ਨਾਜਾਇਜ਼ ਸ਼ਰਾਬ ਲਿਜਾ ਰਹੀ ਕਾਰ ਨਾਲ ਜ਼ਬਰਦਸਤ ਹਾਦਸਾ, ਪਲ਼ਟ ਕੇ ਖੰਭੇ ਨਾਲ ਟਕਰਾਈ

ਬਰਨਾਲਾ: ਪਿੰਡ ਬੜਬਰ ਕੋਲ ਨਾਜਾਇਜ਼ ਸ਼ਰਾਬ ਨਾਲ ਲੱਦੀ ਕਾਰ ਜ਼ਬਰਦਸਤ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਦਾ ਟਾਇਰ ਫਟ ਗਿਆ ਜਿਸ ਕਰਕੇ ਕਾਰ ਬੇਕਾਬੂ ਹੋ ਗਈ ਤੇ ਸਟ੍ਰੀਟ ਲਾਈਟ ਦੇ ਖੰਭੇ ਨਾਲ ਜਾ ਟਕਰਾਈ। ਇਸ ਦੌਰਾਨ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਾਰ ਤੇ ਸ਼ਰਾਬ ਨੂੰ ਕਬਜ਼ੇ ਵਿੱਚ ਲੈ ਕੇ ਡ੍ਰਾਈਵਰ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖ਼ਲ ਕਰਵਾ ਦਿੱਤਾ ਹੈ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਕਾਰ ਸੰਗਰੂਰ ਤੋਂ ਬਰਨਾਲਾ ਵੱਲ ਜਾ ਰਹੀ ਸੀ।

ਕਾਰ ਦੀ ਸਪੀਡ ਇੰਨੀ ਤੇਜ਼ ਸੀ ਕਿ ਭਾਰੀ-ਭਰਕਮ ਖੰਭਾ ਜੜ੍ਹੋਂ ਪੁੱਟਿਆ ਗਿਆ ਤੇ ਕਾਰ ਸੜਕ ਦੇ ਦੂਜੇ ਕਿਨਾਰੇ ਇੱਕ ਦੁਕਾਨ ਕੋਲ ਜਾ ਕੇ ਰੁਕੀ, ਜਿਸ ਦੀ ਟੱਕਰ ਨਾਲ ਕਈ ਮੋਟਰਸਾਈਕਲ ਤੇ ਦੁਕਾਨਾਂ ਬਾਹਰ ਪਿਆ ਸਾਮਾਨ ਚਕਨਾਚੂਰ ਹੋ ਗਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਨਹੀਂ ਹੋਇਆ।

ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਵਿੱਚ ਅੰਗ੍ਰੇਜ਼ੀ ਤੇ ਦੇਸੀ ਸ਼ਰਾਬ ਰੱਖੀ ਗਈ ਸੀ। ਐਕਸੀਡੈਂਟ ਬਾਅਦ ਸ਼ਰਾਬ ਸੜਕ ‘ਤੇ ਖਿੱਲਰ ਗਈ। ਇਸ ਅਚਾਨਕ ਹੋਏ ਹਾਦਸੇ ਨਾਲ ਪੂਰੇ ਬਾਜ਼ਾਰ ਵਿੱਚ ਦਹਿਸ਼ਤ ਫੈਲ ਗਈ। ਕਾਰ ਚਾਲਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੁਰਘਟਨਾਗ੍ਰਸਤ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *