ਇੰਡਸਟਰੀ ਨੂੰ ਵੱਡਾ ਝਟਕਾ, ਕਾਰਾਂ ਦੀ ਵਿਕਰੀ 25 ਫੀਸਦੀ ਘਟੀ

ਨਵੀਂ ਦਿੱਲੀ—  ਮੋਟਰਸਾਈਕਲ, ਕਾਰਾਂ ਤੇ ਬੱਸਾਂ-ਟਰੱਕਾਂ ਦੀ ਵਿਕਰੀ ਘੱਟ ਰਹਿਣ ਨਾਲ ਵਾਹਨ ਇੰਡਸਟਰੀ ਨੂੰ ਵੱਡਾ ਝਟਕਾ ਲੱਗਣਾ ਲਗਾਤਾਰ ਜਾਰੀ ਹੈ। ਭਾਰਤੀ ਵਾਹਨ ਨਿਰਮਾਤਾਵਾਂ ਦੀ ਸੁਸਾਇਟੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਸਭ ਤੋਂ ਵੱਧ ਝਟਕਾ ਕਾਰ ਕੰਪਨੀਆਂ ਨੂੰ ਲੱਗਾ ਹੈ। ਸਥਾਨਕ ਬਾਜ਼ਾਰਾਂ ‘ਚ ਬੀਤੇ ਮਹੀਨੇ ਕਾਰਾਂ ਦੀ ਵਿਕਰੀ 24.97 ਫੀਸਦੀ ਘੱਟ ਹੋਈ ਹੈ। ਜੂਨ ਮਹੀਨੇ ਸਥਾਨਕ ਬਾਜ਼ਾਰ ‘ਚ 1,39,628 ਕਾਰਾਂ ਦੀ ਵਿਕਰੀ ਹੋਈ ਹੈ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ 1,83,885 ਕਾਰਾਂ ਦੀ ਵਿਕਰੀ ਹੋਈ ਸੀ।

ਉੱਥੇ ਹੀ, ਪਿਛਲੇ ਮਹੀਨੇ ਟੂ-ਵ੍ਹੀਲਰ ਕੁੱਲ ਮਿਲਾ ਕੇ 16,49,477 ਵਿਕੇ ਹਨ, ਜੋ ਪਿਛਲੇ ਸਾਲ ਜੂਨ ‘ਚ ਵਿਕੇ 18,67,884 ਨਾਲੋਂ 11.96 ਫੀਸਦੀ ਘੱਟ ਹਨ। ਇਕੱਲੇ ਮੋਟਰਸਾਈਕਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਜੂਨ ‘ਚ ਇਨ੍ਹਾਂ ਦੀ ਵਿਕਰੀ ‘ਚ 9.57 ਫੀਸਦੀ ਦੀ ਗਿਰਾਵਟ ਆਈ ਹੈ। ਪਿਛਲੇ ਸਾਲ ਇਸ ਦੌਰਾਨ 11,99,332 ਮੋਟਰਸਾਈਕਲ ਵਿਕੇ ਸਨ, ਜਦੋਂ ਕਿ ਇਸ ਸਾਲ ਜੂਨ ‘ਚ ਇਹ ਗਿਣਤੀ 10,84,598 ਰਹੀ।
ਟਰੱਕਾਂ ਵਰਗੇ ਵਪਾਰਕ ਵਾਹਨਾਂ ਦੀ ਵਿਕਰੀ 12.27 ਫੀਸਦੀ ਤੋਂ ਘੱਟ ਕੇ 70,771 ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਸਮੇਂ ਦੌਰਾਨ 80,670 ਰਹੀ ਸੀ। ਪਿਛਲੇ ਮਹੀਨੇ ਸਾਰੇ ਕੈਟਾਗਿਰੀ ਦੇ ਵਾਹਨਾਂ ‘ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਸਾਲ ਸ਼ੁਰੂ ਹੋਏ ਨਵੇਂ ਵਿੱਤੀ ਸਾਲ ਤੋਂ ਜੂਨ ਤਕ ਕੁੱਲ ਮਿਲਾ ਕੇ ਵਿਕੇ ਸਭ ਵਾਹਨਾਂ ਦੀ ਗਿਣਤੀ 12.35 ਫੀਸਦੀ ਘੱਟ ਕੇ 60,85,406 ਇਕਾਈ ਰਹਿ ਗਈ, ਜੋ ਪਿਛਲੇ ਸਾਲ ਇਸ ਦੌਰਾਨ 69,42,742 ਇਕਾਈ ਰਹੀ ਸੀ।

Leave a Reply

Your email address will not be published. Required fields are marked *