ਟਾਈਟਨ ਨੂੰ ਸੋਨੇ ਦੀ ਮਹਿੰਗਾਈ ਦਾ ਝਟਕਾ, ਸ਼ੇਅਰ ”ਚ 11 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ

ਨਵੀਂ ਦਿੱਲੀ (ਇੰਟ.)-ਜੂਨ, 2019 ‘ਚ ਖ਼ਤਮ ਤਿਮਾਹੀ ਦੌਰਾਨ ਟਾਈਟਨ ਦੇ ਜਿਊਲਰੀ ਬਿਜ਼ਨੈੱਸ ਦੇ ਉਮੀਦ ਤੋਂ ਘੱਟ ਗ੍ਰੋਥ ਕਾਰਨ ਉਸਦੇ ਸ਼ੇਅਰ ਨੂੰ ਤਕੜਾ ਝਟਕਾ ਲੱਗਾ ਹੈ। ਮੰਗਲਵਾਰ ਨੂੰ ਕੰਪਨੀ ਦਾ ਸ਼ੇਅਰ 12.26 ਫ਼ੀਸਦੀ ਤੱਕ ਡਿੱਗ ਕੇ 1099.10 ਰੁਪਏ ਦੇ ਪੱਧਰ ‘ਤੇ ਆ ਗਿਆ। 1 ਵਜੇ ਦੇ ਆਸ-ਪਾਸ ਸ਼ੇਅਰ 12 ਫ਼ੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ। ਇਸ ਨਾਲ ਕੰਪਨੀ ਦੀ ਮਾਰਕੀਟ ਵੈਲਿਊਏਸ਼ਨ ਲਗਭਗ 14,000 ਕਰੋੜ ਘਟ ਕੇ 97,000 ਕਰੋੜ ਰੁਪਏ ਦੇ ਆਸ-ਪਾਸ ਆ ਗਈ। ਹਾਲਾਂਕਿ ਬਾਅਦ ‘ਚ ਇਸ ਦੇ ਸ਼ੇਅਰਾਂ ‘ਚ ਕੁਝ ਰਿਕਵਰੀ ਆਈ। ਮੰਨਿਆ ਜਾ ਰਿਹਾ ਹੈ ਕਿ ਮੁਸ਼ਕਿਲ ਆਰਥਿਕ ਸਿਨੇਰਿਓ ‘ਚ ਖਪਤ ਨੂੰ ਹੋਰ ਵੀ ਤਕੜਾ ਝਟਕਾ ਲੱਗ ਸਕਦਾ ਹੈ।

ਕੰਪਨੀ ਨੇ ਆਪਣੇ ਤਿਮਾਹੀ ਨਤੀਜੇ ਜਾਰੀ ਕਰਨ ਵੇਲੇ ਕਿਹਾ ਕਿ ਖਪਤ ‘ਤੇ ਮਾਰ ਨਾਲ ਕੰਪਨੀ ਨੂੰ ਮੁਸ਼ਕਿਲ ਆਰਥਿਕ ਸਿਨੇਰਿਓ ਦਾ ਸਾਹਮਣਾ ਕਰਨਾ ਪਿਆ ਹੈ। ਜੂਨ ‘ਚ ਸੋਨੇ ਦੀਆਂ ਕੀਮਤਾਂ ਬੇਹੱਦ ਉੱਚੇ ਪੱਧਰ ‘ਤੇ ਪਹੁੰਚ ਗਈਆਂ, ਜਿਸ ਨਾਲ ਜਿਊਲਰੀ ਇੰਡਸਟਰੀ ਦੀ ਗ੍ਰੋਥ ਨੂੰ ਤਗੜਾ ਝਟਕਾ ਲੱਗਾ। ਕੰਪਨੀ ਦੀ ਜਿਊਲਰੀ ਸੈਗਮੈਂਟ ‘ਚ ਗ੍ਰੋਥ ਉਮੀਦ ਤੋਂ ਘੱਟ ਹੀ ਰਹੀ ਹੈ, ਹਾਲਾਂਕਿ ਉਸ ਦੇ ਮਾਰਕੀਟ ਸ਼ੇਅਰ ‘ਚ ਵਾਧਾ ਬਰਕਰਾਰ ਰਿਹਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਟਾਟਾ ਗਰੁੱਪ ਦੀ ਕੰਪਨੀ ਦੇ ਸ਼ੇਅਰ ‘ਚ ਇਹ ਕਮਜ਼ੋਰੀ 11 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਸ ਤੋਂ ਪਹਿਲਾਂ ਸ਼ੇਅਰ ਨੇ 1 ਜੁਲਾਈ, 2019 ਨੂੰ 1341 ਰੁਪਏ ਦਾ ਪੱਧਰ ਛੂਹਿਆ ਸੀ ਜੋ ਉਸਦਾ ਆਲਟਾਈਮ ਹਾਈ ਸੀ। ਇਸ ਪੱਧਰ ਤੋਂ ਟਾਈਟਨ ਦਾ ਸ਼ੇਅਰ 19 ਫ਼ੀਸਦੀ ਤੱਕ ਟੁੱਟ ਚੁੱਕਾ ਹੈ। ਟਾਈਟਨ ਦਾ ਸ਼ੇਅਰ ਇਕ ਦਿਨ ਦੇ ਪਹਿਲੇ ਦੇ ਕਲੋਜ਼ਿੰਗ ਪ੍ਰਾਈਸ 1252.65 ਰੁਪਏ ਦੇ ਮੁਕਾਬਲੇ 1175.55 ਰੁਪਏ ‘ਤੇ ਖੁੱਲ੍ਹਾ ਸੀ।

ਅਕਸ਼ੈ ਤ੍ਰਿਤੀਆ ਨੇ ਦਿੱਤਾ ਸਹਾਰਾ
ਕੰਪਨੀ ਨੇ ਕਿਹਾ ਕਿ ਜੂਨ ‘ਚ ਸੋਨੇ ਦੀਆਂ ਉੱਚੀਆਂ ਕੀਮਤਾਂ ਨਾਲ ਉਸ ਦੇ ਜਿਊਲਰੀ ਬਿਜ਼ਨੈੱਸ ‘ਤੇ ਅਸਰ ਪਿਆ ਹੈ। ਕੰਪਨੀ ਦੇ ਬਿਆਨ ਮੁਤਾਬਕ ਜੂਨ ‘ਚ ਸੋਨੇ ਦੀਆਂ ਉੱਚੀਆਂ ਕੀਮਤਾਂ ਕਾਰਨ ਖਪਤਕਾਰ ਮੰਗ ਨੂੰ ਤਕੜਾ ਝਟਕਾ ਲੱਗਾ। ਹਾਲਾਂਕਿ ਅਕਸ਼ੈ ਤ੍ਰਿਤੀਆ ਵਰਗੇ ਮੌਕੇ ‘ਤੇ ਵਿਕਰੀ ਸ਼ਾਨਦਾਰ ਰਹੀ ਸੀ। ਟਾਈਟਨ ਤਨਿਸ਼ਕ ਸਟੋਰ ਰਾਹੀਂ ਜਿਊਲਰੀ ਕਾਰੋਬਾਰ ਕਰਦੀ ਹੈ।

ਵਾਚੇਜ਼ ਸੈਗਮੈਂਟ ਦੀ ਗ੍ਰੋਥ ਬਰਕਰਾਰ
ਕੰਪਨੀ ਦੇ ਪ੍ਰੈੱਸ ਰਿਲੀਜ਼ ਮੁਤਾਬਕ ਉਸ ਦੇ ਵਾਚੇਜ਼ ਸੈਗਮੈਂਟ ‘ਚ ਚੰਗੀ ਸੇਲਸ ਬਰਕਰਾਰ ਰਹੀ। ਇਸ ਨਾਲ ਉਸ ਦੇ ਮਾਲੀਏ ‘ਚ 19 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ। ਉਥੇ ਹੀ ਗਲੋਬਲ ਬ੍ਰੋਕਰੇਜ ਫਰਮ ਕ੍ਰੈਡਿਟ ਸੁਇਸ ਅਤੇ ਐੱਚ. ਐੱਸ. ਬੀ. ਸੀ. ਵੱਲੋਂ ਟਾਈਟਨ ਨੂੰ ਡਾਊਨਗ੍ਰੇਡ ਕੀਤਾ ਜਾਣਾ ਵੀ ਸ਼ੇਅਰ ਲਈ ਨੈਗੇਟਿਵ ਰਿਹਾ। ਕ੍ਰੈਡਿਟ ਸੁਇਸ ਨੇ ਟਾਈਟਨ ਨੂੰ ‘ਆਊਟਪ੍ਰਫਾਰਮ’ ਤੋਂ ਡਾਊਨਗ੍ਰੇਡ ਕਰਕੇ ‘ਨਿਊਟਰਲ’ ਕਰਦਿਆਂ ਟਾਰਗੈੱਟ ਪ੍ਰਾਈਸ 1250 ਰੁਪਏ ਕਰ ਦਿੱਤਾ।

Leave a Reply

Your email address will not be published. Required fields are marked *