ਜੇਐੱਨਐੱਨ, ਚੰਡੀਗੜ੍ਹ : ਬੀਬੀਐੱਮਬੀ ਨੇ ਇੱਥੇ ਨੰਗਲ ਬੰਨ੍ਹ ‘ਤੇ ਨੰਗਲ ਹਾਈਡਲ ਨਹਿਰ (ਐੱਨਐੱਚਸੀ) ਦੇ ਸ਼ਾਨਦਾਰ 65 ਵਰ੍ਹੇ ਮੁਕੰਮਲ ਹੋਣ ‘ਤੇ ਸਮਾਗਮ ਕਰਵਾਇਆ। ਇਸ ਮੌਕੇ ਡੀਕੇ ਸ਼ਰਮਾ, ਮੁਖੀ, ਬੀਬੀਐੱਮਬੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਾਲ 1954 ਦੌਰਾਨ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਨੰਗਲ ਹਾਈਡਲ ਨਹਿਰ ਮੁਲਕ ਨੂੰ ਸਮਰਪਤ ਕੀਤੀ ਸੀ। ਇਸ ਮੌਕੇ ਸ਼ਰਮਾ ਨੇ ਕਿਹਾ ਕਿ ਹਰੀ ਕ੍ਰਾਂਤੀ ਲਿਆਉਣ ਵਿਚ ਇਸ ਨਹਿਰ ਦੀ ਖ਼ਾਸ ਭੂਮਿਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਟੀਮ ਦੇ ਸਾਰੇ ਮੈਂਬਰਾਂ ਭਾਵੇਂ ਉਹ ਸੇਵਾ ਮੁਕਤ ਹਨ ਜਾਂ ਸੇਵਾ ਕਰ ਰਹੇ ਹਨ, ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਨ।

ਨੰਗਲ ਬੰਨ੍ਹ ਦੇ ਉੱਪਰੋਂ ਸਤਲੁਜ ਦਰਿਆ ਦੇ ਖੱਬੇ ਕਿਨਾਰੇ ਨੰਗਲ ਹਾਈਡਲ ਨਹਿਰ ਜਿਸ ਦੀ ਲੰਬਾਈ 61.06 ਕਿੱਲੋਮੀਟਰ ਹੈ, ਨਿਕਲਦੀ ਹੈ। ਇਸ ਦੀ ਕੁਦਰਤੀ ਉਚਾਈ ਦੀ ਵਰਤੋਂ ਗੰਗੂਵਾਲ ਤੇ ਕੋਟਲਾ ਵਿਚ 153.73 ਮੈਗਾਵਾਟ ਬਿਜਲੀ ਉਤਪਾਦਨ ਲਈ ਕੀਤੀ ਜਾ ਰਹੀ ਹੈ। ਇਹ ਨਹਿਰ ਡਾਊਨਸਟ੍ਰੀਮ ਰੋਪੜ ਤੋਂ ਭਾਖੜਾ ਮੇਨ ਲਾਈਨ (ਬੀਐੱਮਐੱਲ) ਦੇ ਨਾਂ ਨਾਲ ਜਾਣੀ ਜਾਂਦੀ ਹੈ।

ਸ਼ਰਮਾ ਨੇ ਨੰਗਲ ਹਾਈਡਲ ਨਹਿਰ ‘ਤੇ ਇਸ ਦੀ ਸਥਾਪਨਾ ਵੇਲੇ ਇਸ ਦੀਆਂ ਖ਼ੂਬੀਆਂ ਤੇ ਹੋਰ ਵਿਸਥਾਰਤ ਜਾਣਕਾਰੀਆਂ ਸਬੰਧੀ ਤਕਨੀਕੀ ਵੇਰਵਾ ਅਧਾਰਤ ਸੋਵੀਨਰ ਰਿਲੀਜ਼ ਕੀਤਾ। ਇਹ ਸੋਵੀਨਰ ਆਉਣ ਵਾਲੇ ਸਮੇਂ ਵਿਚ ਪੁਖ਼ਤਾ ਸੰਦਰਭ ਦੇ ਵਸੀਲੇ ਵਜੋਂ ਕੰਮ ਕਰੇਗਾ। ਨੰਗਲ ਹਾਈਡਲ ਨਹਿਰ ਵੱਲੋਂ ਦਿੱਤੇ ਗਏ ਯੋਗਦਾਨ ਤੇ ਵਿਰਾਸਤ ਦੀ ਤਾਰੀਫ਼ ਕਰਦਿਆਂ ਸ਼ਰਮਾ ਨੇ ਨੰਗਲ ਹਾਈਡਲ ਨਹਿਰ ਸਬੰਧੀ ਪੋਸਟ ਕਾਰਡ ਜਨਤਕ ਕੀਤਾ।

ਦੱਸਣਯੋਗ ਹੈ ਕਿ ਇਸ ਮੌਕੇ ‘ਤੇ ਹਰਮਿੰਦਰ ਸਿੰਘ ਮੈਂਬਰ ਬਿਜਲੀ, ਡਾ. ਗ਼ੁਲਾਬ ਸਿੰਘ ਨਰਵਾਲ ਮੈਂਬਰ ਸਿੰਚਾਈ, ਏਕੇ ਅੱਗਰਵਾਲ ਮੁੱਖ ਇੰਜੀਨੀਅਰ ਭਾਖੜਾ ਬੰਨ੍ਹ, ਨਿਤਿਸ਼ ਜੈਨ ਮੁੱਖ ਇੰਜੀਨੀਅਰ ਬੀਐੱਸਐੱਲ, ਆਰਐੱਸ ਰਾਠੌਰ ਮੁੱਖ ਇੰਜੀਨੀਅਰ ਬਿਆਸ ਬੰਨ੍ਹ, ਰਾਜੇਸ਼ ਕੁਮਾਰ ਮੁੱਖ ਇੰਜੀਨੀਅਰ, ਐੱਸਐੱਸ ਭਮਰਾ ਮੁੱਖ ਇੰਜੀਨੀਅਰ ਪ੍ਰਣਾਲੀ ਸੰਚਾਲਨ, ਬਲਬੀਰ ਸਿੰਘ ਮੁੱਖ ਇੰਜੀਨੀਅਰ ਉਤਪਾਦਨ, ਰਜਿੰਦਰ ਕੁਮਾਰ ਵਿੱਤੀ ਸਲਾਹਕਾਰ ਤੇ ਮੁੱਖ ਲੇਖਾ ਅਧਿਕਾਰੀ, ਤਰੁਣ ਅੱਗਰਵਾਲ ਸਕੱਤਰ, ਅਨਿਲ ਗੌਤਮ ਵਿਸ਼ੇਸ਼ ਸਕੱਤਰ ਅਤੇ ਬੀਬੀਐੱਮਬੀ ਦੇ ਹੋਰ ਸੀਨੀਅਰ ਅਫਸਰ ਹਾਜ਼ਰ ਸਨ।