ਜੇ. ਐਂਡ ਕੇ. ‘ਚ ਵੇਚੀਆਂ ਜਾ ਰਹੀਆਂ ਹਨ ਜਲੰਧਰ ਤੋਂ ਚੋਰੀ ਹੋਣ ਵਾਲੀਆਂ ਲਗਜ਼ਰੀ ਗੱਡੀਆਂ

ਜਲੰਧਰ (ਵਰੁਣ)— ਜਲੰਧਰ ਸਿਟੀ ਤੋਂ ਚੋਰੀ ਹੋਈਆਂ ਗੱਡੀਆਂ ਜੇ. ਐਂਡ ਕੇ. ਵਿਚ ਵੇਚੀਆਂ ਜਾ ਰਹੀਆਂ ਹਨ। ਹਾਲ ਹੀ ਵਿਚ ਪੁਲਸ ਕੋਲ ਇਨਪੁੱਟ ਆਏ ਹਨ ਕਿ ਥਾਣਾ-7 ਦੇ ਇਲਾਕੇ ‘ਚ ਚੋਰੀ ਹੋਈਆਂ ਦੋ ਬ੍ਰਿਜ਼ਾ ਗੱਡੀਆਂ ਜੇ. ਐਂਡ ਕੇ. ਵਿਚ ਹਨ, ਜਿਨ੍ਹਾਂ ਨੂੰ ਚੋਰੀ ਕਰਕੇ ਜਾਅਲੀ ਦਸਤਾਵੇਜ਼ ਬਣਾ ਕੇ ਵੇਚਿਆ ਗਿਆ ਹੈ। ਪੁਲਸ ਹੁਣ ਇਸ ਗੈਂਗ ਨੂੰ ਟਰੇਸ ਕਰਨ ‘ਚ ਜੁਟੀ ਹੋਈ ਹੈ। ਕੁਝ ਸਮਾਂ ਪਹਿਲਾਂ ਹੀ ਲਗਾਤਾਰ ਥਾਣਾ-7 ਦੇ ਇਲਾਕੇ ਤੋਂ ਦੋ ਬ੍ਰਿਜ਼ਾ ਗੱਡੀਆਂ ਚੋਰੀ ਹੋਈਆਂ ਸਨ, ਜਿਨ੍ਹਾਂ ਦੇ ਜੇ. ਐਂਡ ਕੇ. ਵਿਚ ਇਨਪੁੱਟ ਮਿਲੇ ਹਨ। ਪੁਲਸ ਨੇ ਵੀ ਆਪਣਾ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਚੋਰੀ ਕਰਨ ਵਾਲਾ ਗੈਂਗ ਉਥੇ ਹੈ, ਜਿਸ ਨੂੰ ਜਲੰਧਰ ਪੁਲਸ ਨੇ ਫੜਿਆ ਸੀ ਤੇ ਇਸ ਗੈਂਗ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ 100 ਦੇ ਕਰੀਬ ਗੱਡੀਆਂ ਚੋਰੀ ਕਰਕੇ ਜੇ. ਐਂਡ ਕੇ. ਵਿਚ ਵੇਚੀਆਂ ਸਨ। ਇਸ ਗੈਂਗ ਦਾ ਸਰਗਣਾ ਸ਼ਬੀਰ ਅਹਿਮਦ ਅਜੇ ਵੀ ਜੇਲ ‘ਚ ਬੰਦ ਹੈ। ਸ਼ਬੀਰ ਅਹਿਮਦ ਦੇ ਗੈਂਗ ‘ਚ ਗੱਡੀਆਂ ਚੋਰੀ ਕਰਨ ਵਾਲੇ ਵੱਖਰੇ ਮੈਂਬਰ ਹਨ, ਜਦੋਂਕਿ ਜੇ. ਐਂਡ ਕੇ. ਲਿਜਾਣ ਤੋਂ ਬਾਅਦ ਉਨ੍ਹਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰਨ ਤੋਂ ਬਾਅਦ ਵੇਚਣ ਵਾਲੇ ਵੱਖਰੇ ਗੈਂਗ ਦੇ ਮੈਂਬਰ ਹਨ।

