ਕਿਸਾਨਾਂ ਨੂੰ ਮਿਲੇਗੀ ਰਾਹਤ, ਇੰਡੋਨੇਸ਼ੀਆ ਖੰਡ ‘ਤੇ ਘਟਾ ਸਕਦੈ ਡਿਊਟੀ

ਨਵੀਂ ਦਿੱਲੀ— ਭਾਰਤੀ ਖੰਡ ਮਿੱਲਾਂ ਤੇ ਗੰਨਾ ਕਿਸਾਨਾਂ ਨੂੰ ਜਲਦ ਰਾਹਤ ਮਿਲ ਸਕਦੀ ਹੈ। ਇੰਡੋਨੇਸ਼ੀਆ ਭਾਰਤੀ ਖੰਡ ‘ਤੇ ਦਰਾਮਦ ਡਿਊਟੀ ਘਟਾ ਸਕਦਾ ਹੈ, ਜਿਸ ਨਾਲ ਮਿੱਲਾਂ ਨੂੰ ਇਸ ਬਾਜ਼ਾਰ ‘ਚ ਸਪਲਾਈ ਵਧਾਉਣ ‘ਚ ਮਿਲੇਗੀ।

ਇੰਡੋਨੇਸ਼ੀਆ ਨੇ ਭਾਰਤ ਨੂੰ ਵੀ ਉਸ ਦੇ ਪਾਮ ਤੇਲ ‘ਤੇ ਦਰਾਮਦ ਡਿਊਟੀ ਘਟਾਉਣ ਦੀ ਮੰਗ ਕੀਤੀ ਹੈ। ਭਾਰਤ ‘ਚ ਖੰਡ ਸਰਪਲੱਸ ਹੋਣ ਕਾਰਨ ਮਿੱਲਾਂ ਦੀ ਮੁਸ਼ਕਲ ਵਧੀ ਹੈ। ਮਿੱਲਾਂ ਦਾ ਭਾਰ ਹੌਲਾ ਕਰਨ ਲਈ ਸਰਕਾਰ ਵਿਦੇਸ਼ੀ ਬਾਜ਼ਾਰਾਂ ‘ਚ ਖਰੀਦਦਾਰਾਂ ਨੂੰ ਤਲਾਸ਼ ਰਹੀ ਹੈ। ਉੱਥੇ ਹੀ, ਭਾਰਤ ਪਾਮ ਤੇਲ ਦਾ ਵੱਡਾ ਖਰੀਦਦਾਰ ਹੈ। ਇੰਡੋਨੇਸ਼ੀਆ ਨਾਲ ਗੱਲ ਬਣਨ ਨਾਲ ਦੋਹਾਂ ਦੀ ਵੱਡੀ ਮੁਸ਼ਕਲ ਦੂਰ ਹੋ ਸਕਦੀ ਹੈ।

ਹਾਲਾਂਕਿ ਇਸ ਸਾਲ ਕਈ ਰਾਜਾਂ ‘ਚ ਸੋਕੇ ਕਾਰਨ ਖੰਡ ਉਤਪਾਦਨ ਘਟਣ ਦਾ ਅੰਦਾਜ਼ਾ ਹੈ। ਸਾਲ 2019-20 ‘ਚ ਖੰਡ ਉਤਪਾਦਨ 282 ਲੱਖ ਟਨ ਰਹਿ ਸਕਦਾ ਹੈ, ਜੋ ਤਿੰਨ ਸਾਲਾਂ ‘ਚ ਸਭ ਤੋਂ ਘੱਟ ਹੋਵੇਗਾ ਪਰ ਫਿਰ ਵੀ ਖੰਡ ਮਿੱਲਾਂ ਲਈ ਇਹ ਮੁਸ਼ਕਲ ਇਸ ਲਈ ਹੈ ਕਿਉਂਕਿ ਪਿਛਲੇ ਸਾਲਾਂ ਦੀ ਬਚੀ ਹੋਈ ਖੰਡ ਵੱਡੀ ਮਾਤਰਾ ‘ਚ ਪਈ ਹੈ। ਬਾਹਰਲੇ ਬਾਜ਼ਾਰਾਂ ‘ਚ ਖੰਡ ਦਾ ਸਰਪਲੱਸ ਹਿੱਸਾ ਸਪਲਾਈ ਹੋਣ ਨਾਲ ਮਿੱਲਾਂ ਨੂੰ ਰਾਹਤ ਮਿਲੇਗੀ, ਜਿਸ ਨਾਲ ਕਿਸਾਨਾਂ ਨੂੰ ਬਕਾਏ ਦੇਣ ‘ਚ ਸੌਖਾਈ ਹੋਵੇਗੀ। ਉੱਥੇ ਹੀ, ਪਾਮ ਤੇਲ ਦੀ ਗੱਲ ਕਰੀਏ ਤਾਂ ਭਾਰਤ ਪ੍ਰਮੁੱਖ ਤੌਰ ‘ਤੇ ਇਸ ਨੂੰ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਦਰਾਮਦ ਕਰਦਾ ਹੈ।ਫਿਲਹਾਲ ਕੱਚੇ ਪਾਮ ਤੇਲ ‘ਤੇ ਦਰਾਮਦ ਡਿਊਟੀ 40 ਫੀਸਦੀ ਹੈ, ਜਦੋਂ ਕਿ ਰਿਫਾਇੰਡ ‘ਤੇ ਡਿਊਟੀ 50 ਫੀਸਦੀ ਹੈ।

Leave a Reply

Your email address will not be published. Required fields are marked *