ਸੇਰੇਨਾ ਵਿੰਬਲਡਨ ਦੇ ਸੈਮੀਫਾਈਨਲ ”ਚ

ਲੰਡਨ-23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸੇਰੇਨਾ ਵਿਲੀਅਮਸ, ਸਾਬਕਾ ਨੰਬਰ ਇਕ ਤੇ ਸੱਤਵਾਂ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ, ਯੂਕ੍ਰੇਨ ਦੀ ਐਲਿਨਾ ਸਵੀਤੋਲਿਨਾ ਤੇ ਚੈੱਕ ਗਣਰਾਜ ਦੀ ਬਾਰਬੋਰਾ ਸਟ੍ਰਾਈਕੋਵਾ ਨੇ ਮੰਗਲਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।
11ਵੀਂ ਸੀਡ ਸੇਰੇਨਾ ਨੇ ਰਿਕਾਰਡ 24ਵੇਂ ਗ੍ਰੈਂਡ ਸਲੈਮ ਖਿਤਾਬ ਹਾਸਲ ਕਰਨ ਵੱਲ ਮਜ਼ਬੂਤੀ ਨਾਲ ਕਦਮ ਵਧਾਉਂਦਿਆਂ ਹਮਵਤਨ ਐਲਿਸਨ ਰਿਸਕੇ ਨੂੰ 2 ਘੰਟੇ 1 ਮਿੰਟ ਵਿਚ 6-4, 4-6, 6-3 ਨਾਲ ਹਰਾ ਕੇ ਆਖਰੀ-4 ਵਿਚ ਜਗ੍ਹਾ ਬਣਾਈ। ਸੇਰੇਨਾ ਨੇ 12ਵੀਂ ਵਾਰ ਵਿੰਬਲਡਨ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਹਾਲੇਪ ਨੇ ਚੀਨ ਦੀ ਸ਼ੂਆਈ ਝਾਂਗ ਨੂੰ  ਲਗਾਤਾਰ ਸੈੱਟਾਂ ਵਿਚ 7-6,  6-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਹਾਲੇਪ ਨੇ ਇਹ ਮੁਕਾਬਲਾ 1 ਘੰਟਾ 26 ਮਿੰਟ ਵਿਚ ਜਿੱਤਿਆ। 27 ਸਾਲਾ ਹਾਲੇਪ ਨੇ ਇਸ ਤਰ੍ਹਾਂ ਪੰਜ ਸਾਲ ਤੋਂ ਬਾਅਦ ਵਿੰਬਲਡਨ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਉਹ ਇਸ ਤੋਂ ਪਹਿਲਾਂ 2014 ਵਿਚ ਸੈਮੀਫਾਈਨਲ ਵਿਚ ਪਹੁੰਚੀ ਸੀ। ਉਹ ਪਿਛਲੇ ਸਾਲ ਤੀਜੇ ਦੌਰ ਵਿਚੋਂ ਬਾਹਰ ਹੋ ਗਈ ਸੀ। ਪਿਛਲੇ ਸਾਲ ਫ੍ਰੈਂਚ ਓਪਨ ਦਾ ਖਿਤਾਬ ਜਿੱਤਣ ਤੋਂ ਬਾਅਦ ਹਾਲੇਪ ਦੇ ਪ੍ਰਦਰਸ਼ਨ ਵਿਚ ਗਿਰਾਵਟ ਆਈ ਸੀ ਤੇ ਉਹ ਵਿੰਬਲਡਨ ਦੇ ਤੀਜੇ, ਯੂ. ਐੱਸ. ਓਪਨ ਦੇ ਪਹਿਲੇ, ਇਸ ਸਾਲ ਆਸਟਰੇਲੀਆ ਓਪਨ ਦੇ ਚੌਥੇ ਤੇ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ਵਿਚ ਬਾਹਰ ਹੋ ਗਈ ਸੀ ਪਰ ਵਿੰਬਲਡਨ ਵਿਚ ਉਸ ਦਾ ਸਫਰ ਸੈਮੀਫਾਈਨਲ ਵਿਚ ਪਹੁੰਚ ਚੁੱਕਾ ਹੈ।
ਸੇਰੇਨਾ ਦਾ ਸੈਮੀਫਾਈਨਲ ਵਿਚ ਸਟ੍ਰਾਈਕੋਵਾ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਕੁਆਰਟਰ ਫਾਈਨਲ ਵਿਚ ਬ੍ਰਿਟੇਨ ਦੀ ਜੋਹਾਨਾ ਕੋਂਟਾ ਨੂੰ ਲਗਾਤਾਰ ਸੈੱਟਾਂ ਵਿਚ 7-6, 6-1 ਨਾਲ ਹਰਾਇਆ। ਹਾਲੇਪ ਦਾ ਸੈਮੀਫਾਈਨਲ ਵਿਚ ਸਵੀਤੋਲਿਨਾ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਕੁਆਰਟਰ ਫਾਈਨਲ ਵਿਚ ਚੈੱਕ ਗਣਰਾਜ ਦੀ ਕੈਰੋਲਿਨਾ ਮੁਚੋਵਾ ਨੂੰ 7-5, 6-4 ਨਾਲ ਹਰਾਇਆ।

Leave a Reply

Your email address will not be published. Required fields are marked *