ਆਸਟ੍ਰੇਲੀਆ : ਚਾਕੂ ਨਾਲ ਕਈ ਲੋਕਾਂ ‘ਤੇ ਹਮਲਾ, ਹਮਲਾਵਰ ਗ੍ਰਿਫਤਾਰ

ਸਿਡਨੀ (ਭਾਸ਼ਾ)—ਆਸਟ੍ਰੇਲੀਆ ਵਿਚ ਸਿਡਨੀ ਸ਼ਹਿਰ ਦੇ ਸੈਂਟਰਲ ਬਿਜ਼ਨੈੱਸ ਡਿਸਟ੍ਰਿਕਟ (ਸੀ.ਬੀ.ਡੀ.) ਦੀ ਬਿੱਜੀ ਸੜਕ ‘ਤੇ ਮੰਗਲਵਾਰ ਨੂੰ ਇਕ ਨਕਾਬਪੋਸ਼ ਸ਼ਖਸ ਨੇ ਚਾਕੂ ਨਾਲ ਰਾਹਗੀਰਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸ਼ਖਸ ਨੇ ਇਕ ਔਰਤ ਦੀ ਹੱਤਿਆ ਕਰ ਦਿੱਤੀ ਅਤੇ ਇਕ ਹੋਰ ਔਰਤ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਹਥਿਆਰਬੰਦ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਹਮਲੇ ਦੇ ਉਦੇਸ਼ ਬਾਰੇ ਪਤਾ ਨਹੀਂ ਚੱਲ ਸਕਿਆ ਹੈ।

ਆਸਟ੍ਰੇਲੀਆਈ ਮੀਡੀਆ ਮੁਤਾਬਕ ਹਮਲਾਵਰ ਸ਼ਖਸ ‘ਅੱਲਾਹ ਹੂ ਅਕਬਰ’ ਅਤੇ ‘ਮੈਨੂੰ ਗੋਲੀ ਮਾਰ ਦਿਓ’ ਦਾ ਨਾਅਰਾ ਲਗਾ ਰਿਹਾ ਸੀ। ਹਮਲਾਵਰ ਦੀ ਪਛਾਣ 21 ਸਾਲਾ ਮਰਟ ਨੇ ਦੇ ਤੌਰ ‘ਤੇ ਹੋਈ ਹੈ, ਜੋ ਮਾਨਸਿਕ ਤੌਰ ‘ਤੇ ਬੀਮਾਰ ਦੱਸਿਆ ਜਾ ਰਿਹਾ ਹੈ। ਹਮਲਾਵਰ ਨੇ ਹੋਰ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਪਾਇਆ। ਇਕ ਫੁਟੇਜ ਵਿਚ ਹਮਲਾਵਰ ਸ਼ਖਸ ਨੂੰ ਕਾਲੀ ਮਰਸੀਡੀਜ਼ ਸਟੇਸ਼ਨ ਦੇ ਵੈਗਨ ਉੱਪਰ ਕਿੰਗ ਸਟ੍ਰੀਟ ਅਤੇ ਕਲੇਰੇਂਸ ਸਟ੍ਰੀਟ ਦੇ ਕੋਨੇ ‘ਤੇ ਚੜ੍ਹਦਿਆਂ ਦਿਖਾਇਆ ਗਿਆ। ਉਸ ਨੂੰ ਕਾਰ ਤੋਂ ਛਾਲ ਮਾਰਦੇ ਅਤੇ ਚੀਕਦੇ ਹੋਏ ਸੁਣਿਆ ਜਾ ਸਕਦਾ ਹੈ। ਜ਼ਖਮੀ ਹੋਈ ਔਰਤ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਫਿਲਹਾਲ ਉਹ ਖਤਰੇ ਤੋਂ ਬਾਹਰ ਹੈ।

ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੇ ਜਾਣ ਤੋਂ ਪਹਿਲਾਂ ਉਸ ਨੇ ਸੜਕ ‘ਤੇ ਜਾ ਰਹੀ 41 ਸਾਲਾ ਮਹਿਲਾ ਨੂੰ ਚਾਕੂ ਮਾਰ ਦਿੱਤਾ ਸੀ। ਬਾਅਦ ਵਿਚ ਪੁਲਸ ਨੇ ਘਟਨਾ ਸਥਲ ਨੇੜੇ ਇਕ ਅਪਾਰਟਮੈਂਟ ਵਿਚ 21 ਸਾਲਾ ਮਹਿਲਾ ਦੀ ਲਾਸ਼ ਬਰਾਮਦ ਕੀਤੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਸ਼ੱਕੀ ਹਮਲਾਵਰ ਨੂੰ ਜਾਣਦੀ ਸੀ।

ਪੁਲਸ ਮੁਤਾਬਕ ਹਮਲਾਵਰ ਦੇ ਇਲਾਵਾ ਕੋਈ ਹੋਰ ਇਸ ਵਾਰਦਾਤ ਵਿਚ ਸ਼ਾਮਲ ਨਹੀਂ। ਇਸ ਵਿਚ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਟਵੀਟ ਕਰ ਕੇ ਹਮਲਾਵਰ ਨੂੰ ਫੜਨ ਵਾਲੇ ਲੋਕਾਂ ਦੀ ਤਾਰੀਫ ਕੀਤੀ। ਉਨ੍ਹਾਂ ਨੇ ਲਿਖਿਆ,”ਘਟਨਾਸਥਲ ‘ਤੇ ਮੌਜੂਦ ਬਹਾਦੁਰ ਲੋਕਾਂ ਕਾਰਨ ਹਮਲਾਵਰ ਹੁਣ ਹਿਰਾਸਤ ਵਿਚ ਹੈ। ਇਸ ਹਿੰਸਾਤਮਕ ਹਮਲੇ ਨਾਲ ਪ੍ਰਭਾਵਿਤ ਹੋਏ ਸਾਰੇ ਲੋਕਾਂ ਨਾਲ ਸਾਡੀ ਹਮਦਰਦੀ ਹੈ।”

ਆਵਾਜਾਈ ਪ੍ਰਬੰਧਨ ਕੇਂਦਰ ਨੇ ਲੋਕਾਂ ਨੂੰ ਕਿੰਗ ਸਟ੍ਰੀਟ ਵੱਲ ਨਾ ਜਾਣ ਦੀ ਸਲਾਹ ਦਿੱਤੀ ਹੈ। ਕਿੰਗ ਸਟ੍ਰੀਟ ਦੇ ਸਾਰੇ ਲੇਨ ਕਲੈਰੇਂਸ ਤੋਂ ਯਾਰਕ ਸਟ੍ਰੀਟ ਆਵਾਜਾਈ ਲਈ ਬੰਦ ਕਰ ਦਿੱਤੇ ਗਏ ਹਨ।

Leave a Reply

Your email address will not be published. Required fields are marked *