ਜੇਐੱਨਐੱਨ/ਗੁਰਪ੍ਰਰੀਤ ਸਿੰਘ ਬਾਹੀਆ, ਜਲੰਧਰ/ਜਲੰਧਰ ਛਾਉਣੀ : ਆਲ ਇੰਡੀਆ ਪੁਲਿਸ ਗੇਮਜ਼ ‘ਚ ਗੋਲਡ ਮੈਡਲ ਹਾਸਲ ਕਰ ਚੁੱਕੀ ਵੇਟ ਲਿਫਟਰ ਏਐੱਸਆਈ ਦੇ ਇਟਲੀ ਤੋਂ ਪਰਤੇ ਪਤੀ ਨੇ ਮੰਗਲਵਾਰ ਸਵੇਰੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਿ੍ਤਕ ਦੀ ਪਛਾਣ ਅੰਮਿ੍ਤਸਰ ਦੇ ਬਾਬਾ ਬਕਾਲਾ ਦੇ ਪਿੰਡ ਭੋਰਛੀ ਰਾਜਪੂਤਾਂ ਵਾਸੀ ਨਵਜੋਧ ਸਿੰਘ (36) ਪੁੱਤਰ ਕਾਬਲ ਸਿੰਘ ਦੇ ਰੂਪ ਵਿਚ ਹੋਈ ਹੈ। ਨਵਜੋਧ ਸੱਤ ਮਹੀਨੇ ਪਹਿਲਾਂ ਇਟਲੀ ਤੋਂ ਪਰਤਣ ਤੋਂ ਬਾਅਦ ਆਪਣੀ ਪਤਨੀ ਏਐੱਸਆਈ ਰਾਜਵੰਤ ਕੌਰ ਨਾਲ ਪੀਏਪੀ ਕੰਪਲੈਕਸ ‘ਚ ਸਥਿਤ ਕੁਆਟਰ ਵਿਚ ਰਹਿ ਰਿਹਾ ਸੀ।

ਥਾਣਾ ਕੈਂਟ ਦੇ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਨੈਸ਼ਨਲ ਪੁਲਿਸ ਗੇਮਜ਼ ‘ਚ ਗੋਲਡ ਹਾਸਲ ਕਰ ਚੁੱਕੀ ਵੇਟ ਲਿਫਟਰ ਤੇ ਪੀਏਪੀ ‘ਚ ਸੈਂਟਰਲ ਸਪੋਰਟਸ ਦੀ ਏਐੱਸਆਈ ਰਾਜਵੰਤ ਕੌਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਮੰਗਲਵਾਰ ਸਵੇਰੇ ਤੜਕੇ ਰੂਟੀਨ ਵਾਂਗ ਉਹ ਪੀਏਪੀ ਗਰਾਉਂਡ ‘ਚ ਪ੍ਰਰੈਕਟਿਸ ਕਰਨ ਗਈ ਸੀ। ਸਵੇਰੇ ਸਾਢੇ ਛੇ ਵਜੇ ਦੇ ਲਗਪਗ ਗਰਾਉਂਡ ਤੋਂ ਵਾਪਸ ਆਪਣੇ ਕੁਆਟਰ ਪਹੁੰਚੀ ਤਾਂ ਕਮਰੇ ਵਿਚ ਉਸ ਦੇ ਪਤੀ ਨੇ ਫਾਹਾ ਲਿਆ ਹੋਇਆ ਸੀ। ਇਹ ਦੇਖ ਕੇ ਉਸ ਦੀ ਚੀਕ ਨਿਕਲ ਗਈ। ਉਸ ਨੇ ਦੂਸਰੇ ਕੁਆਰਟਰਾਂ ਵਿਚ ਰਹਿੰਦੇ ਹੋਰਨਾਂ ਪੁਲਿਸ ਮੁਲਾਜ਼ਮਾਂ ਨੂੰ ਬੁਲਾਇਆ ਅਤੇ ਫਿਰ ਨਵਜੋਧ ਨੂੰ ਪੀਏਪੀ ਸਥਿਤ ਹਸਪਤਾਲ ‘ਚ ਲੈ ਕੇ ਗਏ ਜਿੱਥੋਂ ਉਸ ਨੂੰ ਜੌਹਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜੌਹਲ ਹਸਪਤਾਲ ‘ਚ ਡਾਕਟਰ ਨੇ ਉਸ ਦੇ ਪਤੀ ਨੂੰ ਮਿ੍ਤਕ ਐਲਾਨ ਦਿੱਤਾ।

