ਰਾਜ ਠਾਕਰੇ ਦੀ ਪਾਰਟੀ ਕਾਂਗਰਸ ਤੇ ਐੱਨ. ਸੀ. ਪੀ. ਦੇ ਗਠਜੋੜ ‘ਚ ਸ਼ਾਮਲ ਹੋਣ ਦੀ ਇਛੁੱਕ

ਜਲੰਧਰ (ਧਵਨ)— ਮਹਾਰਾਸ਼ਟਰ ‘ਚ ਇਸੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਦਿੱਲੀ ‘ਚ ਸਿਆਸੀ ਸਰਗਰਮੀਆਂ ਬਹੁਤ ਤੇਜ਼ੀ ਨਾਲ ਚੱਲ ਰਹੀਆਂ ਹਨ। ਰਾਜ ਠਾਕਰੇ ਦੀ ਪਾਰਟੀ ਐੱਮ. ਐੱਨ. ਐੱਸ. (ਮਹਾਰਾਸ਼ਟਰ ਨਵਨਿਰਮਾਣ ਸੈਨਾ) ਨੇ ਕਾਂਗਰਸ-ਐੱਨ. ਸੀ. ਪੀ. ਦੇ ਗਠਜੋੜ ‘ਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਹੈ। ਠਾਕਰੇ ਨੇ ਇਸ ਸਬੰਧੀ ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ‘ਚ ਉਨ੍ਹਾਂ ਕਾਂਗਰਸ-ਐੱਨ. ਸੀ. ਪੀ. ਗਠਜੋੜ ‘ਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਸੀ। ਭਾਵੇਂ ਇਹ ਕਿਹਾ ਸੀ ਕਿ ਬੈਠਕ ‘ਚ ਸੋਨੀਆ ਗਾਂਧੀ ਦੀ ਹਮਾਇਤ ਵਿਧਾਨ ਸਭਾ ਚੋਣਾਂ ਨੂੰ ਬੈਲੇਟ ਪੇਪਰਾਂ ਰਾਹੀ ਕਰਵਾਉਣ ਬਾਰੇ ਲਈ ਗਈ ਹੈ ਪਰ ਇਸ ‘ਚ ਰਾਜ ਠਾਕਰੇ ਦੇ ਗਠਜੋੜ ਨਾਲ ਸ਼ਾਮਲ ਹੋਣ ਦੇ ਮੁੱਦੇ ‘ਤੇ ਵੀ ਚਰਚਾ ਹੋਈ।

ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਜ ਠਾਕਰੇ ਦੀ ਪਾਰਟੀ ਨੇ ਸਿਆਸੀ ਖੇਤਰਾਂ ‘ਚ ਭਾਜਪਾ-ਸ਼ਿਵ ਸੈਨਾ ਗਠਜੋੜ ਵਿਰੁੱਧ ਇਕ ਵਿਆਪਕ ਗਠਜੋੜ ਬਣਾਉਣ ਦੀ ਵਕਾਲਤ ਕੀਤੀ ਸੀ। ਇਸ ‘ਚ ਕਾਂਗਰਸ-ਐੱਨ. ਸੀ. ਪੀ. ਅਤੇ ਰਾਜ ਠਾਕਰੇ ਦੀ ਪਾਰਟੀ ਨੂੰ ਸ਼ਾਮਲ ਕਰਨ ਦੀ ਗੱਲ ਕੀਤੀ ਸੀ। ਐੱਨ. ਸੀ. ਪੀ. ਨੇ ਵੀ ਇਸ ਵਿਚਾਰ ਦੀ ਹਮਾਇਤ ਕੀਤੀ ਪਰ ਕਾਂਗਰਸ ਇਸ ਦੀ ਹਮਾਇਤੀ ਨਹੀਂ ਸੀ। ਕਾਂਗਰਸ ਦੇ ਆਗੂਆਂ ਵੱਲੋਂ ਰਾਜ ਠਾਕਰੇ ਦੀ ਪਾਰਟੀ ਨੂੰ ਸ਼ਾਮਲ ਕਰਨ ਦਾ ਦੋ ਕਾਰਨਾਂ ਕਾਰਨ ਵਿਰੋਧ ਕੀਤਾ ਜਾ ਰਿਹਾ ਹੈ। ਪਹਿਲਾ ਕਾਰਨ ਰਾਜ ਠਾਕਰੇ ਦੀ ਪਾਰਟੀ ਨੂੰ ਨਾਲ ਮਿਲਾਉਣ ਕਾਰਨ ਪਾਰਟੀ ਦੀ ਜਿੱਤ ਦੀਆਂ ਸੰਭਾਵਨਾਵਾਂ ਬਹੁਤ ਘੱਟ ਹੋਣਗੀਆਂ, ਕਿਉਂਕਿ ਮੁੰਬਈ ਵਿਖੇ ਭਾਰੀ ਗਿਣਤੀ ‘ਚ ਉਤਰੀ ਭਾਰਤ ਦੇ ਲੋਕ ਵੀ ਰਹਿੰਦੇ ਹਨ। ਇਸੇ ਤਰ੍ਹਾਂ ਇਸ ਦਾ ਅਸਰ ਕਾਂਗਰਸ ਦੀ ਉੱਤਰ ਪ੍ਰਦੇਸ਼ ਅਤੇ ਬਿਹਾਰ ‘ਚ ਸਿਆਸੀ ਹਾਲਤ ‘ਤੇ ਪੈ ਸਕਦਾ ਹੈ। ਰਾਜ ਠਾਕਰੇ ਨੇ ਹੋਰਨਾਂ ਸੂਬਿਆਂ ਤੋਂ ਆਏ ਕਿਰਤੀਆਂ ਦਾ ਵਿਰੋਧ ਕੀਤਾ ਸੀ। ਰਾਜ ਠਾਕਰੇ ਦੀ ਪਾਰਟੀ ਦੇ ਕਈ ਵਰਕਰਾਂ ਨੇ ਉੱਤਰੀ ਭਾਰਤ ਦੇ ਕਿਰਤੀਆਂ ‘ਤੇ ਹਮਲੇ ਕੀਤੇ ਸਨ।
ਕਾਂਗਰਸ ਵੱਲੋਂ ਸਥਾਨਕ ਪੱਧਰ ‘ਤੇ ਰਾਜ ਠਾਕਰੇ ਦੀ ਪਾਰਟੀ ਐੱਮ. ਐੱਨ. ਐੱਸ. ਦਾ ਵਿਰੋਧ ਕਰਨ ਦੇ ਬਾਵਜੂਦ ਰਾਜ ਠਾਕਰੇ ਕਾਂਗਰਸ ਐੱਨ. ਸੀ. ਈ. ਗਠਜੋੜ ‘ਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾ ਰਹੇ ਹਨ। ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਵੀ ਸੂਬਾਈ ਇਕਾਈ ਦੇ ਸੀਨੀਅਰ ਆਗੂਆ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਕੋਈ ਆਖਰੀ ਫੈਸਲਾ ਲਵੇਗੀ।

Leave a Reply

Your email address will not be published. Required fields are marked *