ਬੱਗਾ ਸੇਲਕੀਆਣਾ, ਉੜਾਪੜ : ਪਾਣੀ ਦੇ ਡਿੱਗ ਰਹੇ ਪੱਧਰ ਕਾਰਨ ਪੈਦਾ ਹੋ ਰਹੇ ਜਲ ਸੰਕਟ ਦੇ ਅਗਾਊਂ ਹੱਲ ਲਈ ਫ਼ਸਲੀ ਵਿਭਿੰਨਤਾ ਤਹਿਤ ਕਿਸਾਨਾਂ ਨੂੰ ਮੱਕੀ ਦੀ ਫ਼ਸਲ ਲਈ ਪ੍ਰੇਰਨ ਅਤੇ ਤੁਪਕਾ ਸਿੰਚਾਈ ਨਾਲ ਸਿੰਜਣ ਤਹਿਤ ਸੂਬਾ ਸਰਕਾਰ ਵੱਲੋਂ ਉੜਾਪੜ ‘ਚ ਪਹਿਲਾ ਅਜਿਹਾ ਪ੍ਰਾਜੈਕਟ ਲਾਇਆ ਗਿਆ ਹੈ।

ਇਸ ਲਈ ਕਿਸਾਨਾਂ ਨੂੰ ਪ੍ਰਤੀ ਏਕੜ ਮਹਿਜ਼ 10 ਹਜ਼ਾਰ ਰੁਪਏ ਦੀ ਹਿੱਸੇਦਾਰੀ ਦੇਣੀ ਪੈਂਦੀ ਹੈ। ਇਹ ਪ੍ਰਗਟਾਵਾ ਮੁੱਖ ਭੂਮੀਪਾਲ ਪੰਜਾਬ ਧਰਮਿੰਦਰ ਕੁਮਾਰ ਸ਼ਰਮਾ (ਆਈਐੱਫਐੱਸ) ਵੱਲੋਂ ਉੜਾਪੜ ‘ਚ ਕਿਸਾਨ ਸੁਖਵਿੰਦਰ ਸਿੰਘ ਦੇ ਖੇਤ ‘ਚ ਲੱਗੇ ਪ੍ਰਾਜੈਕਟ ਦਾ ਮੁਆਇਨਾ ਕਰਨ ਉੁਪਰੰਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ 111 ਬਲਾਕ ਬਿਲਕੁਲ ਡਾਰਕ ਜ਼ੋਨ ਅੰਦਰ ਆ ਚੁੱਕੇ ਹਨ। ਜੇਕਰ ਇਹੀ ਹਾਲ ਰਿਹਾ ਤਾਂ ਅਗਲੇ 10-15 ਸਾਲ ਅੰਦਰ ਪੰਜਾਬ ਮਾਰੂਥਲ ਬਣ ਜਾਵੇਗਾ, ਜਿਸ ਲਈ ਪਾਣੀ ਦੀ ਸੰਭਾਲ ਹੁਣ ਤੋਂ ਹੀ ਜ਼ਰੂਰੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਜ਼ਿਮੀਂਦਾਰਾਂ ਨੂੰ ਝੋਨੇ-ਕਣਕ ਦੇ ਰਵਾਇਤੀ ਫ਼ਸਲੀ ਚੱਕਰ ‘ਚੋਂ ਬਾਹਰ ਕੱਢ ਕੇ ਮੱਕੀ ਦੀ ਕਾਸ਼ਤ ਕਰਨ ਲਈ ਪ੍ਰਰੇਰਿਆ ਜਾ ਰਿਹਾ ਹੈ।

ਇਸ ਤਹਿਤ ਮੱਕੀ ਨੂੰ ਤੁਪਕਾ ਸਿੰਚਾਈ (ਡਿ੍ਪ ਇਰੀਗੇਸ਼ਨ) ਰਾਹੀਂ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਕੰਮ ਲਈ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਭੂਮੀ ਰੱਖਿਆ ਵਿਭਾਗ ਰਾਹੀਂ ਡਰਿੱਪ ਸਕੀਮ ਚਲਾਈ ਜਾ ਰਹੀ ਹੈ, ਜਿਸ ਤਹਿਤ 90 ਫ਼ੀਸਦੀ ਸਡਸਿਡੀ ਦਿੱਤੀ ਜਾ ਰਹੀ ਹੈ। ਜ਼ਿਮੀਂਦਾਰ ਪ੍ਰਤੀ ਏਕੜ 10,000 ਰੁਪਏ ਖਰਚ ਕੇ ਇਸ ਸਕੀਮ ਦਾ ਫਾਇਦਾ ਲੈ ਸਕਦੇ ਹਨ। ਊਧਮ ਸਿੰਘ ਕੰਗ ਮੰਡਲ ਭੂਮੀ ਰੱਖਿਆ ਅਫ਼ਸਰ ਅਨੁਸਾਰ ਅਜਿਹਾ ਹੀ ਪ੍ਰਾਜੈਕਟ ਪੰਜਾਬ ਅੰਦਰ ਸਭ ਤੋਂ ਪਹਿਲਾਂ ਜ਼ਿਲ੍ਹੇ ਦੇ ਪਿੰਡ ਉੜਾਪੜ ਵਿਖੇ ਜ਼ਿਮੀਂਦਾਰ ਸੁਖਵਿੰਦਰ ਸਿੰਘ ਧਾਵਾ ਦੇ ਖੇਤਾਂ ‘ਚ ਲਗਾਇਆ ਗਿਆ ਹੈ।

ਇਸ ਪ੍ਰਾਜੈਕਟ ਨੂੰ ਦੇਖਣ ਲਈ ਹੀ ਮੁੱਖ ਭੂਮੀਪਾਲ ਧਰਮਿੰਦਰ ਕੁਮਾਰ ਸ਼ਰਮਾ, ਅਰਵਿੰਦਰ ਸਿੰਘ ਮੁੰਡੀ ਭੂਮੀ ਰੱਖਿਆ ਅਫ਼ਸਰ, ਚੰਡੀਗੜ੍ਹ ਹੈੱਡਕੁਆਟਰ, ਪ੍ਰਦੀਪ ਕੁਮਾਰ ਭੂਮੀ ਰੱਖਿਆ ਅਫ਼ਸਰ, ਠੇਕੇਦਾਰ ਹਰਜਿੰਦਰ ਸਿੰਘ, ਫੀਲਡ ਸਟਾਫ਼ ਤੇ ਜ਼ਿਮੀਂਦਾਰਾਂ ਵੱਲੋਂ ਦੌਰਾ ਕੀਤਾ ਗਿਆ।

ਮੰਡਲ ਭੂਮੀ ਰੱਖਿਆ ਅਫ਼ਸਰ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਅੰਦਰ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਜਾਗਰੂਕ ਹੋਇਆ ਜਾਵੇ ਅਤੇ ਇਸ ਸਕੀਮ ਦਾ ਲਾਹਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅੱਜ ਅਸੀਂ ਪਾਣੀ ਦੇ ਇਸ ਸੰਕਟ ਨੂੰ ਹੱਲ ਕਰਨ ‘ਚ ਕਾਮਯਾਬ ਹੋ ਜਾਂਦੇ ਹਾਂ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੇ ਸੰਕਟ ਨਾਲ ਜੂਝਣਾ ਨਹੀਂ ਪਵੇਗਾ।