ਸਿੱਖੀ ਸਰੂਪ ਨੇ ਅੰਦਰੋਂ ਰਣਦੀਪ ਹੁੱਡਾ ਨੂੰ ਇੰਝ ਬਦਲਿਆ ਪੂਰੀ ਤਰ੍ਹਾਂ

 ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਅਜਿਹੇ ਅਦਾਕਾਰ ਹਨ, ਜਿਹੜਾ ਕਿਸੇ ਫਿਲਮ ਦੇ ਕਿਰਦਾਰ ਨੂੰ ਵੀ ਜਿਊਂਦੇ ਹਨ। ਜਿਸ ਦੀਆਂ ਕਈ ਉਦਾਹਰਨਾਂ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਿਲਮ ‘ਸਰਬਜੀਤ’ ਦੀ, ਜਿਸ ‘ਚ ਰਣਦੀਪ ਹੁੱਡਾ ਨੇ ਸਰਬਜੀਤ ਦਾ ਕਿਰਦਾਰ ਨਿਭਾਉਣ ਲਈ ਕਈ ਕਿਲੋ ਭਾਰ ਘਟਾਇਆ ਸੀ। ਇਸ ਤਰ੍ਹਾਂ ਉਨ੍ਹਾਂ ਨੇ ਮਸ਼ਹੂਰ ਚਿੱਤਰਕਾਰ ਰਾਜਾ ਰਵੀ ਵਰਮਾ ਦਾ ਕਿਰਦਾਰ ‘ਰੰਗ ਰਸੀਆ’ ‘ਚ ਕਾਫੀ ਚੰਗੇ ਢੰਗ ਨਾਲ ਨਿਭਾਇਆ ਸੀ ਪਰ ਰਣਦੀਪ ਹੁੱਡਾ ਨੇ ਆਪਣੇ-ਆਪ ਨੂੰ ਉਦੋਂ ਪੂਰੀ ਤਰ੍ਹਾਂ ਬਦਲ ਲਿਆ ਜਦੋਂ ਉਨ੍ਹਾਂ ਨੇ ਇਕ ਸਿੱਖ ਦਾ ਕਿਰਦਾਰ ਨਿਭਾਉਣਾ ਸੀ।

ਸਾਲ 2016 ‘ਚ ਰਾਜ ਕੁਮਾਰ ਸੰਤੋਸ਼ੀ ਨੇ ਇਤਿਹਾਸਕ ਲੜਾਈ ‘ਸਾਰਾਗੜ੍ਹੀ’ ‘ਤੇ ਫਿਲਮ ਬਣਾਉਣ ਦਾ ਮਨ ਬਣਾਇਆ ਸੀ। ਇਸ ਫਿਲਮ ‘ਚ ਰਣਦੀਪ ਹੁੱਡਾ ਨੇ ਹਵਲਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾਉਣਾ ਸੀ ਪਰ ਕਿਸੇ ਕਾਰਨ ਕਰਕੇ ਇਹ ਫਿਲਮ ਨਾ ਬਣ ਸਕੀ ਕਿਉਂਕਿ ਹੋਰ ਬਹੁਤ ਸਾਰੇ ਫਿਲਮਕਾਰਾਂ ਨੇ ਇਸ ਕਹਾਣੀ ‘ਤੇ ਫਿਲਮ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਰਣਦੀਪ ਹੁੱਡਾ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਫਿਲਮ ਸਭ ਤੋਂ ਪਹਿਲਾਂ ਬਣ ਜਾਵੇਗੀ।

