ਜਤਿੰਦਰ ਪੰਮੀ, ਜਲੰਧਰ : ਸਾਡੇ ਸਮਾਜ ਅੰਦਰ ਮੁੰਡੇ ਦੀ ਚਾਹਤ ‘ਚ ਕੁਝ ਲੋਕ ਏਨੇ ਨਿਰਮੋਹੇ ਹੋ ਜਾਂਦੇ ਹਨ ਕਿ ਕੁੜੀਆਂ ਦੀ ਕੁੱਖ ‘ਚ ਹੀ ਹੱਤਿਆ ਕਰ ਦਿੰਦੇ ਹਨ। ਇਸ ਸਮਾਜਿਕ ਬੁਰਾਈ ਨੂੰ ਕੇਂਦਰ ਬਿੰਦੂ ਬਣਾ ਕੇ ‘ਮੁੰਡਾ ਹੀ ਚਾਹੀਦਾ’ ਫਿਲਮ ਬਣਾਈ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 12 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ‘ਮੁੰਡਾ ਹੀ ਚਾਹੀਦਾ’ ਦੇ ਅਦਾਕਾਰ ਹਰੀਸ਼ ਵਰਮਾ ਨੇ ‘ਪੰਜਾਬੀ ਜਾਗਰਣ’ ਦਫ਼ਤਰ ‘ਚ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਇਹ ਫਿਲਮ ਮੁੰਡੇ ਦੀ ਖਵਾਇਸ਼ ਰੱਖਣ ਵਾਲਿਆਂ ‘ਤੇ ਕਰਾਰੀ ਸੱਟ ਮਾਰੇਗੀ। ਹਰੀਸ਼ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਫਿਲਮ ਵਿਚ ਧਰਮਿੰਦਰ ਨਾਂ ਦੇ ਨੌਜਵਾਨ ਦੀ ਭੂਮਿਕਾ ਨਿਭਾਈ ਹੈ, ਜੋ ਕਿ ਮੁੰਡਾ ਜੰਮਣ ਖਾਤਰ ਖੁਦ ਹੀ ਗਰਭਵਾਨ ਹੋ ਜਾਂਦਾ ਹੈ। ਗਰਭ ਦੌਰਾਨ ਉਸ ਨੂੰ ਕੀ-ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਦਾ ਦਿ੍ਸ਼ਟਾਂਤ ਫਿਲਮ ਵਿਚ ਕੀਤਾ ਗਿਆ ਹੈ। ਫਿਲਮ ਦੀ ਹੀਰੋਇਨ ਰੂਬੀਨਾ ਬਾਜਵਾ ਨੇ ਕਿਹਾ ਕਿ ਇਹ ਇਕ ਪਰਿਵਾਰਕ, ਮਨੋਰੰਜਕ ਅਤੇ ਕਾਮੇਡੀ ਫਿਲਮ ਹੈ ਜੋ ਕਿ ਗੰਭੀਰ ਮੁੱਦੇ ਦੀ ਪੇਸ਼ਕਾਰੀ ਕਰਦੀ ਹੈ।

ਨਵੀਆਂ ਤਕਨੀਕਾਂ ‘ਤੇ ਚਾਨਣਾ ਪਾਉਂਦੀ ਹੈ ਫਿਲਮ

ਡਾਇਰੈਕਟਰ ਸੰਤੋਸ਼ ਸੁਭਾਸ਼ ਥੀਟੇ ਨੇ ਕਿਹਾ ਕਿ ਫਿਲਮ ਅਜੋਕੀਆਂ ਬਣ ਰਹੀਆਂ ਫਿਲਮਾਂ ਨਾਲੋਂ ਵੱਖਰੀ ਹੈ ਅਤੇ ਪੁਰਾਣੇ ਰੂੜੀਵਾਦੀ ਵਿਚਾਰਾਂ ਤੋਂ ਉੱਪਰ ਉੱਠ ਕੇ ਨਵੀਆਂ ਤਕਨੀਕਾਂ ਉੱਤੇ ਚਾਨਣਾ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਫਿਲਮ ਵਿਚ ਟੈਸਟ ਟਿਊਬ ਬੇਬੀ ਵਰਗੇ ਗੰਭੀਰ ਮੁੱਦੇ ਨੂੰ ਹਲਕੇ ਢੰਗ ਨਾਲ ਪੇਸ਼ ਕਰਕੇ ਅਜੋਕੇ ਸਮਾਜ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਫਿਲਮ ਨੀਰੂ ਬਾਜਵਾ ਇੰਟਰਟੈਨਮੈਂਟ ਅਤੇ ਨਰੋਤਮ ਜੀ ਫਿਲਮ ਦੇ ਬੈਨਰ ਹੇਠ ਬਣੀ ਹੈ, ਜਿਸ ਨੂੰ ਉੱਘੀ ਅਦਾਕਾਰਾ ਨੀਰੂ ਬਾਜਵਾ, ਅੰਕਿਤ ਵਿਜਨ, ਨਵਦੀਪ ਨਰੂਲਾ, ਗੁਰਜੀਤ ਸਿੰਘ ਅਤੇ ਸੰਤੋਸ਼ ਸੁਭਾਸ਼ ਥੀਟੇ ਨੇ ਪ੍ਰੋਡਿਊਸ ਕੀਤਾ ਹੈ ਜਦਕਿ ਸੰਤੋਸ਼ ਸੁਭਾਸ਼ ਅਤੇ ਦੀਪਕ ਥਾਪਰ ਨੇ ਡਾਇਰੈਕਟ ਕੀਤਾ ਹੈ।

ਫਿਲਮ ਦੀ ਕਹਾਣੀ ਸੰਤੋਸ਼ ਸੁਭਾਸ਼ ਥੀਟੇ ਅਤੇ ਡਾਇਲਾਗ ਦੀਪ ਜਗਦੀਪ ਜ਼ੈਦੀ ਵਲੋਂ ਲਿਖੇ ਗਏ ਹਨ। ਫਿਲਮ ਦੇ ਦਿ੍ਸ਼ਾਂ ਨੂੰ ਚੰਡੀਗੜ੍ਹ ਤੇ ਆਸ ਪਾਸ ਦੇ ਖੇਤਰਾਂ ਵਿਚ ਫਿਲਮਾਇਆ ਗਿਆ ਹੈ। ਫਿਲਮ ਵਿਚ ਪੰਜ ਗੀਤ ਹਨ ਜਿਨ੍ਹਾਂ ਨੂੰ ਹਰਮਨਜੀਤ, ਹਰਿੰਦਰ ਕੌਰ ਅਤੇ ਕਪਤਾਨ ਵੱਲੋਂ ਲਿਖਿਆ ਗਿਆ ਹੈ ਜਦਕਿ ਫਿਲਮ ਦਾ ਸੰਗੀਤ ਗੁਰਮੀਤ ਸਿੰਘ, ਗੁਰਮੋਹ ਅਤੇ ਗੁਰਚਰਨ ਸਿੰਘ ਨੇ ਤਿਆਰ ਕੀਤਾ ਹੈ। ਫਿਲਮ ਦੇ ਗਾਣਿਆਂ ਨੂੰ ਰੌਸ਼ਨ ਪਿ੍ਰੰਸ, ਕਮਾਲ ਖਾਨ, ਗੁਰਨਾਮ ਭੁੱਲਰ, ਜੌਰਡਨ ਸੰਧੂ ਅਤੇ ਮੰਨਤ ਨੂਰ ਨੇ ਆਪਣੀਆਂ ਆਵਾਜ਼ਾਂ ਨਾਲ ਸ਼ਿੰਗਾਰਿਆ ਹੈ।