ ਵਿਸ਼ੇਸ਼ ਪ੍ਰਬੰਧਕੀ ਖੇਤਰ ਕਹਾਉਂਦਾ ਹੈ। ਭਾਵੇਂਕਿ ਜ਼ੋਰਦਾਰ ਪ੍ਰਦਰਸ਼ਨ ਦੇ ਮੱਦੇਨਜ਼ਰ ਹਾਂਗਕਾਂਗ ਦੀ ਸਰਕਾਰ ਨੇ ਬਿੱਲ ਵਾਪਸ ਲੈ ਲਿਆ ਪਰ ਪ੍ਰਦਰਸ਼ਨ ਖਤਮ ਨਹੀਂ ਹੋਇਆ। ਉਹ ਹਾਂਗਕਾਂਗ ਵਿਚ ਵੱਧ ਲੋਕਤੰਤਰੀ ਅਧਿਕਾਰਾਂ ਦੀ ਬਹਾਲੀ ਦੀ ਮੰਗ ਕਰ ਰਹੇ ਹਨ।

Leave a Reply

Your email address will not be published. Required fields are marked *