ਉਨ੍ਹਾਂ ਨੇ ਆਪਣੇ-ਆਪ ਨੂੰ ਇਕ ਸਿੱਖ ਦੇ ਰੂਪ ‘ਚ ਪੂਰੀ ਤਰ੍ਹਾਂ ਬਦਲ ਲਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਕਈ ਫਿਲਮਾਂ ਦੇ ਆਫਰ ਵੀ ਆਏ ਪਰ ਉਨ੍ਹਾਂ ਨੂੰ ਇਹ ਫਿਲਮਾਂ ਕਲੀਨ ਸ਼ੇਵ ‘ਚ ਕਰਨੀਆਂ ਸਨ ਪਰ ਉਨ੍ਹਾਂ ਨੇ ਇਹ ਆਫਰ ਠੁਕਰਾ ਦਿੱਤੇ ਕਿਉਂਕਿ ਉਹ ਆਪਣੇ ਸਿੱਖ ਦੇ ਰੂਪ ਨੂੰ ਨਹੀਂ ਸਨ ਬਦਲਣਾ ਚਾਹੁੰਦੇ। ਰਣਦੀਪ ਹੁੱਡਾ ਨੇ ਇਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਸਿੱਖੀ ਰੂਪ ਨੇ ਉਨ੍ਹਾਂ ਨੂੰ ਅੰਦਰੋਂ ਪੂਰੀ ਤਰ੍ਹਾਂ ਬਦਲ ਦਿੱਤਾ ਹੈ ।

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਵੀ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਆਪਣੀ ਪੁਰਾਣੀ ਲੁੱਕ ‘ਚ ਵਾਪਸ ਆ ਜਾਣ ਕਿਉਂਕਿ ਇਸ ਨਾਲ ਰਣਦੀਪ ਹੁੱਡਾ ਦਾ ਕੰਮ ਕਾਫੀ ਪ੍ਰਭਾਵਿਤ ਹੁੰਦਾ ਸੀ ਪਰ ਸਿੱਖ ਦੇ ਕਿਰਦਾਰ ‘ਚ ਰਣਦੀਪ ਹੁੱਡਾ ਆਪਣੇ-ਆਪ ਨੂੰ ਇਕ ਸਿੱਖ ਹੀ ਮਹਿਸੂਸ ਕਰਨ ਲੱਗੇ ਸਨ।

 ਉਹ ਸਿੱਖ ਇਤਿਹਾਸ ਦੀਆਂ ਕਿਤਾਬਾ ਪੜ੍ਹਨ ਲੱਗੇ ਸਨ ਅਤੇ ਖਾਲਸਾ ਏਡ ਵਰਗੀ ਸੰਸਥਾ ਨਾਲ ਵੀ ਜੁੜ ਗਏ। ਰਣਦੀਪ ਹੁੱਡਾ ਨੇ ਦੋ-ਢਾਈ ਸਾਲ ਆਪਣੇ ਸਰੀਰ ਦਾ ਇਕ ਵੀ ਵਾਲ ਨਹੀਂ ਸੀ ਕਟਵਾਇਆ ਪਰ ਇਸ ਸਭ ਦੇ ਚਲਦੇ ਉਨ੍ਹਾਂ ‘ਤੇ ਫਿਲਮਕਾਰਾਂ ਵੱਲੋਂ ਦਬਾਅ ਬਣਾਇਆ ਗਿਆ ਕਿ ਉਨ੍ਹਾਂ ਨੂੰ ਕੰਮ ਤਾਂ ਹੀ ਮਿਲ ਸਕਦਾ ਹੈ ਜੇਕਰ ਉਹ ਪੁਰਾਣੀ ਲੁੱਕ ‘ਚ ਆਉਣਗੇ। ਇਸ ਤੋਂ ਬਾਅਦ ਰਣਦੀਪ ਹੁੱਡਾ ਨੇ ਗੁਰਦੁਆਰਾ ਸਾਹਿਬ ‘ਚ ਜਾ ਕੇ ਆਪਣੀ ਭੁੱਲ ਬਖਸ਼ਾਈ ਅਤੇ ਬਾਅਦ ‘ਚ ਉਹ ਆਪਣੀ ਪੁਰਾਣੀ ਲੁੱਕ ‘ਚ ਆ ਗਏ।

Leave a Reply

Your email address will not be published. Required fields are marked *