ਓਧਰ ਇਸ ਸਬੰਧੀ ਬਾਬਾ ਬਕਾਲਾ ਵਾਸੀ ਮਿ੍ਤਕ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨੰੂਹ-ਪੁੱਤ ‘ਚ ਕਾਫੀ ਮਤਭੇਦ ਚੱਲ ਰਹੇ ਸਨ। ਦੋਵਾਂ ਵਿਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਅਤੇ ਸੋਮਵਾਰ ਰਾਤ ਨੂੰ ਵੀ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਝਗੜਾ ਹੋਇਆ ਸੀ। ਉਨ੍ਹਾਂ ਕਿਹਾ ਕਿ ਅਜਿਹਾ ਸੋਚਿਆ ਨਹੀਂ ਸੀ ਕਿ ਇਹ ਮਤਭੇਦ ਉਨ੍ਹਾਂ ਦੇ ਪੁੱਤਰ ਨੂੰ ਇੰਨਾ ਪਰੇਸ਼ਾਨ ਕਰ ਦੇਣਗੇ ਕਿ ਉਸ ਨੂੰ ਆਪਣੀ ਜ਼ਿੰਦਗੀ ਹੀ ਖਤਮ ਕਰਨੀ ਪਈ।

ਥਾਣਾ ਕੈਂਟ ਦੇ ਐੱਸਐੱਚਓ ਕੁਲਬੀਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਕਾਬਲ ਸਿੰਘ ਨੇ ਆਪਣੇ ਪੁੱਤਰ ਦੀ ਮੌਤ ‘ਤੇ ਕਿਸੇ ਖ਼ਿਲਾਫ਼ ਉਸ ਨੂੰ ਉਕਸਾਉਣ ਦਾ ਦੋਸ਼ ਨਹੀਂ ਲਗਾਇਆ। ਉਨ੍ਹਾਂ ਕਿਹਾ ਕਿ ਮੌਕੇ ਤੋਂ ਕੋਈ ਖੁਦਕੁਸ਼ੀ ਨੋਟ ਵੀ ਬਰਾਮਦ ਨਹੀਂ ਹੋਇਆ। ਇਸ ‘ਤੇ ਥਾਣਾ ਕੈਂਟ ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ।

ਦੋ ਸਾਲ ਪਹਿਲਾਂ ਹੋਇਆ ਸੀ ਏਐੱਸਆਈ ਨਾਲ ਵਿਆਹ

ਕਾਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਵਜੋਧ 2009 ‘ਚ ਫਰਾਂਸ ਗਿਆ ਸੀ। ਉਥੇ ਕਈ ਸਾਲ ਰਹਿਣ ਤੋਂ ਬਾਅਦ ਕੁਝ ਸਮਾਂ ਪਹਿਲਾਂ ਇਟਲੀ ਚਲਾ ਗਿਆ ਸੀ। ਸਾਲ 2017 ‘ਚ ਹੀ ਨਵਜੋਧ ਦਾ ਪੰਜਾਬ ਪੁਲਿਸ ਦੀ ਏਐੱਸਆਈ ਰਾਜਵੰਤ ਕੌਰ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਕੁਝ ਮਹੀਨੇ ਪਿੰਡ ‘ਚ ਰਹਿਣ ਤੋਂ ਬਾਅਦ ਉਹ ਵਾਪਸ ਵਿਦੇਸ਼ ਪਰਤ ਗਿਆ ਸੀ ਜਦਕਿ ਉਸ ਦੀ ਪਤਨੀ ਰਾਜਵੰਤ ਪੀਏਪੀ ਕੰਪਲੈਕਸ ‘ਚ ਤਾਇਨਾਤ ਸੀ ਅਤੇ ਉਹ ਉਥੇ ਕੁਆਟਰ ‘ਚ ਰਹਿਣ ਲੱਗੀ। ਸਾਲ-ਡੇਢ ਸਾਲ ‘ਚ ਨਵਜੋਧ ਇੰਡੀਆ ਜ਼ਰੂਰ ਆ ਜਾਂਦਾ ਸੀ ਅਤੇ ਆਪਣੇ ਸਾਲੇ ਦੇ ਵਿਆਹ ‘ਚ ਸ਼ਾਮਲ ਹੋਣ ਲਈ ਉਹ ਨਵੰਬਰ 2018 ‘ਚ ਹੀ ਇਟਲੀ ਤੋਂ ਪਰਤਿਆ ਸੀ। ਉਨ੍ਹਾਂ ਦੱਸਿਆ ਕਿ ਇਟਲੀ ਤੋਂ ਪਰਤਣ ਤੋਂ ਬਾਅਦ ਨਵਜੋਧ ਆਪਣੀ ਏਐੱਸਆਈ ਪਤਨੀ ਅਤੇ ਸਵਾ ਸਾਲ ਦੇ ਪੁੱਤਰ ਨਾਲ ਸਥਾਨਕ ਪੀਏਪੀ ਕੰਪਲੈਕਸ ਦੇ ਕੁਆਰਟਰ ‘ਚ ਰਹਿ ਰਿਹਾ ਸੀ।

ਕਾਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਤੇ ਨੰੂਹ ‘ਚ ਕਾਫੀ ਸਮੇਂ ਤੋਂ ਝਗੜਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਇਟਲੀ ਤੋਂ ਆਉਣ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਸਿੱਧਾ ਹੀ ਪੀਏਪੀ ‘ਚ ਰਹਿੰਦੀ ਆਪਣੇ ਪਤਨੀ ਕੋਲ ਰਹਿਣ ਚਲਾ ਗਿਆ ਸੀ। ਉਨ੍ਹਾਂ ਨੂੰ ਲੱਗਾ ਸੀ ਕਿ ਹੁਣ ਸਭ ਠੀਕ ਹੋ ਗਿਆ ਹੈ ਤੇ ਦੋਵੇਂ ਖੁਸ਼ ਹਨ ਪਰ ਅਜਿਹਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਿੰਡ ਵਿਚ ਆਪਣੀ ਜ਼ਮੀਨ ਵੇਚੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਨੰੂਹ ਉਨ੍ਹਾਂ ਦੇ ਪੁੱਤਰ ‘ਤੇ ਦਬਾਅ ਪਾ ਰਹੀ ਸੀ ਕਿ ਉਹ ਆਪਣੇ ਘਰੋਂ ਵੇਚੀ ਗਈ ਜ਼ਮੀਨ ਦੇ ਹਿੱਸੇ ਦੇ ਪੈਸੇ ਲੇ ਕੇ ਆਵੇ। ਉਨ੍ਹਾਂ ਦੱਸਿਆ ਕਿ ਇਸੇ ਗੱਲ ਨੂੰ ਲੈ ਕੇ ਮੰਗਲਵਾਰ ਸਵੇਰੇ 6.01 ਵਜੇ ਉਨ੍ਹਾਂ ਨੂੰ ਪੁੱਤਰ ਦਾ ਫੋਨ ਆਇਆ ਸੀ। ਉਸ ਨੇ ਦੱਸਿਆ ਸੀ ਕਿ ਰਾਜਵੰਤ ਨੇ ਬਹੁਤ ਪਰੇਸ਼ਾਨ ਕੀਤਾ ਹੋਇਆ ਹੈ। ਕਾਬਲ ਸਿੰਘ ਨੇ ਦੱਸਿਆ ਕਿ ਫੋਨ ‘ਤੇ ਗੱਲ ਕਰਦੇ ਹੋਏ ਉਨ੍ਹਾਂ ਦਾ ਪੁੱਤਰ ਬਹੁਤ ਹੀ ਜ਼ਿਆਦਾ ਪਰੇਸ਼ਾਨ ਲੱਗ ਰਿਹਾ ਸੀ। ਉਨ੍ਹਾਂ ਸੋਚਿਆ ਸੀ ਕਿ ਉਹ ਕੁਝ ਦੇਰ ਬਾਅਦ ਪੁੱਤਰ ਨੂੰ ਹੌਸਲਾ ਦੇਣ ਜਲੰਧਰ ਜਾਵੇਗਾ। ਉਹ ਜਲੰਧਰ ਆਉਣ ਦੀ ਤਿਆਰੀ ਹੀ ਕਰ ਰਿਹਾ ਸੀ ਕਿ ਮੰਗਲਵਾਰ ਸਵੇਰੇ ਸਾਢੇ ਸੱਤ ਵਜੇ ਦੇ ਲਗਪਗ ਉਨ੍ਹਾਂ ਨੂੰ ਫੋਨ ‘ਤੇ ਸੂਚਨਾ ਮਿਲੀ ਕਿ ਉਨ੍ਹਾਂ ਦਾ ਪੁੱਤਰ ਹੁਣ ਇਸ ਦੁਨੀਆ ‘ਚ ਨਹੀਂ ਰਿਹਾ।

ਇਕਲੌਤਾ ਪੁੱਤਰ ਹੀ ਚਲਾ ਗਿਆ, ਕੇਸ ਕਿਸ ‘ਤੇ ਕਰਾਂ

ਸਿਵਲ ਹਸਪਤਾਲ ‘ਚ ਆਪਣੇ ਜਵਾਨ ਪੁੱਤਰ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਪਿੰਡ ਲਿਜਾਂਦੇ ਸਮੇਂ ਭੁੱਬਾਂ ਮਾਰ ਕੇ ਰੋਂਦੇ ਹੋਏ ਕਾਬਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਕਿਉਂ ਜਾਨ ਦਿੱਤੀ ਪਰ ਉਹ ਕੀ ਕਰ ਸਕਦੇ ਹਨ। ਇਕਲੌਤਾ ਪੁੱਤਰ ਹੀ ਚਲਾ ਗਿਆ, ਹੁਣ ਕੇਸ ਕਿਸ ਗੱਲ ਦਾ ਤੇ ਕਿਸ ‘ਤੇ ਕਰਾਂ।