ਇਹ ਗੈਂਗ ਜੇ. ਐਂਡ ਕੇ. ‘ਚ ਜ਼ਿਆਦਾਤਰ ਉਨ੍ਹਾਂ ਇਲਾਕਿਆਂ ‘ਚ ਗੱਡੀਆਂ ਵੇਚਦਾ ਹੈ, ਜਿੱਥੇ ਅੱਤਵਾਦੀਆਂ ਦਾ ਦਬਦਬਾ ਹੋਵੇ। ਜਲੰਧਰ ਪੁਲਸ ਜਲਦੀ ਹੀ ਜੇ. ਐਂਡ ਕੇ. ਵਿਚ ਜਾ ਕੇ ਇਸ ਗੈਂਗ ਦੇ ਮੈਂਬਰਾਂ ਨੂੰ ਫੜ ਸਕਦੀ ਹੈ। ਦੱਸਣਯੋਗ ਹੈ ਕਿ ਥਾਣਾ-8 ਦੇ ਸਾਬਕਾ ਇੰਸਪੈਕਟਰ ਨਵਦੀਪ ਸਿੰਘ ਨੇ ਫੌਜ ਦੇ ਹੱਥੋਂ ਮਾਰੇ ਗਏ ਜ਼ਾਕਿਰ ਮੂਸਾ ਦੇ ਰਿਸ਼ਤੇਦਾਰ ਸ਼ਬੀਰ ਅਹਿਮਦ ਨੂੰ ਕਾਬੂ ਕੀਤਾ ਸੀ। ਸ਼ਬੀਰ ਹੀ ਚੋਰ ਗਿਰੋਹ ਦਾ ਸਰਗਣਾ ਸੀ, ਜਿਸ ਦੇ ਗੈਂਗ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ 100 ਦੇ ਕਰੀਬ ਗੱਡੀਆਂ ਚੋਰੀ ਕਰ ਕੇ ਜੇ. ਐਂਡ ਕੇ ਵਿਚ ਵੇਚੀਆਂ ਸਨ। ਪੁਲਸ ਨੇ ਮੁਲਜ਼ਮਾਂ ਕੋਲੋਂ 4 ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਹਨ। ਸ਼ਬੀਰ ਕੁਝ ਹੀ ਸੈਕਿੰਡ ‘ਚ ਗੱਡੀਆਂ ਦਾ ਲਾਕ ਖੋਲ੍ਹ ਲੈਂਦਾ ਸੀ, ਜਦੋਂਕਿ ਅਜਿਹੀ ਹੀ ਟ੍ਰੇਨਿੰਗ ਉਸ ਦੇ ਹੋਰ ਮੈਂਬਰਾਂ ਨੂੰ ਵੀ ਹੈ।

ਖੋਲ੍ਹ ਕੇ ਵੇਚੇ ਜਾ ਰਹੇ ਹਨ ਚੋਰੀ ਹੋਏ ਦੋਪਹੀਆ ਵਾਹਨ ਦੇ ਪਾਰਟ
ਕਾਰਾਂ ਤੋਂ ਬਾਅਦ ਦੋਪਹੀਆ ਵਾਹਨ ਚੋਰ ਫੜੇ ਜਾਣ ਦੇ ਡਰੋਂ ਹੁਣ ਜ਼ਿਆਦਾਤਰ ਦੋਪਹੀਆ ਵਾਹਨ ਗੋਦਾਮਾਂ ਵਿਚ ਵੇਚ ਰਹੇ ਹਨ। ਕਾਜ਼ੀ ਮੰਡੀ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਅੱਧਾ ਦਰਜਨ ਦੇ ਕਰੀਬ ਅਜਿਹੇ ਗੋਦਾਮ ਹਨ, ਜਿੱਥੇ ਦੋਪਹੀਆ ਵਾਹਨ ਵੇਚੇ ਜਾ ਰਹੇ ਹਨ ਅਤੇ ਬਾਅਦ ‘ਚ ਕੁਝ ਹੀ ਮਿੰਟਾਂ ਵਿਚ ਵਾਹਨ ਖੋਲ੍ਹ ਕੇ ਉਨ੍ਹਾਂ ਦੇ ਪੁਰਜ਼ੇ, ਟਾਇਰ, ਟੈਂਕੀ ਅਤੇ ਹੋਰ ਸਾਮਾਨ ਵੱਖ-ਵੱਖ ਵੇਚਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਚੋਰੀ ਹੋਏ ਦੋਪਹੀਆ ਵਾਹਨਾਂ ਦਾ ਸੁਰਾਗ ਨਹੀਂ ਮਿਲਦਾ। ਇਹ ਗੋਦਾਮ ਕਬਾੜ ਦੀ ਆੜ ਵਿਚ ਚਲਾਏ ਜਾ ਰਹੇ ਹਨ।

Leave a Reply

Your email address will not be published. Required fields are marked *